ਅੱਸੀ ਦੇਸ਼ਾਂ ਨੇ ਕਿਸੇ ਵੀ ਸ਼ਾਂਤੀ ਸਮਝੌਤੇ ਦਾ ਅਧਾਰ ਯੂਕਰੇਨ ਦੀ ‘ਖੇਤਰੀ ਅਖੰਡਤਾ’ ਹੋਣ ਦਾ ਸੱਦਾ ਦਿਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤ ਨੇ ਯੂਕਰੇਨ ’ਚ ਸ਼ਾਂਤੀ ’ਤੇ ਸਿਖਰ ਸੰਮੇਲਨ ਤੋਂ ਨਿਕਲਣ ਵਾਲੇ ਕਿਸੇ ਵੀ ਬਿਆਨ/ਦਸਤਾਵੇਜ਼ ਨਾਲ ਖ਼ੁਦ ਨੂੰ ਨਹੀਂ ਜੋੜਿਆ

Swiss conference

ਓਬਰਗਨ (ਸਵਿਟਜ਼ਰਲੈਂਡ): ਰੂਸ ਨਾਲ ਜੰਗ ਖਤਮ ਕਰਨ ਲਈ ਕਿਸੇ ਵੀ ਸ਼ਾਂਤੀ ਸਮਝੌਤੇ ਦੇ ਆਧਾਰ ’ਤੇ ਯੂਕਰੇਨ ਦੀ ‘ਖੇਤਰੀ ਅਖੰਡਤਾ’ ਨੂੰ ਆਧਾਰ ਬਣਾਉਣ ਲਈ 80 ਦੇਸ਼ਾਂ ਨੇ ਐਤਵਾਰ ਨੂੰ ਸਾਂਝੇ ਤੌਰ ’ਤੇ ਅਪੀਲ ਕੀਤੀ। ਹਾਲਾਂਕਿ, ਸਵਿਟਜ਼ਰਲੈਂਡ ’ਚ ਹੋਈ ਕੌਮਾਂਤਰੀ ਸ਼ਾਂਤੀ ਸਿਖਰ ਸੰਮੇਲਨ ’ਚ ਕੁੱਝ ਪ੍ਰਮੁੱਖ ਵਿਕਾਸਸ਼ੀਲ ਦੇਸ਼ ਸ਼ਾਮਲ ਨਹੀਂ ਸਨ। ਇਹ ਕਾਨਫਰੰਸ ਸਵਿਟਜ਼ਰਲੈਂਡ ਦੇ ਬਰਗਨਸਟਾਕ ਰਿਜੋਰਟ ’ਚ ਕੀਤੀ ਗਈ ਸੀ। ਰੂਸ ਨੂੰ ਕਾਨਫਰੰਸ ’ਚ ਸੱਦਾ ਨਹੀਂ ਦਿਤਾ ਗਿਆ ਸੀ। 

ਕਾਨਫਰੰਸ ’ਚ ਮੌਜੂਦ ਬਹੁਤ ਸਾਰੇ ਲੋਕਾਂ ਨੇ ਉਮੀਦ ਜਤਾਈ ਕਿ ਰੂਸ ਸ਼ਾਂਤੀ ਲਈ ਢਾਂਚੇ ’ਤੇ ਵਿਚਾਰ-ਵਟਾਂਦਰੇ ’ਚ ਸ਼ਾਮਲ ਹੋ ਸਕਦਾ ਹੈ। ਇਸ ਕਾਨਫਰੰਸ ’ਚ ਲਗਭਗ 100 ਡੈਲੀਗੇਟਾਂ ਨੇ ਹਿੱਸਾ ਲਿਆ, ਜਿਨ੍ਹਾਂ ’ਚੋਂ ਜ਼ਿਆਦਾਤਰ ਪਛਮੀ ਦੇਸ਼ਾਂ ਦੇ ਸਨ। ਕੁੱਝ ਪ੍ਰਮੁੱਖ ਵਿਕਾਸਸ਼ੀਲ ਦੇਸ਼ਾਂ ਨੇ ਵੀ ਕਾਨਫਰੰਸ ’ਚ ਹਿੱਸਾ ਲਿਆ। ਭਾਰਤ, ਸਾਊਦੀ ਅਰਬ, ਦਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਉਨ੍ਹਾਂ ਦੇਸ਼ਾਂ ਵਿਚ ਸ਼ਾਮਲ ਸਨ ਜਿਨ੍ਹਾਂ ਦੀ ਨੁਮਾਇੰਦਗੀ ਵਿਦੇਸ਼ ਮੰਤਰੀਆਂ ਜਾਂ ਸਫ਼ੀਰਾਂ ਨੇ ਕੀਤੀ ਅਤੇ ਅੰਤਿਮ ਦਸਤਾਵੇਜ਼ ’ਤੇ ਦਸਤਖਤ ਨਹੀਂ ਕੀਤੇ। ਇਹ ਦਸਤਾਵੇਜ਼ ਪ੍ਰਮਾਣੂ ਸੁਰੱਖਿਆ, ਖੁਰਾਕ ਸੁਰੱਖਿਆ ਅਤੇ ਕੈਦੀਆਂ ਦੇ ਅਦਾਨ-ਪ੍ਰਦਾਨ ਦੇ ਮੁੱਦਿਆਂ ’ਤੇ ਕੇਂਦ੍ਰਤ ਸੀ। 

ਬ੍ਰਾਜ਼ੀਲ ਇਕ ‘ਨਿਗਰਾਨ’ ਦੇਸ਼ ਹੈ ਅਤੇ ਉਸ ਨੇ ਸਮਝੌਤੇ ’ਤੇ ਦਸਤਖਤ ਨਹੀਂ ਕੀਤੇ ਹਨ, ਪਰ ਰੂਸ ਅਤੇ ਯੂਕਰੇਨ ਵਿਚਕਾਰ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਤੁਰਕੀਏ ਨੇ ਦਸਤਖਤ ਕੀਤੇ ਹਨ। ਅੰਤਮ ਦਸਤਾਵੇਜ਼ ’ਚ ਕਿਹਾ ਗਿਆ ਹੈ ਕਿ ਸੰਯੁਕਤ ਰਾਸ਼ਟਰ ਚਾਰਟਰ ਅਤੇ ‘ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਤਿਕਾਰ ਯੂਕਰੇਨ ’ਚ ਨਿਆਂਪੂਰਨ ਅਤੇ ਸਥਾਈ ਸ਼ਾਂਤੀ ਦਾ ਮਾਹੌਲ ਬਣਾਉਣ ਲਈ ਹੈ ... ਜ਼ਰੂਰੀ ਹੈ।’

ਪ੍ਰੋਗਰਾਮ ਦੀ ਮੇਜ਼ਬਾਨੀ ਕਰਨ ਵਾਲੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਵਿਓਲਾ ਐਮਹਰਡ ਨੇ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਜ਼ਿਆਦਾਤਰ ਭਾਗੀਦਾਰ ਅੰਤਿਮ ਦਸਤਾਵੇਜ਼ ’ਤੇ ਸਹਿਮਤ ਹੋਏ ਜੋ ਦਰਸਾਉਂਦਾ ਹੈ ਕਿ ਕੂਟਨੀਤੀ ਰਾਹੀਂ ਕੀ ਹਾਸਲ ਕੀਤਾ ਜਾ ਸਕਦਾ ਹੈ। ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਬੈਠਕ ’ਚ ਸ਼ਾਂਤੀ ਵਲ ਪਹਿਲੇ ਕਦਮ ਦੀ ਸ਼ਲਾਘਾ ਕੀਤੀ। ਬੈਠਕ ਵਿਚ ਅਜਿਹੇ ਸਮੇਂ ਵਿਚ ਜੰਗ ਵਲ ਧਿਆਨ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਗਾਜ਼ਾ ਵਿਚ ਸੰਘਰਸ਼, ਕੌਮੀ ਚੋਣਾਂ ਅਤੇ ਹੋਰ ਚਿੰਤਾਵਾਂ ਨੇ ਵਿਸ਼ਵ ਦਾ ਧਿਆਨ ਖਿੱਚਿਆ ਹੈ। 

ਅੰਤਿਮ ਬਿਆਨ ’ਚ ਪ੍ਰਮਾਣੂ ਸੁਰੱਖਿਆ, ਖੁਰਾਕ ਸੁਰੱਖਿਆ ਅਤੇ ਕੈਦੀਆਂ ਦੇ ਅਦਾਨ-ਪ੍ਰਦਾਨ ਦੇ ਤਿੰਨ ਵਿਸ਼ਿਆਂ ਨਾਲ ਨਜਿੱਠਿਆ ਗਿਆ। ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਕਿਹਾ ਕਿ ਰੂਸ ਨਾਲ ਗੱਲਬਾਤ ਲਈ ਇਹ ਘੱਟੋ-ਘੱਟ ਸ਼ਰਤਾਂ ਹਨ। ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਨੇ ਸਨਿਚਰਵਾਰ ਨੂੰ ਰਿਜ਼ੋਰਟ ’ਚ ਪੱਤਰਕਾਰਾਂ ਨੂੰ ਕਿਹਾ ਕਿ ਕੰਮ ਕਰਨਾ ਹੋਵੇਗਾ ਅਤੇ ਹੋਰ ਦੇਸ਼ਾਂ ਨੂੰ ਕਤਰ ਵਰਗੇ ਦੇਸ਼ਾਂ ਦੇ ਯਤਨਾਂ ਨੂੰ ਅੱਗੇ ਵਧਾਉਣ ਲਈ ਕਦਮ ਚੁੱਕਣੇ ਪੈਣਗੇ। ਉਨ੍ਹਾਂ ਨੇ ਪ੍ਰਮਾਣੂ ਸੁਰੱਖਿਆ, ਕੈਦੀਆਂ ਦੀ ਅਦਲਾ-ਬਦਲੀ ਅਤੇ ਯੂਕਰੇਨ ਤੋਂ ਭੋਜਨ ਨਿਰਯਾਤ ਦੇ ਮੁੱਦਿਆਂ ਨੂੰ ਹੱਲ ਕਰਨ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ।