ਦੁਨੀਆਂ ਲਈ ਗੰਭੀਰ ਖਤਰਾ ਬਣੀ ਗਲੋਬਲ ਵਾਰਮਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੂਰੀ ਦੁਨੀਆ ਵਿਚ ਹੀ ਇਸ ਸਮੇਂ ਗਲੋਬਲ ਵਾਰਮਿੰਗ ਗੰਭੀਰ ਖਤਰਾ ਬਣੀ ਹੋਈ ਹੈ। ਭਾਵੇਂ ਕਿ ਯੂਐਨਓ ਦੀ ਅਗਵਾਈ ਵਿਚ ਦੁਨੀਆਂ ਭਰ ਦੇ ਦੇਸ਼ਾਂ ਦੀ ਗਲੋਬਲ ਵਾਰਮਿੰਗ .

Global Warming

ਨਾਭਾ,  ਪੂਰੀ ਦੁਨੀਆ ਵਿਚ ਹੀ ਇਸ ਸਮੇਂ ਗਲੋਬਲ ਵਾਰਮਿੰਗ ਗੰਭੀਰ ਖਤਰਾ ਬਣੀ ਹੋਈ ਹੈ। ਭਾਵੇਂ ਕਿ ਯੂਐਨਓ ਦੀ ਅਗਵਾਈ ਵਿਚ ਦੁਨੀਆਂ ਭਰ ਦੇ ਦੇਸ਼ਾਂ ਦੀ ਗਲੋਬਲ ਵਾਰਮਿੰਗ ਨੂੰ ਰੋਕਣ ਸਬੰਧੀ ਕਈ ਵਾਰ ਮੀਟਿੰਗ ਹੋ ਚੁਕੀ ਹੈ ਪਰ ਠੋਸ ਕਾਰਵਾਈ ਲਈ ਕੋਈ ਵੀ ਦੇਸ ਅੱਗੇ ਨਹੀਂ ਆ ਰਿਹਾ। ਦੁਨੀਆਂ ਦੀ ਇਕ ਸ਼ਕਤੀ ਅਮਰੀਕਾ ਵਲੋਂ ਵੀ ਫੈਲਾਏ ਜਾ ਰਹੇ ਸਨਅਤੀ ਅਤੇ ਹੋਰ ਕਈ ਤਰਾਂ ਦੇ ਕਚਰੇ ਨੇ ਵਾਤਾਵਰਨ ਨੂੰ ਦੂਸ਼ਿਤ ਕਰਨ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਵਾਤਾਵਰਣ ਨੂੰ ਪ੍ਰਦੂਸ਼ਿਤ ਕਰਨ ਵਿਚ ਭਾਰਤ ਵੀ ਪਿੱਛੇ ਨਹੀਂ ਹੈ।

ਹੈਰਾਨੀ ਦੀ ਗੱਲ ਹੈ ਕਿ ਭਾਰਤ ਵਿਚ ਕਈ ਨਦੀਆਂ ਨੂੰ ਦੇਵੀ ਮਾਤਾ ਦੇ ਰੁਪ ਵਿਚ ਪੂਜਿਆ ਜਾਂਦਾ ਹੈ ਅਤੇ ਉਨ੍ਹਾਂ ਨਦੀਆਂ ਦੇ ਪਾਣੀ ਨੂੰ ਨਵਜੰਮੇ ਬਾਲ ਦੇ ਮੂੰਹ ਵਿਚ ਪਾਉਣਾ ਚੰਗਾ ਸਮਝਿਆ ਜਾਂਦਾ ਹੈ ਅਤੇ ਉਹਨਾਂ ਨਦੀਆਂ ਦੇ ਪਾਣੀ ਨਾਲ ਧਾਰਮਕ ਸਥਾਨਾਂ ਨੂੰ ਧੋਤਾ ਜਾਂਦਾ ਹੈ ਪਰ ਉਨ੍ਹਾਂ ਹੀ ਨਦੀਆਂ ਵਿਚ ਬਹੁਤ ਵੱਡੇ ਪੱਧਰ ਉਪਰ ਭਾਰਤੀਆਂ ਵਲੋਂ ਹੀ ਪ੍ਰਦੂਸਣ ਫੈਲਾਇਆ ਜਾਂਦਾ ਹੈ। ਭਾਰਤ ਵਿਚ ਮਹਾਨ ਕਹੀਆਂ ਜਾਂਦੀਆਂ ਗੰਗਾ ਅਤੇ ਯਮੁਨਾ ਨਦੀਆਂ ਜਿਸ ਵੀ ਸ਼ਹਿਰ ਵਿਚੋਂ ਲੰਘਦੀਆਂ ਹਨ ਉਹਨਾਂ ਸਾਰੇ ਸ਼ਹਿਰਾਂ ਦਾ ਸੀਵਰੇਜ ਅਤੇ ਹੋਰ ਕੁੜਾ ਕਰਕਟ ਇਹਨਾਂ ਹੀ ਨਦੀਆਂ ਵਿਚ ਸੁਟਿਆ ਜਾਂਦਾ ਹੈ। 

ਹਾਲ ਤਾਂ ਇਹ ਹੈ ਕਿ ਵੱਖ ਵੱਖ ਸ਼ਹਿਰਾਂ ਵਿਚ ਸਥਿਤ ਉਦਯੋਗਾਂ ਅਤੇ ਸਨਅਤੀ ਖੇਤਰਾਂ ਦਾ ਕੈਮੀਕਲ ਵਾਲਾ ਪਾਣੀ ਵੀ ਇਨਾਂ ਨਦੀਆਂ ਸਮੇਤ ਹੋਰ ਨਦੀਆਂ ਵਿਚ ਸੁਟਿਆ ਜਾ ਰਿਹਾ ਹੈ, ਜਿਸ ਕਾਰਨ ਇਹਨਾਂ ਨਦੀਆਂ ਵਿਚ ਪ੍ਰਦੂਸਣ ਬਹੁਤ ਵੱਡੇ ਪੱਧਰ ਉਪਰ ਫੈਲ ਗਿਆ ਹੈ। ਇਸ ਤੋਂ ਇਲਾਵਾ ਕਾਰਖਾਨਿਆਂ ਦੀ ਚਿਮਨੀਆਂ ਵਿਚੋਂ ਨਿਕਲਦਾ ਧੂੰਆਂ ਵੀ ਬਹੁਤ ਵੱਡੇ ਪੱਧਰ ਉਪਰ ਪ੍ਰਦੂਸਨ ਫੈਲਾ ਰਿਹਾ ਹੈ। ਪੂਰੇ ਸੰਸਾਰ ਵਿਚ ਹੀ ਨਿਤ ਨਵੇਂ ਕਾਰਖਾਨੇ ਲੱਗ ਰਹੇ ਹਨ, ਜਿਹਨਾਂ ਦੀਆਂ ਚਿਮਨੀਆਂ ਵਿਚੋਂ ਜਹਿਰੀਲਾ ਧੂੰਆਂ ਨਿਕਲਦਾ ਹੈ, ਜਿਸ ਕਰਕੇ ਵਾਤਾਵਰਨ ਹੋਰ ਗੰਧਲਾ ਹੋ ਰਿਹਾ ਹੈ। 

ਰਹਿੰਦੀ ਕਸਰ ਵਾਹਨਾਂ ਵਲੋਂ ਕੱਢ ਦਿਤੀ ਜਾਂਦੀ ਹੈ. ਅੱਜ ਹਰ ਸ਼ਹਿਰ ਵਿਚ ਹੀ ਵਾਹਨਾਂ ਦੀ ਭੀੜ ਹੁੰਦੀ ਹੈ. ਇਨਾਂ ਵਾਹਨਾਂ ਵਿਚੋਂ ਨਿਕਲਦਾ ਧੂੰਆਂ ਬਹੁਤ ਵੱਡੇ ਪੱਧਰ ਉਪਰ ਵਾਤਾਵਰਨ ਵਿਚ ਪ੍ਰਦੂਸਨ ਫੈਲਾ ਰਿਹਾ ਹੈ। ਚਾਹੀਦਾ ਤਾਂ ਇਹ ਹੈ ਕਿ ਵਾਤਾਵਰਣ ਦੀ ਸੰਭਾਲ ਲਈ ਸਾਰੇ ਦੇਸ਼ ਰਲਕੇ ਮਿਲਕੇ ਸਾਂਝੀ ਮੁਹਿੰਮ ਚਲਾਉਣ ਤਾਂ ਹੀ ਅਸੀਂ ਗਲੋਬਲ ਵਾਰਮਿੰਗ ਦੇ ਮਾੜੇ ਪ੍ਰਭਾਵਾਂ ਤੋਂ ਬਚ ਸਕਦੇ ਹਾਂ. ਵਾਤਾਵਰਨ ਦੀ ਸੰਭਾਲ ਲਈ ਵਧੇਰੇ ਰੁੱਖ ਲਾਉਣੇ ਬਹੁਤ ਜਰੂਰੀ ਹਨ।