ਜੇਕਰ ਹਾਰ ਗਏ ਨੇ ਹੌਂਸਲੇ ਤਾਂ ਦੇਖੋ ਹੱਥ-ਪੈਰਾਂ ਤੋਂ ਵਾਂਝੀ ਅਮਰੀਕੀ ਕੁੜੀ ਦੀ ਇਹ ਵੀਡੀਓ
ਯੂ-ਟਿਊਬ ਚੈਨਲ ਜ਼ਰੀਏ ਲੋਕਾਂ ਨੂੰ ਦੇ ਰਹੀ ਜਿਉਣ ਦੀ ਪ੍ਰੇਰਣਾ
ਅਮਰੀਕਾ- ਕਹਿੰਦੇ ਨੇ ਜਦੋਂ ਹੌਂਸਲੇ ਬੁਲੰਦ ਹੋਣ ਤਾਂ ਵੱਡੀਆਂ ਤੋਂ ਵੱਡੀਆਂ ਰੁਕਾਵਟਾਂ ਵੀ ਤੁਹਾਡੇ ਹੌਂਸਲਿਆਂ ਅੱਗੇ ਸਿਰ ਝੁਕਾ ਦਿੰਦੀਆਂ ਹਨ ਅਜਿਹੇ ਹੀ ਬੁਲੰਦ ਹੌਂਸਲੇ ਦੀ ਮਿਸਾਲ ਅਮਰੀਕਾ ਦੀ ਰਹਿਣ ਵਾਲੀ 37 ਸਾਲਾ ਐਮੀ ਬਰੂਕਸ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਜਿਸ ਦੇ ਮਾਪਿਆਂ ਨੇ ਜਨਮ ਲੈਣ ਤੋਂ ਬਾਅਦ ਹੀ ਉਸ ਨੂੰ ਹਸਪਤਾਲ ਵਿਚ ਹੀ ਛੱਡ ਦਿੱਤਾ ਸੀ ਕਿਉਂਕਿ ਐਮੀ ਦੇ ਜਨਮ ਤੋਂ ਹੀ ਹੱਥ-ਪੈਰ ਨਹੀਂ ਸਨ।
ਮਾਪਿਆਂ ਦੇ ਛੱਡਣ ਤੋਂ ਬਾਅਦ ਪੀਟਰਸਬਰਗ ਦੇ ਬਰੂਕਸ ਪਰਿਵਾਰ ਨੇ ਉਸ ਨੂੰ ਗੋਦ ਲੈ ਲਿਆ ਸੀ ਜਿਵੇਂ ਜਿਵੇਂ ਐਨੀ ਵੱਡੀ ਹੁੰਦੀ ਗਈ ਉਸ ਨੇ ਅਪਣੀ ਇਸ ਕਮਜ਼ੋਰੀ ਨੂੰ ਹੀ ਅਪਣੀ ਤਾਕਤ ਬਣਾ ਲਿਆ। ਜਿਸ ਦਾ ਨਤੀਜਾ ਇਹ ਨਿਕਲਿਆ ਕਿ ਅੱਜ ਹੱਥ ਪੈਰ ਨਾ ਹੋਣ ਦੇ ਬਾਵਜੂਦ ਵੀ ਉਹ ਅਪਣੇ ਸਾਰੇ ਕੰਮ ਖ਼ੁਦ ਹੀ ਕਰ ਲੈਂਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਮੀ ਕੁਕਿੰਗ ਅਤੇ ਸਿਲਾਈ ਵੀ ਕਰ ਲੈਂਦੀ ਹੈ।
ਫੋਟੋਗ੍ਰਾਫ਼ੀ ਅਤੇ ਡਿਜ਼ਾਇਨਿੰਗ ਵਿਚ ਵੀ ਉਸ ਦਾ ਕੋਈ ਤੋੜ ਨਹੀਂ। ਉਹ ਅਪਣੇ ਮੂੰਹ ਅਤੇ ਠੋਡੀ ਦੀ ਮਦਦ ਨਾਲ ਤਸਵੀਰਾਂ ਖਿੱਚਦੀ ਹੈ। ਖ਼ੁਦ ਦੇ ਵੀਡੀਓ ਬਣਾਉਂਦੀ ਹੈ, ਇੰਨਾ ਹੀ ਨਹੀਂ ਐਮੀ ਹੁਣ ਮੋਟੀਵੇਸ਼ਨਲ ਸਪੀਕਰ ਬਣ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ। ਉਸ ਨੇ 'ਹਾਓ ਡਜ਼ ਸ਼ੀ ਡੂ ਇਟ' ਨਾਂਅ ਅਪਣਾ ਯੂ ਟਿਊਬ ਚੈਨਲ ਵੀ ਬਣਾਇਆ ਹੋਇਆ ਹੈ ਜਿਸ ਵਿਚ ਉਹ ਅਪਣੇ ਕੰਮਾਂ ਦੀਆਂ ਵੀਡੀਓਜ਼ ਪਾਉਂਦੀ ਰਹਿੰਦੀ ਹੈ।
ਕੁੱਝ ਲੋਕਾਂ ਵਲੋਂ ਐਮੀ ਦੇ ਵੀਡੀਓਜ਼ 'ਤੇ ਨੈਗੇਟਿਵ ਕੁਮੈਂਟ ਵੀ ਕੀਤੇ ਜਾਂਦੇ ਹਨ ਪਰ ਐਮੀ ਕਦੇ ਵੀ ਉਨ੍ਹਾਂ 'ਤੇ ਧਿਆਨ ਦੇ ਕੇ ਅਪਣਾ ਸਮਾਂ ਬਰਬਾਦ ਨਹੀਂ ਕਰਦੀ। ਉਹ ਸਿਲਾਈ ਸਿੱਖਣ ਨੂੰ ਅਪਣੀ ਸਭ ਤੋਂ ਵੱਡੀ ਉਪਲਬਧੀ ਮੰਨਦੀ ਹੈ ਹੋਰ ਤਾਂ ਹੋਰ ਐਮੀ ਹੈਂਡਬੈਗ ਬਣਾ ਕੇ ਆਨਲਾਈਨ ਵੇਚਦੀ ਹੈ। ਐਮੀ ਦਾ ਕਹਿਣਾ ਹੈ ਕਿ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਕਦੇ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਕਿਸੇ ਤੋਂ ਘੱਟ ਹੈ ਬਲਕਿ ਉਹ ਉਸ ਨੂੰ ਹਮੇਸ਼ਾਂ ਉਤਸ਼ਾਹਿਤ ਕਰਦੇ ਰਹੇ।
ਉਸੇ ਦਾ ਨਤੀਜਾ ਹੈ ਕਿ ਅੱਜ ਐਮੀ ਅਪਣੀ ਵੱਖਰੀ ਪਛਾਣ ਬਣਾਉਣ ਵਿਚ ਕਾਮਯਾਬ ਹੋ ਸਕੀ ਹੈ। ਉਨ੍ਹਾ ਲੋਕਾਂ ਨੂੰ ਐਮੀ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਜੋ ਹੱਥ ਪੈਰ ਹੋਣ ਦੇ ਬਾਵਜੂਦ ਵੀ ਹੌਂਸਲੇ ਹਾਰ ਕੇ ਬੈਠ ਜਾਂਦੇ ਹਨ।