ਟਰੰਪ ਪ੍ਰਸ਼ਾਸਨ ਨੇ ਵਿਦੇਸ਼ੀ ਵਿਦਿਆਰਥੀਆਂ ਦਾ ਵੀਜ਼ਾ ਰੱਦ ਕਰਨ ਦਾ ਫ਼ੈਸਲਾ ਲਿਆ ਵਾਪਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਦੇਸ਼ੀ ਵਿਦਿਆਰਥੀਆਂ ਤੇ ਸਿਖਿਅਕ ਅਦਾਰਿਆਂ ਦੀ ਹੋਈ ਜਿੱਤ

Doanld Trump

ਵਾਸ਼ਿੰਗਟਨ, 15 ਜੁਲਾਈ : ਟਰੰਪ ਪ੍ਰਸ਼ਾਸਨ ਨੇ ਇਕ ਹੈਰਾਨੀ ਭਰਿਆ ਕਦਮ ਚੁੱਕਦੇ ਹੋਏ 6 ਜੁਲਾਈ ਨੂੰ ਸੁਣਾਇਆ ਅਪਣਾ ਉਹ ਫ਼ੈਸਲਾ ਵਾਪਸ ਲੈ ਲਿਆ, ਜਿਸ ਵਿਚ ਕਿਹਾ ਗਿਆ ਸੀ ਕਿ ਭਾਰਤੀਆਂ ਸਮੇਤ ਹਜ਼ਾਰਾਂ ਉਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਉਨ੍ਹਾਂ ਦੇ ਦੇਸ਼ ਵਿਚ ਭੇਜ ਦਿਤਾ ਜਾਏਗਾ, ਜਿਨ੍ਹਾਂ ਦੀਆਂ ਯੂਨੀਵਰਸਿਟੀਆਂ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਣ ਵਾਲੇ ਅਕਾਦਮਿਕ ਸੈਸ਼ਨ ਵਿਚ ਕੋਰੋਨਾ ਵਾਇਰਸ ਕਾਰਨ ਸਿਰਫ਼ ਆਨਲਾਈਨ ਕਲਾਸਾਂ ਹੀ ਦੇਣਗੀਆਂ।

ਇਸ ਹੁਕਮ ਖ਼ਿਲਾਫ਼ ਦੇਸ਼ ਭਰ ਵਿਚ ਗੁੱਸਾ ਅਤੇ ਵੱਡੀ ਗਿਣਤੀ ਵਿਚ ਸਿਖਿਅਕ ਸੰਸਥਾਨਾਂ ਵਲੋਂ ਮੁਕੱਦਮਾ ਦਰਜ ਕੀਤੇ ਜਾਣ ਦੇ ਬਾਅਦ ਟਰੰਪ ਪ੍ਰਸ਼ਾਸਨ ਨੇ ਇਹ ਹੁਕਮ ਪਲਟ ਦਿਤਾ ਹੈ। ਹਾਰਵਰਡ ਯੂਨੀਵਰਸਿਟੀ ਅਤੇ ਮੈਸਾਚਿਉਟਸ ਇੰਸਟੀਚਿਊਟ ਆਫ਼ ਤਕਨਾਲੋਜੀ (ਐਮ.ਆਈ.ਟੀ.) ਸਮੇਤ ਕਈ ਸਿਖਿਅਕ ਸੰਸਥਾਨਾਂ ਨੇ ਹੋਮਲੈਂਡ ਸੁਰੱਖਿਆ ਵਿਭਾਗ (ਡੀ.ਐਚ.ਐਸ) ਅਤੇ ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਨੂੰ ਉਸ ਹੁਕਮ ਨੂੰ ਲਾਗੂ ਕਰਨ ਤੋਂ ਰੋਕਣ ਦਾ ਵਿਰੋਧ ਕੀਤਾ,

ਜਿਸ ਵਿਚ ਸਿਰਫ਼ ਆਨਲਾਈਨ ਕਲਾਸਾਂ ਲੈ ਰਹੇ ਵਿਦੇਸ਼ੀ ਵਿਦਿਆਰਥੀਆਂ ਦੇ ਦੇਸ਼ ਵਿਚ ਰਹਿਣ 'ਤੇ ਰੋਕ ਲਗਾਉਣ ਦੀ ਗੱਲ ਕੀਤੀ ਗਈ ਸੀ। ਮੈਸਾਚਿਉਟਸ ਵਿਚ ਅਮਰੀਕੀ ਸਮੂਹ ਅਦਾਲਤ ਵਿਚ ਇਸ ਮੁਕੱਦਮੇ ਦੇ ਸਮਰਥਨ ਵਿਚ 17 ਸੂਬਿਆਂ ਅਤੇ ਡਿਸਟਰਿਕਟ ਆਫ਼ ਕੋਲੰਬੀਆ ਦੇ ਨਾਲ ਹੀ ਗੂਗਲ, ਫੇਸਬੁੱਕ ਅਤੇ ਮਾਈਕ੍ਰੋਸਾਫ਼ਟ ਵਰਗੀਆਂ ਸਿਖਰ ਅਮਰੀਕੀ ਆਈ.ਟੀ. ਕੰਪਨੀਆਂ ਵੀ ਆ ਗਈਆਂ। ਬੋਸਟਨ ਵਿਚ ਸੰਘੀ ਜ਼ਿਲ੍ਹਾ ਜੱਜ ਐਲੀਸਨ ਬਰਾਘ ਨੇ ਕਿਹਾ, 'ਮੈਨੂੰ ਪੱਖਕਾਰਾਂ ਨੇ ਸੂਚਿਤ ਕੀਤਾ ਹੈ ਕਿ ਉਨ੍ਹਾਂ ਨੇ ਇਕ ਫ਼ੈਸਲਾ ਕੀਤਾ ਹੈ। ਉਹ ਸਥਿਤੀ ਨੂੰ ਮੁੜ ਬਹਾਲ ਕਰਣਗੇ।'

ਯੋਗਤਾ ਆਧਾਰਤ ਨਵੇਂ ਇਮੀਗ੍ਰੇਸ਼ਨ ਕਾਨੂੰਨ 'ਤੇ ਜਲਦੀ ਕਰਾਂਗਾ ਦਸਤਖ਼ਤ : ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਜਲਦੀ ਹੀ ਯੋਗਤਾ ਆਧਾਰਿਤ ਨਵੇਂ ਇਮੀਗ੍ਰੇਸ਼ਨ ਕਾਨੂੰਨ 'ਤੇ ਦਸਤਖ਼ਤ ਕਰਨਗੇ ਜਿਸ ਵਿਚ ਉਨ੍ਹਾਂ ਪ੍ਰਵਾਸੀਆਂ ਦਾ ਵੀ ਖ਼ਿਆਲ ਰਖਿਆ ਜਾਵੇਗਾ, ਜਿਨ੍ਹਾਂ ਨੂੰ ਬਚਪਨ ਵਿਚ ਗ਼ੈਰ ਕਾਨੂੰਨੀ ਤੌਰ 'ਤੇ ਅਮਰੀਕਾ ਵਿਚ ਲਿਆਂਦਾ ਗਿਆ ਸੀ। ਇਨ੍ਹਾਂ ਪ੍ਰਵਾਸੀਆਂ 'ਚ ਕਈ ਭਾਰਤੀ ਅਤੇ ਦਖਣੀ ਏਸ਼ੀਆ ਦੇ ਲੋਕ ਵੀ ਹਨ। ਟਰੰਪ ਨੇ ਵਾਇਟ ਹਾਊਸ ਦੇ 'ਰੋਜ਼ ਗਾਰਡਨ' ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ''ਮੈਂ ਇਕ ਇਮੀਗ੍ਰੇਸ਼ਨ ਕਾਨੂੰਨ 'ਤੇ ਜਲਦ ਹੀ ਦਸਤਖ਼ਤ ਕਰਾਂਗਾ।  ਇਹ ਯੋਗਤਾ 'ਤੇ ਆਧਾਰਿਤ ਹੋਵੇਗਾ ਤੇ ਇਹ ਕਾਫ਼ੀ ਸਮੱਰਥ ਹੋਵੇਗਾ।''      (ਪੀਟੀਆਈ)