WHO ਨੇ ਕੀਤਾ ਐਲਾਨ : ਦੁਨੀਆਂ ’ਚ ਕੋਰੋਨਾ ਦੀ ਤੀਜੀ ਲਹਿਰ ਦੀ ਹੋਈ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਡੈਲਟਾ ਵੇਰੀਐਂਟ ਕਾਰਨ ਭਾਰਤ ਵੀ ਹੈ ਇਸ ਦੇ ਨੇੜੇ

WHO

ਜਿਨੇਵਾ: ਵਿਸ਼ਵ ਸਿਹਤ ਸੰਗਠਨ ਦੇ ਮੁਖੀ ਟੇਡਰੋਸ ਅਦਾਨੋਮ ਗੇਬ੍ਰੇਯਸਸ ਨੇ ਬੁਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਅਪਣੇ ਸ਼ੁਰੂਆਤੀ ਦੌਰ ਵਿਚ ਹੈ। ਦੁਨੀਆਂ ਭਰ ਵਿਚ ਕੋਰੋਨਾ ਦੇ ਮਾਮਲਿਆਂ ਅਤੇ ਮੌਤਾਂ ਦੇ ਅੰਕੜੇ ਇਕ ਵਾਰ ਫਿਰ ਤੋਂ ਵੱਧਣ ਨੂੰ ਲੈ ਕੇ ਚਿਤਾਵਨੀ ਜਾਰੀ ਕਰਦੇ ਹੋਏ ਉਨ੍ਹਾਂ ਨੇ ਇਹ ਗੱਲ ਕਹੀ। ਟੇਡਰੋਸ ਨੇ ਕਿਹਾ, ‘ਬਦਕਿਸਮਤੀ ਨਾਲ ਅਸੀਂ ਕੋਰੋਨਾ ਦੀ ਤੀਜੀ ਲਹਿਰ ਦੇ ਸ਼ੁਰੂਆਤੀ ਦੌਰ ਵਿਚ ਹਾਂ।’ ਦੁਨੀਆ ਵਿਚ ਕੋਰੋਨਾ ਸੰਕਟ ਨਾਲ ਨਜਿੱਠਣ ਲਈ ਬਣੀ ਐਮਰਜੈਂਸੀ ਕਮੇਟੀ ਨੂੰ ਸੰਬੋਧਿਤ ਕਰਦੇ ਹੋਏ ਡਬਲਯੂ.ਐਚ.ਓ. ਦੇ ਮੁਖੀ ਨੇ ਇਹ ਗੱਲ ਕਹੀ।

ਇਸ ਦਾ ਖ਼ਤਰਾ ਭਾਰਤ ਵਿਚ ਵੀ ਦਿਖਾਈ ਦੇ ਰਿਹਾ ਹੈ। ਇਕ ਵਿਦੇਸ਼ੀ ਬ੍ਰੋਕਰੇਜ਼ ਫਰਮ ਨੇ ਚਿਤਾਵਨੀ ਦਿਤੀ ਹੈ ਕਿ ਡੈਲਟਾ ਵੇਰੀਐਂਟ ਅਤੇ ਵਾਇਰਸ ਦੇ 
ਪਰਿਵਰਤਨ ਦੇ ਵੱਧ ਰਹੇ ਕੇਸਾਂ ਕਾਰਨ ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ ਹੋਣ ਦਾ ਡਰ ਜਲਦੀ ਹੀ ਹਕੀਕਤ ਵਿਚ ਬਦਲ ਸਕਦਾ ਹੈ। ਟੇਡਰੋਸ ਨੇ ਕਿਹਾ, ‘ਡੈਲਟਾ ਵੈਰੀਐਂਟ ਹੁਣ ਦੁਨੀਆ ਦੇ 111 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ।

ਸਾਨੂੰ ਖ਼ਦਸ਼ਾ ਹੈ ਕਿ ਇਹ ਜਲਦੀ ਹੀ ਦੁਨੀਆ ਵਿਚ ਕੋਰੋਨਾ ਦਾ ਸਭ ਤੋਂ ਖ਼ਤਰਨਾਕ ਰੂਪ ਸਾਬਤ ਹੋਵੇਗਾ।’ ਵਾਇਰਸ ਦਾ ਅਲਫ਼ਾ ਵੇਰੀਐਂਟ 178 ਦੇਸ਼ਾਂ, ਬੀਟਾ 123 ਦੇਸ਼ਾਂ ਵਿਚ ਅਤੇ ਗਾਮਾ 75 ਦੇਸ਼ਾਂ ਵਿਚ ਮਿਲ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਕੋਰੋਨਾ ਵਾਇਰਸ ਲਗਾਤਾਰ ਅਪਣਾ ਰੂਪ ਬਦਲ ਰਿਹਾ ਹੈ ਅਤੇ ਖ਼ਤਰਨਾਕ ਵੈਰੀਐਂਟਸ ਦੇ ਤੌਰ ’ਤੇ ਸਾਹਮਣੇ ਆ ਰਿਹਾ ਹੈ।

ਟੇਡਰੋਸ ਨੇ ਕਿਹਾ ਕਿ ਉਤਰੀ ਅਮਰੀਕਾ ਅਤੇ ਯੂਰਪ ਵਿਚ ਵੈਕਸੀਨੇਸ਼ਨ ਦੀ ਰਫ਼ਤਾਰ ਤੇਜ਼ ਹੋਣ ਦੇ ਚੱਲਦੇ ਕੋਰੋਨਾ ਮਾਮਲਿਆਂ ਅਤੇ ਮੌਤਾਂ ਵਿਚ ਕੁੱਝ ਸਮੇਂ ਲਈ ਕਮੀ ਦੇਖਣ ਨੂੰ ਮਿਲੀ ਸੀ ਪਰ ਹੁਣ ਫਿਰ ਤੋਂ ਹਾਲਾਤ ਬਦਲ ਗਏ ਹਨ ਅਤੇ ਟਰੈਂਡ ਉਲਟਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਕ ਵਾਰ ਫਿਰ ਤੋਂ ਦੁਨੀਆ ਭਰ ਵਿਚ ਕੋਰੋਨਾ ਮਾਮਲਿਆਂ ਵਿਚ ਇਜ਼ਾਫਾ ਦਿਖ ਰਿਹਾ ਹੈ।

ਟੇਡਰੋਸ ਨੇ ਕਿਹਾ ਕਿ ਬੀਤਿਆਂ ਹਫ਼ਤਾਂ ਲਗਾਤਾਰ ਅਜਿਹਾ ਚੌਥਾ ਹਫ਼ਤਾ ਸੀ, ਜਦੋਂ ਕੋਰੋਨਾ ਮਾਮਲਿਆਂ ਵਿਚ ਕਮੀ ਦੇਖਣ ਨੂੰ ਮਿਲੀ ਸੀ ਪਰ ਹੁਣ ਇਜ਼ਾਫਾ ਸ਼ੁਰੂ ਹੋ ਗਿਆ ਹੈ। ਇਸ ਦੇ ਇਲਾਵਾ ਮੌਤਾਂ ਦਾ ਅੰਕੜਾ ਵੀ ਲਗਾਤਾਰ 10 ਹਫ਼ਤਿਆਂ ਦੀ ਗਿਰਾਵਟ ਦੇ ਬਾਅਦ ਵਧਦਾ ਦਿਖ ਰਿਹਾ ਹੈ। ਵਿਸ਼ਵ ਸਿਹਤ ਸੰਗਠਨ ਦੇ ਚੀਫ਼ ਨੇ ਵੀ ਵੱਧਦੇ ਮਾਮਲਿਆਂ ਦੀ ਵਜ੍ਹਾ ਸਮਾਜਕ ਦੂਰੀ, ਮਾਸਕ ਪਾਉਣ ਦੇ ਨਿਯਮਾਂ ਦਾ ਪਾਲਣ ਨਾ ਹੋਣਾ ਦਸਿਆ ਹੈ।    

ਭਾਰਤ ’ਚ ਪਾਬੰਦੀਆਂ ਵਿਚ ਢਿੱਲ ਕਾਰਨ ਵਧਿਆ ਖ਼ਤਰਾ 
ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ, ਯੂ ਬੀ ਐਸ ਸਿਕਉਰਟੀਜ਼ ਇੰਡੀਆ ਦੇ ਮੁੱਖ ਅਰਥ ਸ਼ਾਸਤਰੀ ਤਨਵੀ ਗੁਪਤਾ ਜੈਨ ਨੇ ਕਿਹਾ ਹੈ ਕਿ ਬਹੁਤ ਸਾਰੇ ਰਾਜ ਪਾਬੰਦੀਆਂ ’ਚ ਢਿੱਲ ਦੇ ਰਹੇ ਹਨ, ਬਾਜ਼ਾਰ ਖੁਲ੍ਹ ਰਹੇ ਹਨ, ਜਿਸ ਕਾਰਨ ਤੀਜੀ ਲਹਿਰ ਦਾ ਖਤਰਾ ਹੋਰ ਵੱਧ ਗਿਆ ਹੈ। ਦੇਸ਼ ਵਿਚ ਟੀਕਾਕਰਨ ਦੀ ਰਫ਼ਤਾਰ ਵੀ ਮੱਠੀ ਪੈਣੀ ਸ਼ੁਰੂ ਹੋ ਗਈ ਹੈ।

ਯੂ ਬੀ ਐਸ ਦੀ ਇਕ ਰੀਪੋਰਟ ਅਨੁਸਾਰ, ਪਹਿਲਾਂ ਭਾਰਤ ਵਿਚ ਹਰ ਰੋਜ਼ ਔਸਤਨ 40 ਲੱਖ ਖ਼ੁਰਾਕਾਂ ਦਾ ਪ੍ਰਬੰਧ ਕੀਤਾ ਜਾਂਦਾ ਸੀ। ਹੁਣ ਇਹ ਗਿਣਤੀ ਘੱਟ ਕੇ 34 ਲੱਖ ਹੋ ਗਈ ਹੈ। ਇਹ ਸਥਿਤੀ ਖ਼ਤਰਨਾਕ ਵੀ ਹੈ ਕਿਉਂਕਿ ਹੁਣ 45% ਕੇਸ ਪੇਂਡੂ ਖੇਤਰਾਂ ਵਿਚ ਸਾਹਮਣੇ ਆ ਰਹੇ ਹਨ।