Cave on Moon : ਚੰਦਰਮਾ ’ਤੇ ਮਿਲੀ ਗੁਫਾ, ਭਵਿੱਖ ’ਚ ਖੋਜਕਰਤਾਵਾਂ ਦੀ ਬਣ ਸਕਦੀ ਹੈ ਪਨਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਵਿਗਿਆਨੀਆਂ ਦਾ ਮੰਨਣਾ ਹੈ ਕਿ ਸੈਂਕੜੇ ਹੋਰ ਗੁਫਾਵਾਂ ਹੋ ਸਕਦੀਆਂ ਹਨ ,ਜਿਨ੍ਹਾਂ ਨੂੰ ਪੁਲਾੜ ਮੁਸਾਫ਼ਰਾਂ ਲਈ ਭਵਿੱਖ ਦੇ ਪਨਾਹਗਾਹਾਂ ਵਜੋਂ ਵਰਤਿਆ ਜਾ ਸਕਦਾ ਹੈ

shelter humans

Cave on Moon : ਵਿਗਿਆਨੀਆਂ ਨੇ ਚੰਦਰਮਾ ’ਤੇ ਇਕ ਗੁਫਾ ਦੀ ਖੋਜ ਕੀਤੀ ਹੈ, ਜੋ ਉਸ ਥਾਂ ਤੋਂ ਦੂਰ ਨਹੀਂ ਹੈ ਜਿੱਥੇ 55 ਸਾਲ ਪਹਿਲਾਂ ਨੀਲ ਆਰਮਸਟ੍ਰਾਂਗ ਅਤੇ ਬਜ਼ ਐਲਡਰਿਨ ਉਤਰੇ ਸਨ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸੈਂਕੜੇ ਹੋਰ ਗੁਫਾਵਾਂ ਹੋ ਸਕਦੀਆਂ ਹਨ ,ਜਿਨ੍ਹਾਂ ਨੂੰ ਪੁਲਾੜ ਮੁਸਾਫ਼ਰਾਂ ਲਈ ਭਵਿੱਖ ਦੇ ਪਨਾਹਗਾਹਾਂ ਵਜੋਂ ਵਰਤਿਆ ਜਾ ਸਕਦਾ ਹੈ।

ਇਟਲੀ ਦੇ ਵਿਗਿਆਨੀਆਂ ਦੀ ਅਗਵਾਈ ਵਾਲੀ ਇਕ ਟੀਮ ਨੇ ਸੋਮਵਾਰ ਨੂੰ ਕਿਹਾ ਕਿ ਚੰਦਰਮਾ ’ਤੇ ਇਕ ਵੱਡੀ ਗੁਫਾ ਦੇ ਸਬੂਤ ਮਿਲੇ ਹਨ। ਇਹ ਅਪੋਲੋ 11 ਦੀ ਲੈਂਡਿੰਗ ਸਾਈਟ ਤੋਂ ਸਿਰਫ 250 ਮੀਲ (400 ਕਿਲੋਮੀਟਰ) ਦੀ ਦੂਰੀ ’ਤੇ ‘ਸੀ ਆਫ਼ ਟ੍ਰੈਂਕਵਿਲਿਟੀ’ ’ਚ ਹੈ।
ਇਹ ਗੁਫ਼ਾ ਲਾਵਾ ਟਿਊਬਾਂ (ਸੁਰੰਗ ਦੇ ਆਕਾਰ ਦੀ ਬਣਤਰ) ਦੇ ਡਿੱਗਣ ਨਾਲ ਬਣੀ ਹੈ ਜੋ ਉਥੇ ਪਾਈਆਂ ਜਾਣ ਵਾਲੀਆਂ 200 ਤੋਂ ਵੱਧ ਹੋਰ ਗੁਫਾਵਾਂ ਵਰਗੀ ਹੈ।

ਖੋਜਕਰਤਾਵਾਂ ਨੇ ਨਾਸਾ ਦੇ ਲੂਨਰ ਰਿਕੋਨੈਂਸ ਆਰਬਿਟਰ ਵਲੋਂ ਇਕੱਤਰ ਕੀਤੇ ਰਾਡਾਰ ਡੇਟਾ ਦਾ ਵਿਸ਼ਲੇਸ਼ਣ ਕੀਤਾ ਅਤੇ ਨਤੀਜਿਆਂ ਦੀ ਤੁਲਨਾ ਧਰਤੀ ’ਤੇ ਲਾਵਾ ਟਿਊਬਾਂ ਨਾਲ ਕੀਤੀ। ਇਹ ਖੋਜ ‘ਨੇਚਰ ਐਸਟਰੋਨੋਮੀ’ ਜਰਨਲ ’ਚ ਪ੍ਰਕਾਸ਼ਿਤ ਹੋਈ ਹੈ।
ਵਿਗਿਆਨੀਆਂ ਮੁਤਾਬਕ ਰਾਡਾਰ ਡਾਟਾ ਸਿਰਫ ਗੁਫਾ ਦੇ ਸ਼ੁਰੂਆਤੀ ਬਿੰਦੂ ਦਾ ਪ੍ਰਗਟਾਵਾ ਕਰਦਾ ਹੈ। ਉਨ੍ਹਾਂ ਦਾ ਅਨੁਮਾਨ ਹੈ ਕਿ ਇਹ ਘੱਟੋ-ਘੱਟ 40 ਮੀਟਰ ਚੌੜਾ ਅਤੇ ਸੰਭਵ ਤੌਰ ’ਤੇ 10 ਮੀਟਰ ਲੰਬਾ ਹੈ।

ਟਰੈਂਟੋ ਯੂਨੀਵਰਸਿਟੀ ਦੇ ਲਿਓਨਾਰਡੋ ਕੈਰੇਰ ਅਤੇ ਲੋਰੇਂਜੋ ਬਰੂਜੋਨ ਨੇ ਇਕ ਈ-ਮੇਲ ਵਿਚ ਲਿਖਿਆ ਕਿ ਚੰਦਰਮਾ ਦੀਆਂ ਗੁਫਾਵਾਂ 50 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਕ ਰਹੱਸ ਰਹੀਆਂ ਹਨ। ਇਸ ਲਈ ਆਖਰਕਾਰ ਉਨ੍ਹਾਂ ’ਚੋਂ ਇਕ ਬਾਰੇ ਪਤਾ ਲਗਾਉਣਾ ਕਾਫ਼ੀ ਦਿਲਚਸਪ ਸੀ।

ਵਿਗਿਆਨੀਆਂ ਮੁਤਾਬਕ ਜ਼ਿਆਦਾਤਰ ਗੁਫਾਵਾਂ ਚੰਦਰਮਾ ਦੇ ਪ੍ਰਾਚੀਨ ਲਾਵਾ ਮੈਦਾਨ ਖੇਤਰ ’ਚ ਲਗਦੀਆਂ ਹਨ। ਚੰਦਰਮਾ ਦੇ ਦਖਣੀ ਧਰੁਵ ’ਤੇ ਵੀ ਅਜਿਹੀਆਂ ਗੁਫਾਵਾਂ ਹੋ ਸਕਦੀਆਂ ਹਨ ਜਿੱਥੇ ਨਾਸਾ ਦੇ ਪੁਲਾੜ ਮੁਸਾਫ਼ਰ ਇਸ ਦਹਾਕੇ ਦੇ ਅਖੀਰ ’ਚ ਪੈਰ ਰਖਣਗੇ।
ਇਹ ਮੰਨਿਆ ਜਾਂਦਾ ਹੈ ਕਿ ਚੰਦਰਮਾ ਦੇ ਦਖਣੀ ਧਰੁਵ ’ਤੇ ਬਣੇ ਖੱਡਿਆਂ ’ਚ ਪਾਣੀ ਜੰਮੀ ਹੋਈ ਅਵਸਥਾ ’ਚ ਮੌਜੂਦ ਹੁੰਦਾ ਹੈ, ਜਿਸ ਨੂੰ ਰਾਕੇਟ ਬਾਲਣ ਦੇ ਨਾਲ-ਨਾਲ ਪੀਣ ਲਈ ਵੀ ਵਰਤਿਆ ਜਾ ਸਕਦਾ ਹੈ।