US Election News : ਰਿਪਬਲਿਕਨ ਪਾਰਟੀ ਦੇ ਉਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੀ ਪਤਨੀ ਊਸ਼ਾ ਵੇਂਸ ਵੀ ਸੁਰਖੀਆਂ ’ਚ ਆਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਊਸ਼ਾ (39) 5 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ’ਚ ਚੁਣੀ ਜਾਣ ’ਤੇ ‘ਸੈਕਿੰਡ ਲੇਡੀ’ ਬਣਨ ਵਾਲੀ ਪਹਿਲੀ ਭਾਰਤੀ-ਅਮਰੀਕੀ ਹੋ ਸਕਦੀ ਹੈ

Usha Chilukuri Vance

US Election News : ਓਹਾਇਉ ਦੇ ਸੈਨੇਟਰ ਜੇ.ਡੀ. ਵੇਂਸ ਦਾ ਨਾਂ ਉਪ ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਵਜੋਂ ਉਨ੍ਹਾਂ ਦੀ ਪਤਨੀ ਊਸ਼ਾ ਚਿਲੂਕੁਰੀ ਵਾਂਸ ਲਈ ਵੀ ਸੁਰਖੀਆਂ ’ਚ ਰਿਹਾ ਹੈ।

ਊਸ਼ਾ (39) 5 ਨਵੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ’ਚ ਚੁਣੀ ਜਾਣ ’ਤੇ ‘ਸੈਕਿੰਡ ਲੇਡੀ’ ਬਣਨ ਵਾਲੀ ਪਹਿਲੀ ਭਾਰਤੀ-ਅਮਰੀਕੀ ਹੋ ਸਕਦੀ ਹੈ। ਜਦੋਂ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿਚ ਲੋੜੀਂਦੀ ਗਿਣਤੀ ਵਿਚ ਡੈਲੀਗੇਟ ਹਾਸਲ ਕਰਨ ਤੋਂ ਬਾਅਦ ਵੇਂਸ ਦੀ ਨਾਮਜ਼ਦਗੀ ਮਨਜ਼ੂਰ ਕੀਤੀ ਤਾਂ ਵੇਂਸ ਦੀ 39 ਸਾਲ ਦੀ ਪਤਨੀ ਵੀ ਉਥੇ ਮੌਜੂਦ ਸੀ।

ਭਾਰਤੀ ਪ੍ਰਵਾਸੀਆਂ ਦੀ ਧੀ ਊਸ਼ਾ ਸੈਨ ਡਿਏਗੋ ’ਚ ਵੱਡੀ ਹੋਈ। ਪੁਰਾਣੇ ਦੋਸਤ ਉਸ ਨੂੰ ‘ਨੇਤਾ’ ਅਤੇ ‘ਕਿਤਾਬੀ ਕੀੜੇ’ ਕਹਿੰਦੇ ਹਨ। ਉਹ 2014 ਤਕ ਡੈਮੋਕ੍ਰੇਟਿਕ ਪਾਰਟੀ ਦੀ ਮੈਂਬਰ ਸੀ।

‘ਯੇਲ ਲਾਅ ਸਕੂਲ’ ਤੋਂ ਗ੍ਰੈਜੂਏਟ ਊਸ਼ਾ ਸਿਵਲ ਮੁਕੱਦਮੇਬਾਜ਼ੀ ਦੀ ਵਕੀਲ ਹੈ। ਉਸ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੌਨ ਰਾਬਰਟਸ ਦੇ ਕਲਰਕ ਵਜੋਂ ਵੀ ਕੰਮ ਕੀਤਾ ਹੈ। ਊਸ਼ਾ ਅਤੇ ਵੇਂਸ ਦੀ ਮੁਲਾਕਾਤ ਯੇਲ ਲਾਅ ਸਕੂਲ ’ਚ ਪੜ੍ਹਦੇ ਸਮੇਂ ਹੋਈ ਸੀ।

ਨਿਊਯਾਰਕ ਪੋਸਟ ਦੀ ਖਬਰ ਮੁਤਾਬਕ ਜੇਕਰ ਵੇਂਸ ਚੋਣ ਜਿੱਤ ਜਾਂਦੇ ਹਨ ਤਾਂ ਊਸ਼ਾ ਉਪ ਰਾਸ਼ਟਰਪਤੀ ਦੀ ਪਤਨੀ ਬਣਨ ਵਾਲੀ ਪਹਿਲੀ ਹਿੰਦੂ ਮਹਿਲਾ ਹੋਵੇਗੀ। ਅਤੇ ਉਹ ‘ਸੈਕੰਡ ਜੈਂਟਲਮੈਨ’ (ਉਪ ਰਾਸ਼ਟਰਪਤੀ ਦੇ ਪਤੀ) ਡੱਗ ਐਮਹੋਫ ਦੀ ਥਾਂ ਲਵੇਗੀ। ਐਮਹੋਫ ਦੇਸ਼ ਦੇ ਪਹਿਲੇ ਯਹੂਦੀ ਹਨ ਜੋ ਉਪ ਰਾਸ਼ਟਰਪਤੀ ਦੇ ਜੀਵਨਸਾਥੀ ਹਨ।

‘ਨਿਊਯਾਰਕ ਟਾਈਮਜ਼’ ’ਚ ਪ੍ਰਕਾਸ਼ਿਤ ਜਾਣ-ਪਛਾਣ ਮੁਤਾਬਕ ਵੇਂਸ ਜੋੜੇ ਦਾ ਵਿਆਹ 2014 ’ਚ ਕੈਂਟਕੀ ’ਚ ਹੋਇਆ ਸੀ ਅਤੇ ਇਕ ਵੱਖਰੇ ਸਮਾਰੋਹ ’ਚ ਉਨ੍ਹਾਂ ਨੇ ਹਿੰਦੂ ਰਸਮਾਂ ਅਨੁਸਾਰ ਵੀ ਵਿਆਹ ਕੀਤਾ। ਵੇਂਸ ਦੇ ਦੋ ਪੁੱਤਰ, ਇਵਾਨ ਅਤੇ ਵਿਵੇਕ ਅਤੇ ਇਕ ਧੀ, ਮੀਰਾਬੇਲ ਹੈ।
ਡੋਨਾਲਡ ਟਰੰਪ ਨੇ ਸੋਮਵਾਰ ਨੂੰ ਵੇਂਸ ਨੂੰ ਉਪ ਰਾਸ਼ਟਰਪਤੀ ਅਹੁਦੇ ਲਈ ਅਪਣਾ ਉਮੀਦਵਾਰ ਚੁਣਿਆ। ਵੇਂਸ ਕਦੇ ਟਰੰਪ ਦੇ ਆਲੋਚਕ ਸਨ ਪਰ ਉਦੋਂ ਤੋਂ ਦੋਵੇਂ ਕਰੀਬੀ ਸਹਿਯੋਗੀ ਬਣ ਗਏ ਹਨ।