ਪੁਲ ਡਿਗਣ ਤੋਂ ਬਾਅਦ ਇਟਲੀ ਦੇ ਪ੍ਰਧਾਨ ਮੰਤਰੀ ਨੇ ਐਲਾਨੀ 12 ਮਹੀਨੇ ਦੀ ਐਮਰਜੈਂਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਟਲੀ ਦੇ ਜੇਨੋਆ ਵਿਚ ਇਕ ਪੁਲ ਦੇ ਢਹਿਣ ਨਾਲ 39 ਲੋਕਾਂ ਦੀ ਮੌਤ ਹੋ ਗਈ............

Giuseppe Conte

ਜੇਨੋਆ : ਇਟਲੀ ਦੇ ਜੇਨੋਆ ਵਿਚ ਇਕ ਪੁਲ ਦੇ ਢਹਿਣ ਨਾਲ 39 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਜਯੂਸਪੇ ਕਾਂਟੇ ਨੇ ਉਥੇ 12 ਮਹੀਨੇ ਲਈ ਐਮਰਜੈਂਸੀ ਦਾ ਐਲਾਨ ਕਰ ਦਿਤਾ ਹੈ। ਇੰਨਾ ਹੀ ਨਹੀਂ, ਪ੍ਰਧਾਨ ਮੰਤਰੀ ਕਾਂਟੇ ਨੇ ਜਾਂਚ ਅਤੇ ਬਚਾਅ ਕਾਰਜ ਲਈ 50 ਲੱਖ ਯੂਰੋ ਯਾਨੀ ਕਰੀਬ 40 ਕਰੋੜ ਰੁਪਏ ਵੀ ਵੰਡਣ ਦਾ ਐਲਾਨ ਕੀਤਾ ਹੈ। ਜਯੂਸਪੇ ਕਾਂਟੇ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਇਸ ਡਿਗੇ ਮੋਰਾਂਦੀ ਪੁਲ ਦੇ ਰਖ ਰਖਾਅ ਲਈ ਜ਼ਿੰਮੇਵਾਰ ਨਿੱਜੀ ਕੰਪਨੀ ਆਟੋਸਟ੍ਰੇਡ ਨੂੰ ਮਿਲੀ ਰਿਆਇਤ ਵੀ ਵਾਪਸ ਲਵੇਗਾ।

ਕਾਂਟੇ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਤ੍ਰਾਸਦੀਆਂ ਮਾਡਰਨ ਸੁਸਾਇਟੀ ਵਿਚ ਅਸਵੀਕਾਰਯੋਗ ਹਨ। ਦਸ ਦਈਏ ਕਿ ਪੁਲ ਡਿਗਣ ਦੇ ਇਕ ਦਿਨ ਬਾਅਦ ਬੁਧਵਾਰ ਸ਼ਾਮ ਤਕ ਲੋਕਾਂ ਦੇ ਦਬੇ ਹੋਣ ਦੇ ਸ਼ੱਕ ਕਾਰਨ ਬਚਾਅ ਕਾਰਜ ਚਲਦੇ ਰਹੇ। ਦਸ ਦਈਏ ਕਿ ਇਤਾਲਵੀ ਨਾਗਰਿਕ ਸੰਭਾਲ ਏਜੰਸੀ ਦੇ ਮੁਖੀ ਐਂਗੇਲੋ ਬੋਰੇਲੀ ਨੇ ਦਸਿਆ ਕਿ ਇਸ ਹਾਦਸੇ ਵਿਚ 13 ਲੋਕ ਜ਼ਖ਼ਮੀ ਹੋਏ ਹਨ। ਇਟਲੀ ਦੇ ਗ੍ਰਹਿ ਮੰਤਰੀ ਮਾਤੇਓ ਸਾਲਵਿਨੀ ਨੇ ਦਸਿਆ ਕਿ ਮਰਨ ਵਾਲਿਆਂ ਵਿਚ 8, 12 ਅਤੇ 13 ਸਾਲ ਦੇ ਬੱਚੇ ਵੀ ਸ਼ਾਮਲ ਹਨ।

ਮੰਗਲਵਾਰ ਨੂੰ ਉਤਰੀ ਬੰਦਰਗਾਹ ਸ਼ਹਿਰ ਵਿਚ ਭਾਰੀ ਬਾਰਿਸ਼ ਦੌਰਾਲ ਮੋਰਾਂਦੀ ਪੁਲ ਦਾ ਵੱਡਾ ਹਿੱਸਾ ਢਹਿ ਗਿਆ ਸੀ, ਜਿਸ ਦੀ ਵਜ੍ਹਾ ਨਾਲ ਕਰੀਬ 35 ਕਾਰਾਂ ਅਤੇ ਕਈ ਟਰੱਕ 45 ਮੀਟਰ ਯਾਨੀ 150 ਫੁੱਟ ਹੇਠਾਂ ਰੇਲ ਦੀਆਂ ਪੱਟੜੀਆਂ 'ਤੇ ਡਿਗ ਗਏ ਸਨ। ਇਤਾਲਵੀ ਫਾਇਰ ਸੇਵਾ ਨੇ ਦਸਿਆ ਸੀ ਕਿ ਸ਼ਹਿਰ ਦੇ ਪੱਛਮ ਵਿਚ ਉਦਯੋਗਿਕ ਖੇਤਰ ਵਿਚ ਸਥਿਤ ਪੁਲ ਦਾ ਇਕ ਹਿੱਸਾ ਦੁਪਹਿਰ ਕਰੀਬ 10 ਵਜੇ ਢਹਿ ਗਿਆ। ਇਹ ਹਾਦਸਾ ਉਸ ਹਾਈਵੇਅ 'ਤੇ ਵਾਪਰਿਆ ਜੋ ਇਟਲੀ ਨੂੰ ਫਰਾਂਸ ਅਤੇ ਹੋਰ ਛੁੱਟੀਆਂ ਮਨਾਉਣ ਵਾਲੇ ਰਿਜ਼ਾਰਟ ਨਾਲ ਜੋੜਦਾ ਹੈ। ਇਹ ਘਟਨਾ ਇਤਾਲਵੀ ਛੁੱਟੀ ਫਰਾਰਗੇਸਤੋ ਦੇ ਇਕ ਦਿਨ ਪਹਿਲਾਂ ਵਾਪਰੀ ਹੈ।

ਪੁਲ 'ਤੇ ਆਵਾਜਾਈ ਆਮ ਦਿਨਾਂ ਦੀ ਤੁਲਨਾ ਵਿਚ ਜ਼ਿਆਦਾ ਰਹੀ ਹੋਵੇਗੀ ਕਿਉਂਕਿ ਕਈ ਇਤਾਲਵੀ ਇਸ ਦੌਰਾਨ ਸਮੁੰਦਰ ਤੱਟਾਂ ਜਾਂ ਪਰਬਤੀ ਇਲਾਕਿਆਂ ਵਿਚ ਜਾਂਦੇ ਹਨ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਦਸਿਆ ਸੀ ਕਿ ਗੈਸ ਲਾਈਨਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਖ਼ਬਰ ਏਜੰਸੀ ਵਲੋਂ ਜਾਰੀ ਤਸਵੀਰ ਵਿਚ ਦਿਖਾਇਆ ਗਿਆ ਹੈ ਕਿ ਪੁਲ ਦੇ ਦੋਵੇਂ ਹਿੱਸਿਆਂ ਦੇ ਵਿਚਕਾਰ ਵੱਡੀ ਖਾਈ ਹੈ। ਦੇਸ਼ ਦੇ ਟਰਾਂਸਪੋਰਟ ਮੰਤਰੀ ਡੈਨਿਲੋ ਟੋਨੀਨੇਲੀ ਨੇ ਟਵਿੱਟਰ 'ਤੇ ਕਿਹਾ ਸੀ ਕਿ ਮੈਂ ਜਿਨੋਵਾ ਵਿਚ ਜੋ ਕੁੱਝ ਵੀ ਹੋ ਰਿਹਾ ਹੈ, ਉਸ 'ਤੇ ਨਜ਼ਰ ਰੱਖ ਰਿਹਾ ਹਾਂ। ਇਹ ਬੜੀ ਦੁਖ਼ਦ ਘਟਨਾ ਹੈ।