ਡੋਨਾਲਡ ਟਰੰਪ ਦੇ ਛੋਟੇ ਭਰਾ ਰੌਬਰਟ ਟਰੰਪ ਦੀ ਹੋਈ ਮੌਤ
ਯੂਐਸ ਮੀਡੀਆ ਦੀਆਂ ਰਿਪੋਰਟਾਂ ਵਿਚ ਪਹਿਲਾਂ ਵੀ ਕਈ ਵਾਰ ਰੌਬਰਟ ਟਰੰਪ ਦੀ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ
ਵਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਛੋਟੇ ਭਰਾ ਰੌਬਰਟ ਟਰੰਪ ਦੀ 72 ਸਾਲ ਦੀ ਉਮਰ ਵਿਚ ਮੌਤ ਹੋ ਗਈ ਹੈ। ਵ੍ਹਾਈਟ ਹਾਊਸ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਰਾਸ਼ਟਰਪਤੀ ਨੇ ਸ਼ੁੱਕਰਵਾਰ ਦੁਪਹਿਰ ਨੂੰ ਨਿਊਯਾਰਕ ਦੇ ਹਸਪਤਾਲ ਦਾ ਦੌਰਾ ਕੀਤਾ ਅਤੇ ਉਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਭਰਾ ਬਹੁਤ ਸਾਰੀਆਂ ਮੁਸ਼ਕਲਾਂ ਵਿੱਚੋਂ ਲੰਘ ਰਿਹਾ ਸੀ।
ਡੋਨਾਲਡ ਟਰੰਪ ਨੇ ਵੀ ਸ਼ਨੀਵਾਰ ਨੂੰ ਇਕ ਬਿਆਨ ਵਿਚ ਆਪਣੇ ਭਰਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਸਿਰਫ ਮੇਰਾ ਭਰਾ ਨਹੀਂ ਸੀ, ਉਹ ਮੇਰਾ ਸਭ ਤੋਂ ਚੰਗਾ ਦੋਸਤ ਸੀ। ਯੂਐਸ ਮੀਡੀਆ ਦੀਆਂ ਰਿਪੋਰਟਾਂ ਵਿਚ ਪਹਿਲਾਂ ਵੀ ਕਈ ਵਾਰ ਰੌਬਰਟ ਟਰੰਪ ਦੀ ਬਿਮਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਰੌਬਰਟ ਟਰੰਪ ਕਾਫ਼ੀ ਬਿਮਾਰ ਸਨ, ਪਰ ਅਜੇ ਤਕ ਇਹ ਸਪਸ਼ਟ ਨਹੀਂ ਹੋਇਆ ਹੈ ਕਿ ਉਹ ਕਿਸ ਬਿਮਾਰੀ ਤੋਂ ਪੀੜਤ ਸਨ।
'ਮੈਨੂੰ ਉਸ ਦੀ ਬੜੀ ਯਾਦ ਆਵੇਗੀ ਅਤੇ ਅਸੀਂ ਫਿਰ ਕਦੇ ਮਿਲਾਂਗੇ' ਆਪਣੇ ਭਰਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਟਰੰਪ ਨੇ ਕਿਹਾ ਕਿ ਭਰੇ ਮਨ ਨਾਲ ਮੈਂ ਤੁਹਾਨੂੰ ਦੱਸ ਰਿਹਾ ਹਾਂ ਕਿ ਮੇਰੇ ਪਿਆਰੇ ਭਰਾ ਰੌਬਰਟ ਟਰੰਪ ਨੇ ਬੀਤੀ ਰਾਤ ਆਪਣਾ ਆਖਰੀ ਸਾਹ ਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਉਸਨੂੰ ਬਹੁਤ ਯਾਦ ਕਰਾਂਗਾ ਅਤੇ ਅਸੀਂ ਨਿਸ਼ਚਤ ਤੌਰ ਉਤੇ ਦੁਬਾਰਾ ਮਿਲਾਂਗੇ। ਮੈਂ ਹਮੇਸ਼ਾਂ ਉਸ ਨੂੰ ਯਾਦ ਕਰਾਂਗਾ। ਰੌਬਰਟ ਮੈਂ ਤੁਹਾਨੂੰ ਪਿਆਰ ਕਰਦਾ ਹਾਂ।