ਅਮਰੀਕੀ ਪ੍ਰਤੀਨਿਧੀ ਸਭਾ ਨੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਦੇ ਸਨਮਾਨ ਵਿਚ ਬਿਲ ਕੀਤਾ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਕ ਸਾਲ ਪਹਿਲਾਂ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਦਾ ਕੀਤਾ ਗਿਆ ਸੀ ਕਤਲ

Sandeep Singh Dhaliwal Grove

ਵਾਸ਼ਿੰਗਟਨ: ਅਮਰੀਕੀ ਪ੍ਰਤੀਨਿਧੀ ਸਭਾ ਨੇ ਹਿਊਸਟਨ ਵਿਚ ਇਕ ਡਾਕ-ਘਰ ਦਾ ਨਾਮ ਭਾਰਤੀ ਮੂਲ ਦੇ ਅਮਰੀਕੀ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੇ ਨਾਮ 'ਤੇ ਰੱਖਣ ਵਾਲੇ ਇਕ ਬਿਲ ਨੂੰ ਸਰਬਸੰਮਤੀ ਨਾਲ ਪਾਸ ਕਰ ਦਿਤਾ ਹੈ।

ਇਕ ਸਾਲ ਪਹਿਲਾਂ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ। ਬਿਲ 'ਡਿਪਟੀ ਸੰਦੀਪ ਸਿੰਘ ਧਾਲੀਵਾਲ ਪੋਸਟ ਆਫ਼ਿਸ ਐਕਟ' ਨੂੰ ਟੈਕਸਾਸ ਦੇ ਪੂਰੇ ਵਫ਼ਦ ਵਲੋਂ ਪੇਸ਼ ਕੀਤਾ ਗਿਆ।

ਕਾਂਗਰਸੀ ਮੈਂਬਰ ਲੀਜ਼ੀ ਫ਼ਲੇਚਰ ਨੇ ਕਿਹਾ ਕਿ“ਡਿਪਟੀ ਸੰਦੀਪ ਸਿੰਘ ਧਾਲੀਵਾਲ ਨੇ ਸਾਡੇ ਭਾਈਚਾਰੇ ਦੀ ਸੱਭ ਤੋਂ ਉਤਮ ਨੁਮਾਇੰਦਗੀ ਕੀਤੀ। ਉਨ੍ਹਾਂ ਨੇ ਅਪਣੀ ਜ਼ਿੰਦਗੀ ਵਿਚ ਸਮਾਨਤਾ, ਸੰਪਰਕ ਅਤੇ ਦੂਜਿਆਂ ਦੀ ਸੇਵਾ ਕਰਦਿਆਂ ਭਾਈਚਾਰੇ ਲਈ ਕੰਮ ਕੀਤਾ।

42 ਸਾਲਾ ਸੰਦੀਪ ਸਿੰਘ ਧਾਲੀਵਾਲ ਟੈਕਸਾਸ ਪੁਲਿਸ ਵਿਚ ਸ਼ਾਮਲ ਹੋਣ ਵਾਲੇ ਸੱਭ ਤੋਂ ਪਹਿਲੇ ਸਿੱਖ ਸਨ, ਜਿਨ੍ਹਾਂ ਦੀ ਹਤਿਆ 27 ਸਤੰਬਰ, 2019 ਨੂੰ ਡਿਊਟੀ ਦੌਰਾਨ ਕੀਤੀ ਗਈ ਸੀ। ਜੇਕਰ ਇਸ 'ਤੇ ਦਸਤਖ਼ਤ ਕੀਤੇ ਜਾਂਦੇ ਹਨ, ਤਾਂ ਕਿਸੇ ਭਾਰਤੀ-ਅਮਰੀਕੀ ਦੇ ਨਾਮ 'ਤੇ ਇਹ ਦੂਜਾ ਡਾਕਘਰ ਹੋਵੇਗਾ।

ਇਸ ਤੋਂ ਪਹਿਲਾਂ 2006 ਵਿਚ ਦਖਣੀ ਕੈਲੀਫ਼ੋਰਨੀਆ ਵਿਚ ਪਹਿਲੇ ਭਾਰਤੀ-ਅਮਰੀਕੀ ਕਾਂਗਰਸੀ, ਦਲੀਪ ਸਿੰਘ ਸੌਂਦ ਦੇ ਨਾਂ 'ਤੇ ਰਖਿਆ ਗਿਆ ਸੀ। ਉਪ ਸੰਦੀਪ ਸਿੰਘ ਧਾਲੀਵਾਲ ਡਾਕਘਰ ਐਕਟ ਨੂੰ ਹੁਣ ਸੈਨੇਟ ਦੁਆਰਾ ਪਾਸ ਕਰਾਉਣਾ ਪਵੇਗਾ ਤਾਕਿ ਵ੍ਹਾਈਟ ਹਾਊਸ ਵਿਚ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਕਾਨੂੰਨ ਵਿਚ ਦਸਤਖ਼ਤ ਕਰਨ ਲਈ ਭੇਜਿਆ ਜਾ ਸਕੇ।

ਧਾਲੀਵਾਲ ਦੀ ਪਤਨੀ ਹਰਵਿੰਦਰ ਕੌਰ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਹਰਵਿੰਦਰ ਕੌਰ ਨੇ ਕਿਹਾ,“''ਉਨ੍ਹਾਂ ਦੇ ਬਾਅਦ ਇਕ ਡਾਕਘਰ ਦਾ ਨਾਮਕਰਨ ਉਨ੍ਹਾਂ ਦੇ ਕੰਮ ਅਤੇ ਸਮਰਪਣ ਦਾ ਸਨਮਾਨ ਹੋਵੇਗਾ ਅਤੇ ਮੈਨੂੰ ਖ਼ੁਸ਼ੀ ਹੈ ਕਿ ਇਹ ਬਿਲ ਅੱਜ ਸਦਨ ਨੇ ਪਾਸ ਕਰ ਦਿਤਾ।