ਪਾਕਿਸਤਾਨ ਵਿਚ ਤੇਲ ਕੰਪਨੀ ਦੇ ਕਾਫ਼ਲੇ 'ਤੇ ਅਤਿਵਾਦੀ ਹਮਲਾ, 14 ਲੋਕਾਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਾਜ਼ਸ਼ ਤਹਿਤ ਹੋਇਆ ਹਮਲਾ, ਅਤਿਵਾਦੀਆਂ ਨੂੰ ਕਾਫ਼ਲੇ ਦੇ ਆਉਣ ਦੀ ਸੀ ਜਾਣਕਾਰੀ : ਅਧਿਕਾਰੀ

image

ਕਰਾਚੀ, 16 ਅਕਤੂਬਰ : ਪਾਕਿਸਤਾਨ ਦੇ ਅਸ਼ਾਂਤ ਦਖਣੀ ਪਛਮੀ ਸੂਬੇ ਬਲੋਚਿਸਤਾਨ ਵਿਚ ਤੇਲ ਅਤੇ ਗੈਸ ਕਰਮਚਾਰੀਆਂ ਦੇ ਇਕ ਕਾਫ਼ਲੇ ਨੂੰ ਅਤਿਵਾਦੀਆਂ ਨੇ ਨਿਸ਼ਾਨਾ ਬਣਾਇਆ, ਜਿਸ ਵਿਚ ਸੱਤ ਫ਼ੌਜੀਆਂ ਸਮੇਤ 14 ਲੋਕਾਂ ਦੀ ਮੌਤ ਹੋ ਗਈ। ਰੇਡੀਉ ਪਾਕਿਸਤਾਨ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਇਹ ਹਮਲਾ ਵੀਰਵਾਰ ਨੂੰ ਸਰਕਾਰੀ ਤੇਲ ਅਤੇ ਗੈਸ ਕੰਪਨੀ ਦੇ ਕਰਮਚਾਰੀਆਂ 'ਤੇ ਗਵਾਦਰ ਜ਼ਿਲ੍ਹੇ ਦੇ ਔਰਮਾਰਾ ਕਸਬੇ ਵਿਚ ਹੋਇਆ।

image


 ਪਾਕਿਸਤਾਨੀ ਫ਼ੌਜ ਦੀ ਮੀਡੀਆ ਬ੍ਰਾਂਚ ਅੰਤਰ-ਸੇਵਾ ਜਨ ਸੰਪਰਕ (ਆਈਐਸਪੀਆਰ) ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਦਸਿਆ ਕਿ ਹਮਲੇ ਦੌਰਾਨ ਗੋਲੀਬਾਰੀ ਵਿਚ ਅਤਿਵਾਦੀਆਂ ਨੂੰ ਵੀ ਨੁਕਸਾਨ ਪੁੱਜਾ ਹੈ। ਇਸ ਹਮਲੇ ਵਿਚ ਫ਼ਰੰਟੀਅਰ ਕੋਰ (ਐਫ਼.ਸੀ) ਦੇ ਸੱਤ ਫ਼ੌਜੀ ਅਤੇ ਸੱਤ ਨਿਜੀ ਸੁਰੱਖਿਆ ਗਾਰਡ ਦੀ ਮੌਤ ਹੋ ਗਈ। ਗਵਾਦਰ ਵਿਚ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ,''ਅਤਿਵਾਦੀਆਂ ਨੇ ਬਲੋਚਿਸਤਾਨ-ਹਬ-ਕਰਾਚੀ ਰਾਜਮਾਰਗ 'ਤੇ ਅੋਰਮਾਰਾ ਨੇੜੇ ਪਹਾੜਾਂ ਤੋਂ ਕਾਫ਼ਲੇ 'ਤੇ ਹਮਲਾ ਕੀਤਾ। ਘਟਨਾ ਦੌਰਾਨ ਦੋਹਾਂ ਪਾਸਿਉ ਭਾਰੀ ਗੋਲੀਬਾਰੀ ਹੋਈ। ਇਹ ਕਾਫ਼ਲਾ ਗਵਾਦਰ ਤੋਂ ਕਰਾਚੀ ਪਰਤ ਰਿਹਾ ਸੀ।''


 ਉਨ੍ਹਾਂ ਦਸਿਆ ਕਿ ਇਸ ਹਮਲੇ ਨੂੰ ਸਾਜ਼ਸ਼ ਰਚ ਕੇ ਅੰਜਾਮ ਦਿਤਾ ਗਿਆ ਹੈ ਅਤੇ ਅਤਿਵਾਦੀਆਂ ਨੂੰ ਪਹਿਲਾਂ ਹੀ ਕਾਫ਼ਲੇ ਦੇ ਕਰਾਚੀ ਜਾਣ ਦੀ ਜਾਣਕਾਰੀ ਸੀ। ਅਤਿਵਾਦੀ ਕਾਫ਼ਲੇ ਦੀ ਉਡੀਕ ਕਰ ਰਹੇ ਸਨ। ਐਫ਼ ਸੀ ਦੇ ਹੋਰ ਕਰਮਚਾਰੀ ਕਾਫ਼ਲੇ ਨੂੰ ਸੁਰੱਖਿਅਤ ਸਥਾਨ 'ਤੇ ਪਹੁੰਚਾਉਣ ਵਿਚ ਸਫ਼ਲ ਰਹੇ। ਚੀਨ-ਪਾਕਿਸਤਾਨ ਆਰਥਕ ਲਾਂਘੇ (ਸੀ.ਪੀ.ਈ.ਸੀ) ਦੀ ਮੁੱਖ ਵਿਕਾਸ ਯੋਜਨਾਵਾਂ ਵਿਚ ਗਵਾਦਰ ਬੰਦਰਗਾਹ ਅਹਿਮ ਹੈ ਅਤੇ ਸਰਕਾਰੀ ਸੰਸਥਾਨਾਂ ਦੇ ਅਧਿਕਾਰੀ ਅਤੇ ਵਿਦੇਸ਼ੀ ਕਰਮਚਾਰੀ ਇਥੇ ਭਾਰੀ ਸੁਰੱਖਿਆ ਵਿਚਾਲੇ ਕੰਮ ਕਰਦੇ ਹਨ। ਕਿਸੇ ਵੀ ਪਾਬੰਦੀਸ਼ੁਦਾ ਵੱਖਵਾਦੀ ਸੰਗਠਨ, ਅਤਿਵਾਦੀ ਸੰਗਠਨ ਜਾਂ ਕਿਸੇ ਹੋਰ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਰੇਡੀਉ ਪਾਕਿਸਤਾਨ ਦੀ ਖ਼ਬਰ ਮੁਤਾਬਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਸ ਹਮਲੇ ਦੀ ਨਿੰਦਾ ਕਰਦੇ ਹੋਏ ਇਸ 'ਤੇ ਰਿਪੋਰਟ ਮੰਗੀ ਹੈ। ਖ਼ਾਨ ਨੇ ਮ੍ਰਿਤਕਾਂ ਦੇ ਪ੍ਰਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ। (ਪੀਟੀਆਈ)