ਕੈਨੇਡਾ ਪੁਲਿਸ ਦੇ ਉੱਚ ਅਧਿਕਾਰੀ ਨੇ ਸਿੱਖਾਂ ਨੂੰ ਅੱਗੇ ਆਉਣ ਅਤੇ ਜਾਂਚ ’ਚ ਸਹਿਯੋਗ ਕਰਨ ਦੀ ਕੀਤੀ ਅਪੀਲ
ਭਾਰਤ ਨੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।
ਓਟਾਵਾ: ਕੈਨੇਡਾ ਦੀ ਧਰਤੀ ’ਤੇ ਹਿੰਸਾ ਨਾਲ ਭਾਰਤ ਸਰਕਾਰ ਦੇ ਸਬੰਧਾਂ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਦੇਸ਼ ਦੀ ਕੌਮੀ ਪੁਲਿਸ ਫੋਰਸ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰ.ਸੀ.ਐਮ.ਪੀ.) ਦੇ ਮੁਖੀ ਨੇ ਇੱਥੇ ਸਿੱਖਾਂ ਨੂੰ ਅੱਗੇ ਆਉਣ ਅਤੇ ਜਾਂਚ ’ਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਕੈਨੇਡਾ ਦੇ ਜਨਤਕ ਪ੍ਰਸਾਰਕ ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ.) ਨੇ ਦਸਿਆ ਕਿ ਮੰਗਲਵਾਰ ਨੂੰ ਰੇਡੀਓ ਕੈਨੇਡਾ ਨਾਲ ਇਕ ਇੰਟਰਵਿਊ ਵਿਚ ਆਰ.ਸੀ.ਐਮ.ਪੀ. ਕਮਿਸ਼ਨਰ ਮਾਈਕ ਡੂਹੇਮ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਜੇ ਉਨ੍ਹਾਂ ਕੋਲ ਕੋਈ ਜਾਣਕਾਰੀ ਹੈ ਤਾਂ ਉਹ ਅੱਗੇ ਆਉਣ ਅਤੇ ਆਰ.ਸੀ.ਐਮ.ਪੀ. ਦੀ ਜਾਂਚ ਵਿਚ ਸਹਿਯੋਗ ਕਰਨ।
ਡੂਹੇਮ ਨੇ ਸੋਮਵਾਰ ਨੂੰ ਜਨਤਕ ਤੌਰ ’ਤੇ ਦੋਸ਼ ਲਾਇਆ ਸੀ ਕਿ ਭਾਰਤ ਸਰਕਾਰ ਦੇ ‘ਏਜੰਟ’ ਨੇ ਕੈਨੇਡਾ ਵਿਚ ਕਤਲਾਂ ਸਮੇਤ ‘ਵਿਆਪਕ’ ਹਿੰਸਾ ਵਿਚ ਭੂਮਿਕਾ ਨਿਭਾਈ ਸੀ।
ਡੂਹੇਮ ਨੇ ਦੋਸ਼ ਲਾਇਆ ਕਿ ਕੈਨੇਡਾ ਵਿਚ ਭਾਰਤੀ ਡਿਪਲੋਮੈਟ ਅਤੇ ਕੌਂਸਲਰ ਅਧਿਕਾਰੀ ਸਥਾਨਕ ਵਸਨੀਕਾਂ ਅਤੇ ਕੈਨੇਡਾ ਦੇ ਵਸਨੀਕਾਂ ਵਿਰੁਧ ਕਤਲਾਂ ਅਤੇ ‘ਜਬਰੀ ਵਸੂਲੀ, ਧਮਕੀਆਂ ਅਤੇ ਜ਼ਬਰਦਸਤੀ ਅਪਰਾਧਾਂ’ ਨਾਲ ਜੁੜੇ ਹੋਏ ਹਨ।
ਉਨ੍ਹਾਂ ਪੱਤਰਕਾਰਾਂ ਨੂੰ ਦਸਿਆ ਕਿ ਕੌਮੀ ਪੁਲਿਸ ਫੋਰਸ ਨੇ ਮਹਿਸੂਸ ਕੀਤਾ ਕਿ ਕੈਨੇਡਾ ’ਚ ਕੰਮ ਕਰ ਰਹੇ ਇਸ ਨੈੱਟਵਰਕ ਨੂੰ ਖਤਮ ਕਰਨ ਲਈ ਲੋਕਾਂ ਨੂੰ ਖੁੱਲ੍ਹ ਕੇ ਅੱਗੇ ਆਉਣਾ ਜ਼ਰੂਰੀ ਹੈ। ਉਨ੍ਹਾਂ ਨੇ ਇਸ ਨੂੰ ‘ਦੇਸ਼ ਦੀ ਜਨਤਕ ਸੁਰੱਖਿਆ ਲਈ ਖਤਰਾ’ ਦਸਿਆ।
ਉਨ੍ਹਾਂ ਨੇ ਰੇਡੀਓ ਕੈਨੇਡਾ ਨੂੰ ਦਿਤੇ ਇੰਟਰਵਿਊ ’ਚ ਕਿਹਾ, ‘‘ਜੇਕਰ ਲੋਕ ਆਉਂਦੇ ਹਨ ਤਾਂ ਅਸੀਂ ਉਨ੍ਹਾਂ ਦੀ ਮਦਦ ਕਰ ਸਕਦੇ ਹਾਂ ਅਤੇ ਜੇਕਰ ਉਹ ਆ ਸਕਦੇ ਹਨ ਤਾਂ ਮੈਂ ਉਨ੍ਹਾਂ ਨੂੰ ਅੱਗੇ ਆਉਣ ਦੀ ਅਪੀਲ ਕਰਦਾ ਹਾਂ।’’
ਉਨ੍ਹਾਂ ਕਿਹਾ, ‘‘ਲੋਕ ਸੁਰੱਖਿਅਤ ਮਹਿਸੂਸ ਕਰਨ ਲਈ ਕੈਨੇਡਾ ਆਉਂਦੇ ਹਨ ਅਤੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਵਜੋਂ ਸਾਡਾ ਕੰਮ ਲੋਕਾਂ ਨੂੰ ਇਹ ਮਹਿਸੂਸ ਕਰਵਾਉਣਾ ਹੈ ਕਿ ਉਹ ਅਜਿਹੇ ਵਾਤਾਵਰਣ ’ਚ ਹਨ ਜੋ ਉਨ੍ਹਾਂ ਲਈ ਰਹਿਣ ਲਈ ਸੁਰੱਖਿਅਤ ਹੈ।’’
ਇਹ ਪੁੱਛੇ ਜਾਣ ’ਤੇ ਕਿ ਕੀ ਭਾਰਤੀ ਪ੍ਰਵਾਸੀਆਂ ਨੂੰ ਅਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹੋਣਾ ਚਾਹੀਦਾ ਹੈ, ਡੂਹੇਮ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤੀ ਪ੍ਰਵਾਸੀਆਂ ਨੂੰ ਪੁਲਿਸ ਦੇ ਅਧਿਕਾਰ ਖੇਤਰ ’ਚ ਭਰੋਸਾ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਧਰਤੀ ’ਤੇ ਹਿੰਸਾ ਦੇ ਮਾਮਲਿਆਂ ਵਿਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਆਰ.ਸੀ.ਐਮ.ਪੀ. ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਅੱਗੇ ਆਉਣ ਅਤੇ ਜਾਂਚ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ।
ਆਰ.ਸੀ.ਐਮ.ਪੀ. ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਬਿਸ਼ਨੋਈ ਗੈਂਗ, ਜੋ ਦੇਸ਼ ’ਚ ਦਖਣੀ ਏਸ਼ੀਆਈ ਭਾਈਚਾਰੇ, ਖਾਸ ਕਰ ਕੇ ‘ਖਾਲਿਸਤਾਨੀ ਸਮਰਥਕ ਤੱਤਾਂ’ ਨੂੰ ਨਿਸ਼ਾਨਾ ਬਣਾ ਰਿਹਾ ਹੈ, ਭਾਰਤ ਸਰਕਾਰ ਦੇ ਇਕ ‘ਏਜੰਟ’ ਨਾਲ ਜੁੜਿਆ ਹੋਇਆ ਹੈ।
ਭਾਰਤ ਨੇ ਕੈਨੇਡਾ ਦੇ ਅਧਿਕਾਰੀਆਂ ਵਲੋਂ ਭਾਰਤੀ ਏਜੰਟ ਨੂੰ ਕੈਨੇਡਾ ਦੇ ਅਪਰਾਧਕ ਗਿਰੋਹਾਂ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਨੂੰ ਸਖਤੀ ਨਾਲ ਰੱਦ ਕਰ ਦਿਤਾ ਹੈ। ਨਵੀਂ ਦਿੱਲੀ ਵਿਚ ਅਧਿਕਾਰਤ ਸੂਤਰਾਂ ਨੇ ਇਹ ਵੀ ਕਿਹਾ ਕਿ ਸਿੱਖ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਦੇ ਮਾਮਲੇ ਵਿਚ ਭਾਰਤ ਨਾਲ ਜਾਣਕਾਰੀ ਸਾਂਝੀ ਕਰਨ ਦਾ ਕੈਨੇਡਾ ਦਾ ਦਾਅਵਾ ਬਿਲਕੁਲ ਝੂਠਾ ਹੈ।
ਨਵੀਂ ਦਿੱਲੀ ਦੇ ਸੂਤਰਾਂ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਇਸ ਦੋਸ਼ ਨੂੰ ਵੀ ਖਾਰਜ ਕਰ ਦਿਤਾ ਕਿ ਭਾਰਤ ਉਨ੍ਹਾਂ ਦੇ ਦੇਸ਼ ’ਚ ਕੈਨੇਡੀਅਨਾਂ ਨੂੰ ਨਿਸ਼ਾਨਾ ਬਣਾ ਕੇ ਗੁਪਤ ਕਾਰਵਾਈਆਂ ’ਚ ਸ਼ਾਮਲ ਹੈ। ਭਾਰਤ ਨੇ ਸੋਮਵਾਰ ਨੂੰ 6 ਕੈਨੇਡੀਅਨ ਡਿਪਲੋਮੈਟਾਂ ਨੂੰ ਕੱਢਣ ਅਤੇ ਉੱਥੋਂ ਅਪਣੇ ਹਾਈ ਕਮਿਸ਼ਨਰ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਅਤੇ ਕੈਨੇਡਾ ਵਲੋਂ ਨਿੱਜਰ ਦੇ ਕਤਲ ਦੀ ਜਾਂਚ ਨਾਲ ਰਾਜਦੂਤ ਨੂੰ ਜੋੜਨ ਦੇ ਦੋਸ਼ਾਂ ਨੂੰ ਖਾਰਜ ਕਰ ਦਿਤਾ।