ਨਿਊਯਾਰਕ ਵਿਧਾਨ ਸਭਾ ਨੇ ਗੁਰੂ ਤੇਗ਼ ਬਹਾਦਰ ਜੀ ਦੇ ਸ਼ਤਾਬਦੀ ਦਿਹਾੜਿਆਂ ਨੂੰ ਦਿਤੀ ਮਾਨਤਾ
ਕਿਹਾ, ਗੁਰੂ ਜੀ ਦੀ ਕੁਰਬਾਨੀ ਸਿਖਾਉਂਦੀ ਹੈ ਮਨੁੱਖੀ ਅਧਿਕਾਰਾਂ ਲਈ ਜੂਝਦੇ ਰਹਿਣਾ
ਨਿਊਯਾਰਕ : ਭਾਵੇਂ ਪੰਥ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਬਣ ਚੁੱਕੇ ਰੋਜ਼ਾਨਾ ਸਪੋਕਸਮੈਨ ਵਲੋਂ ਸਮੇਂ ਸਮੇਂ ਪੰਥਕ ਖੇਤਰ ਦੀਆਂ ਦੁਨੀਆਂ ਭਰ 'ਚ ਵਾਪਰ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਾਉਣ ਲਈ ਨਿਰੰਤਰ ਸੇਵਾਵਾਂ ਜਾਰੀ ਹਨ ਪਰ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਅਤੇ ਪੰਥਕ ਗਤੀਵਿਧੀਆਂ 'ਚ ਡੂੰਘੀ ਦਿਲਚਸਪੀ ਰੱਖਣ ਵਾਲਿਆਂ ਲਈ ਇਹ ਖ਼ਬਰ ਪੂਰੇ ਮਾਣ ਤੇ ਸਤਿਕਾਰ ਨਾਲ ਪੜ੍ਹੀ ਜਾਵੇਗੀ ਕਿ ਨਿਊਯਾਰਕ (ਅਮਰੀਕਾ) ਦੀ ਵਿਧਾਨ ਸਭਾ ਵਲੋਂ ਗੁਰੂ ਤੇਗ਼ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਮਾਨਤਾ ਦਿੰਦਿਆਂ ਕੋਵਿਡ-19 ਦੌਰਾਨ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਵਲੋਂ ਦੁਨੀਆਂ ਭਰ 'ਚ ਕੀਤੇ ਗਏ ਸੇਵਾ ਕਾਰਜਾਂ ਦੀ ਵੀ ਭਰਪੂਰ ਪ੍ਰਸ਼ੰਸਾ ਕੀਤੀ ਗਈ।
ਗੁਰੂ ਤੇਗ਼ ਬਹਾਦਰ ਜੀ ਦਾ 345ਵਾਂ ਸ਼ਹੀਦੀ ਦਿਹਾੜਾ ਅਤੇ 400ਵਾਂ ਜਨਮ ਦਿਹਾੜਾ ਵਰਲਡ ਸਿੱਖ ਪਾਰਲੀਮੈਂਟ ਦੀਆਂ ਧਰਮ, ਸਿਵਲ ਅਤੇ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਕੌਂਸਲਾਂ ਵਲੋਂ ਨਿਊਯਾਰਕ ਸਿੱਖ ਸੈਂਟਰ ਦੇ ਗੁਰਦਵਾਰਾ ਸਾਹਿਬ 'ਚ ਮਨਾਇਆ ਗਿਆ। ਜਿਥੇ ਨਿਊਯਾਰਕ ਦੇ ਰਾਜ ਅਤੇ ਸ਼ਹਿਰੀ ਅਫ਼ਸਰਾਂ ਵਲੋਂ ਸ਼ਿਰਕਤ ਕਰਦਿਆਂ ਗੁਰੂ ਤੇਗ਼ ਬਹਾਦਰ ਜੀ ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਮਾਨਤਾ ਦਿਤੀ ਗਈ। ਨਿਊਯਾਰਕ ਵਿਧਾਨ ਸਭਾ ਦੀ ਕੈਟਾਲੀਨਾ ਕਰੂਜ਼ ਨੇ ਇਸ ਮੌਕੇ ਅਧਿਕਾਰਕ ਪੱਤਰ ਪੜ੍ਹਿਆ ਜਿਸ 'ਚ ਗੁਰੂ ਤੇਗ਼ ਬਹਾਦਰ ਜੀ ਵਲੋਂ ਮਨੁੱਖੀ ਅਧਿਕਾਰਾਂ ਅਤੇ ਇਨਸਾਫ਼ ਲਈ ਕੀਤੀ ਕੁਰਬਾਨੀ ਨੂੰ ਮਾਨਤਾ ਦਿੰਦਿਆਂ ਮਾਣ ਮਹਿਸੂਸ ਕੀਤਾ ਗਿਆ।
ਵਰਲਡ ਸਿੱਖ ਪਾਰਲੀਮੈਂਟ ਦੇ ਬੁਲਾਰਿਆਂ ਹਰਦਿਆਲ ਸਿੰਘ ਅਤੇ ਮਨਪ੍ਰੀਤ ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਦੇ ਇਸ ਪੱਤਰਕਾਰ ਨੂੰ ਈਮੇਲ ਰਾਹੀਂ ਭੇਜੇ ਪ੍ਰੈਸ ਨੋਟ 'ਚ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦਸਿਆ ਕਿ ਕੈਟਾਲੀਨਾ ਕਰੂਜ਼ ਨੇ ਵਰਲਡ ਸਿੱਖ ਪਾਰਲੀਮੈਂਟ ਵਰਗੀਆਂ ਸਾਰੀਆਂ ਸਿੱਖ ਜਥੇਬੰਦੀਆਂ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਚਲ ਰਹੇ ਭਲਾਈ ਕਾਰਜਾਂ ਨੂੰ ਵੀ ਅਧਿਕਾਰਕ ਤੌਰ 'ਤੇ ਮਾਨਤਾ ਦਿੰਦਿਆਂ ਭਰੋਸਾ ਦਿਤਾ ਕਿ ਉਨ੍ਹਾਂ ਵਲੋਂ ਨਿਊਯਾਰਕ ਵਿਧਾਨ ਸਭਾ 'ਚ ਗੁਰੂ ਤੇਗ਼ ਬਹਾਦਰ ਜੀ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਨੂੰ ਸਦੀਵੀ ਮਾਨਤਾ ਦੇਣ ਲਈ ਇਕ ਮਤਾ ਲਿਆਂਦਾ ਜਾਵੇਗਾ। ਉਨ੍ਹਾਂ ਵਲੋਂ ਗੁਰੂ ਸਾਹਿਬ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਮਨੁੱਖੀ ਅਧਿਕਾਰਾਂ ਪ੍ਰਤੀ ਵਚਨਬੱਧਤਾ ਦੇ ਦਿਨ ਵਜੋਂ ਮਨਾਉਣ ਲਈ ਵੀ ਹਾਮੀ ਭਰੀ ਗਈ।
ਇਸ ਮੌਕੇ ਉਨ੍ਹਾਂ ਦਸਿਆ ਕਿ ਨਿਊਯਾਰਕ ਵਿਧਾਨ ਸਭਾ ਨਾਲ ਸਬੰਧਤ ਜੈਸਿਕਾ ਗੋਂਜ਼ਲੇਜ਼-ਰੋਜਸ, ਡੋਨੋਵਾਨ ਰਿਚਰਡਜ਼ ਕੁਈਨਜ਼ ਦੇ ਬੋਰੋ ਦੇ ਪ੍ਰਧਾਨ, ਜ਼ੋਹਰਾਨ ਮਮਦਾਨੀ ਅਤੇ ਫੂਡ ਪੈਂਟਰੀ ਨਾਲ ਸਬੰਧਤ ਡੈਨੀਅਲ ਨੇ ਵੀ ਸ਼ਿਰਕਤ ਕਰਦਿਆਂ ਸਿੱਖ ਕੌਮ ਦੇ ਬਸ਼ਿੰਦਿਆਂ ਵਲੋਂ ਮਨੁੱਖੀ ਅਧਿਕਾਰਾਂ ਤੇ ਸਮਾਜ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਨਿਊਯਾਰਕ ਵਿਧਾਨ ਸਭਾ ਦੇ ਸਮੁੱਚੇ ਅਧਿਕਾਰੀਆਂ ਦਾ ਧਨਵਾਦ ਕਰਦਿਆਂ ਵਰਲਡ ਸਿੱਖ ਪਾਰਲੀਮੈਂਟ ਦੀਆਂ ਕੌਂਸਲਾਂ ਵਲੋਂ ਕੋਰੋਨਾ ਮਹਾਂਮਾਰੀ ਵਿਰੁਧ ਚਲ ਰਹੇ ਸੰਘਰਸ਼ ਨੂੰ ਜਾਰੀ ਰੱਖਣਾ ਵੀ ਯਕੀਨੀ ਬਣਾਇਆ। ਇਸ ਸਬੰਧੀ ਗੱਲ ਕਰਦਿਆਂ ਹਿੰਮਤ ਸਿੰਘ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਜੀ ਦੀ ਕੁਰਬਾਨੀ ਹਰ ਸਿੱਖ ਨੂੰ ਮਨੁੱਖੀ ਅਧਿਕਾਰਾਂ ਤੇ ਇਨਸਾਫ਼ ਲਈ ਜੂਝਦੇ ਰਹਿਣਾ ਸਿਖਾਉਂਦੀ ਹੈ।