ਗੈਂਬੀਆ 'ਚ ਬੱਚਿਆਂ ਦੀ ਮੌਤ ਦੇ ਮਾਮਲੇ 'ਚ ਖੰਘ ਦੀ ਦਵਾਈ ਮੇਡਨ ਫਾਰਮਾ ਨੂੰ ਰਾਹਤ, ਜਾਂਚ 'ਚ ਨਹੀਂ ਪਾਈ ਗਈ ਕੋਈ ਮਿਲਾਵਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਫਰੀਕੀ ਦੇਸ਼ ਗੈਂਬੀਆ  'ਚ ਕਥਿਤ ਤੌਰ 'ਤੇ ਭਾਰਤੀ ਖੰਘ ਸੀਰਪ ਕਾਰਨ 66 ਬੱਚਿਆਂ ਦੀ ਮੌਤ ਹੋ ਗਈ ਸੀ

photo

 

ਅਫਰੀਕੀ ਦੇਸ਼ ਗੈਂਬੀਆ  'ਚ ਕਥਿਤ ਤੌਰ 'ਤੇ ਭਾਰਤੀ ਖੰਘ ਸੀਰਪ ਕਾਰਨ 66 ਬੱਚਿਆਂ ਦੀ ਮੌਤ ਦੇ ਮਾਮਲੇ 'ਚ ਕੰਪਨੀ ਮੇਡਨ ਫਾਰਮਾ ਨੂੰ ਕਲੀਨ ਚੀਟ ਮਿਲ ਗਈ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਮੇਡਨ ਫਾਰਮਾ ਦਾ ਕਫ ਸੀਰਪ ਮਿਆਰੀ ਗੁਣਵੱਤਾ ਦਾ ਹੈ ਅਤੇ ਇਸ ਵਿੱਚ ਕੋਈ ਮਿਲਾਵਟ ਨਹੀਂ ਪਾਈ ਗਈ ਹੈ। ਕੇਂਦਰ ਸਰਕਾਰ ਨੇ ਰਾਜ ਸਭਾ 'ਚ ਜਵਾਬ ਦਿੱਤਾ ਕਿ ਜਾਂਚ 'ਚ ਮੇਡਨ ਫਾਰਮਾ ਦੇ ਕਫ ਸੀਰਪ 'ਚ ਕੋਈ ਖਾਮੀ ਨਹੀਂ ਪਾਈ ਗਈ ਹੈ। ਇਸ ਮਾਮਲੇ ਵਿੱਚ ਸਿਹਤ ਮੰਤਰਾਲੇ ਨੇ ਡਾਕਟਰ ਵਾਈ ਕੇ ਗੁਪਤਾ ਦੀ ਪ੍ਰਧਾਨਗੀ ਹੇਠ ਇੱਕ ਜਾਂਚ ਕਮੇਟੀ ਦਾ ਗਠਨ ਕੀਤਾ ਸੀ।

1, 3, 6 ਅਤੇ 11 ਅਕਤੂਬਰ ਨੂੰ ਉਸ ਥਾਂ ਦਾ ਨਿਰੀਖਣ ਕੀਤਾ ਗਿਆ ਜਿੱਥੇ ਇਹ ਸੀਰਪ ਤਿਆਰ ਹੋ ਰਿਹਾ ਸੀ। ਇਸ ਦੌਰਾਨ ਉਸ ਬੈਚ ਦੀਆਂ ਦਵਾਈਆਂ ਦੇ ਸੈਂਪਲ ਲੈ ਕੇ ਚੰਡੀਗੜ੍ਹ ਲੈਬ ਨੂੰ ਭੇਜੇ ਗਏ। ਹਰਿਆਣਾ ਸਰਕਾਰ ਨੇ ਖੰਘ ਦੀ ਦਵਾਈ ਬਣਾਉਣ ਵਾਲੀ ਹਰਿਆਣਾ ਦੀ ਕੰਪਨੀ ਮੇਡਨ ਫਾਰਮਾ ਦੇ ਉਤਪਾਦਨ 'ਤੇ ਪਾਬੰਦੀ ਲਗਾ ਦਿੱਤੀ ਸੀ। ਹਰਿਆਣਾ ਰਾਜ ਡਰੱਗ ਅਥਾਰਟੀ ਨੇ ਸੋਨੀਪਤ ਸਥਿਤ ਮੇਡਨ ਫਾਰਮਾ ਕੰਪਨੀ ਦੇ ਕੰਮਕਾਜ ਵਿਚ ਕਈ ਬੇਨਿਯਮੀਆਂ ਪਾਈਆਂ ਸਨ। ਇਸ ਤੋਂ ਬਾਅਦ ਹਰਿਆਣਾ ਸਰਕਾਰ ਨੇ ਇਹ ਕਦਮ ਚੁੱਕਿਆ ਸੀ।


ਇਸ ਤੋਂ ਪਹਿਲਾਂ ਵਿਸ਼ਵ ਸਿਹਤ ਸੰਗਠਨ ਨੇ ਭਾਰਤੀ ਕੰਪਨੀਆਂ ਦੇ 4 ਕਫ ਸੀਰਪ ਨੂੰ ਘਾਤਕ ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਸੋਨੀਪਤ ਦੀ ਮੇਡਨ ਫਾਰਮਾਸਿਊਟੀਕਲ ਕੰਪਨੀ ਪਹੁੰਚੀ ਸੀ। ਅਧਿਕਾਰੀਆਂ ਵੱਲੋਂ ਜਾਂਚ ਦੌਰਾਨ ਸੋਨੀਪਤ ਸਥਿਤ ਕੰਪਨੀ ਵਿੱਚ 12 ਬੇਨਿਯਮੀਆਂ ਪਾਈਆਂ ਗਈਆਂ ਸਨ। ਇਸ ਤੋਂ ਬਾਅਦ ਹਰਿਆਣਾ ਰਾਜ ਡਰੱਗ ਅਥਾਰਟੀ ਨੇ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਪੁੱਛਿਆ ਸੀ ਕਿ ਕਿਉਂ ਨਾ ਉਨ੍ਹਾਂ ਦਾ ਲਾਇਸੈਂਸ ਰੱਦ ਕੀਤਾ ਜਾਵੇ?