ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਲਾਹੌਰ ’ਚ ਪਹਿਲੀ ਵਾਰ ਨਕਲੀ ਮੀਂਹ ਪੁਆਇਆ
ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਲਾਹੌਰ ਦੇ 10 ਇਲਾਕਿਆਂ ’ਚ ਕੀਤਾ ਗਿਆ ਪ੍ਰਯੋਗ ਸਫਲ ਰਿਹਾ।
ਲਾਹੌਰ : ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚੋਂ ਇਕ ਲਾਹੌਰ ’ਚ ਸ਼ਨਿਚਰਵਾਰ ਨੂੰ ਪਹਿਲੀ ਨਕਲੀ ਬਾਰਿਸ਼ ਕਰਵਾਈ ਗਈ। ਇਹ ਮੀਂਹ ਪਾਕਿਸਤਾਨ ਦੀ ਪੰਜਾਬ ਸਰਕਾਰ ਵਲੋਂ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਮਦਦ ਨਾਲ ਪ੍ਰਦੂ਼ਸ਼ਣ ਭਰੀ ਧੁੰਦ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਯੋਗ ਤੋਂ ਬਾਅਦ ਕੀਤਾ ਗਿਆ ਸੀ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਕਾਰਜਕਾਰੀ ਮੁੱਖ ਮੰਤਰੀ ਮੋਹਸਿਨ ਨਕਵੀ ਨੇ ਕਿਹਾ ਕਿ ਲਾਹੌਰ ਦੇ 10 ਇਲਾਕਿਆਂ ’ਚ ਕੀਤਾ ਗਿਆ ਪ੍ਰਯੋਗ ਸਫਲ ਰਿਹਾ।
ਉਨ੍ਹਾਂ ਕਿਹਾ, ‘‘ਅੱਜ ਲਾਹੌਰ ਦੇ ਲਗਭਗ 10 ਫੀ ਸਦੀ ਇਲਾਕਿਆਂ ’ਚ ਕਲਾਊਡ ਸੀਡਿੰਗ ਦੇ ਪ੍ਰਯੋਗਾਂ ਕਾਰਨ ਮੀਂਹ ਪੁਆਇਆ। ਕਲਾਉਡ ਸੀਡਿੰਗ ਲਈ ਘੱਟੋ ਘੱਟ 48 ਫਲੇਅਰ ਤਾਇਨਾਤ ਕੀਤੇ ਗਏ ਸਨ। 15 ਕਿਲੋਮੀਟਰ ਦੇ ਘੇਰੇ ’ਚ 10 ਇਲਾਕਿਆਂ ’ਚ ਹਲਕਾ ਮੀਂਹ ਪੁਆਇਆ ਗਿਆ। ਪ੍ਰਯੋਗ ਦੇ ਨਤੀਜਿਆਂ ਦਾ ਹੋਰ ਮੁਲਾਂਕਣ ਕੀਤਾ ਜਾ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਨਕਲੀ ਮੀਂਹ ਲਈ ਇਕ ਪੈਸਾ ਵੀ ਖਰਚ ਨਹੀਂ ਹੋਇਆ। ਸਰਕਾਰ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਕੋਈ ਵੀ ਉਪਾਅ ਕਰਨ ਲਈ ਤਿਆਰ ਹੈ।’’ ਉਨ੍ਹਾਂ ਨੇ ਸੂਬਾਈ ਰਾਜਧਾਨੀ ’ਚ ਧੁੰਦ ਨੂੰ ਖਤਮ ਕਰਨ ਲਈ ਨਕਲੀ ਮੀਂਹ ਬਣਾਉਣ ’ਚ ਮਦਦ ਕਰਨ ਲਈ ਯੂ.ਏ.ਈ. ਸਰਕਾਰ ਦਾ ਧੰਨਵਾਦ ਕੀਤਾ।
ਪਿਛਲੇ ਮਹੀਨੇ ਸਥਾਨਕ ਮੀਡੀਆ ਨੇ ਖਬਰ ਦਿਤੀ ਸੀ ਕਿ ਪਾਕਿਸਤਾਨ ਅਪਣੇ ਪੰਜਾਬ ਸੂਬੇ ਦੇ ਲਾਹੌਰ ’ਚ ਚੀਨ ਦੀ ਮਦਦ ਨਾਲ ਨਕਲੀ ਮੀਂਹ ’ਤੇ ਇਕ ਪ੍ਰਯੋਗ ਕਰਨ ਦੀ ਯੋਜਨਾ ਬਣਾ ਰਿਹਾ ਹੈ ਅਤੇ ਇਸ ਪ੍ਰਾਜੈਕਟ ’ਤੇ 35 ਕਰੋੜ ਰੁਪਏ ਦੀ ਲਾਗਤ ਆਉਣ ਦਾ ਅਨੁਮਾਨ ਹੈ।