Australia ਦੇ ਬੋਂਡਾਈ ਬੀਚ ਉਤੇ ਅਤਿਵਾਦੀ ਹਮਲੇ ਮਗਰੋਂ ਜ਼ਖ਼ਮੀ ਲੋਕਾਂ ’ਚ ਤਿੰਨ ਭਾਰਤੀ ਵੀ ਸ਼ਾਮਲ
ਤਿੰਨ ਭਾਰਤੀ ਵਿਦਿਆਰਥੀਆਂ ਵਿਚੋਂ ਦੋ ਦਾ ਹਸਪਤਾਲ ’ਚ ਚੱਲ ਰਿਹਾ ਇਲਾਜ
ਮੈਲਬੌਰਨ : ਆਸਟ੍ਰੇਲੀਆ ਵਿਚ ਸਿਡਨੀ ਦੇ ਬੋਂਡਾਈ ਬੀਚ ਉਤੇ ਹੋਏ ਅਤਿਵਾਦੀ ਹਮਲੇ ’ਚ ਜ਼ਖ਼ਮੀ ਹੋਏ 40 ਲੋਕਾਂ ਵਿਚ 3 ਭਾਰਤੀ ਵਿਦਿਆਰਥੀ ਵੀ ਸ਼ਾਮਲ ਹਨ। ਇਹ ਜਾਣਕਾਰੀ ਸਥਾਨਕ ਮੀਡੀਆ ’ਚ ਛਪੀ ਇਕ ਖ਼ਬਰ ’ਚ ਦਿਤੀ ਗਈ ਹੈ। ‘ਆਸਟ੍ਰੇਲੀਆ ਟੂਡੇ’ ਨਿਊਜ਼ ਪੋਰਟਲ ਮੁਤਾਬਕ ਜ਼ਖਮੀ ਹੋਏ ਤਿੰਨ ਭਾਰਤੀ ਵਿਦਿਆਰਥੀਆਂ ਵਿਚੋਂ ਦੋ ਦਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ।
ਆਸਟਰੇਲੀਆ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਹੋਏ ਹਮਲੇ ਵਿਚ ਜ਼ਖਮੀ ਹੋਏ ਭਾਰਤੀ ਵਿਦਿਆਰਥੀਆਂ ਦੀ ਪਛਾਣ ਜਾਰੀ ਨਹੀਂ ਕੀਤੀ ਹੈ। ਰੀਪੋਰਟ ’ਚ ਕਿਹਾ ਗਿਆ ਹੈ ਕਿ ਗੋਲੀਬਾਰੀ ਦੌਰਾਨ ਭਾਰਤੀ ਵਿਦਿਆਰਥੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਦੀ ਸਹੀ ਹਾਲਤ ਦੀ ਅਜੇ ਰਸਮੀ ਤੌਰ ਉਤੇ ਪੁਸ਼ਟੀ ਨਹੀਂ ਕੀਤੀ ਗਈ ਹੈ।
ਅਧਿਕਾਰੀਆਂ ਨੇ ਦਸਿਆ ਕਿ 24 ਸਾਲ ਦੇ ਨਵੀਦ ਅਕਰਮ ਅਤੇ ਉਸ ਦੇ 50 ਸਾਲ ਦੇ ਪਿਤਾ ਸਾਜਿਦ ਅਕਰਮ ਨੇ ਯਹੂਦੀ ਤਿਉਹਾਰ ਹਨੁਕਾ ਮਨਾ ਰਹੇ ਲੋਕਾਂ ਉਤੇ ਐਤਵਾਰ ਸ਼ਾਮ ਗੋਲੀਆਂ ਚਲਾ ਦਿਤੀਆਂ ਸਨ। ਇਸ ਹਮਲੇ ’ਚ 10 ਸਾਲ ਦੀ ਇਕ ਕੁੜੀ ਸਮੇਤ ਘੱਟੋ-ਘੱਟ 15 ਲੋਕਾਂ ਦੀ ਮੌਤ ਹੋ ਗਈ। ਜ਼ਖਮੀਆਂ ਵਿਚੋਂ ਪੰਜ ਦੀ ਹਾਲਤ ਗੰਭੀਰ ਬਣੀ ਹੋਈ ਹੈ, ਜਦਕਿ ਦੋ ਜ਼ਖਮੀ ਪੁਲਿਸ ਅਧਿਕਾਰੀਆਂ ਦੀ ਹਾਲਤ ਨਾਜ਼ੁਕ ਹੈ ਪਰ ਸਥਿਰ ਹੈ।
ਨਿਊ ਸਾਊਥ ਵੇਲਜ਼ ਦੇ ਪੁਲਿਸ ਕਮਿਸ਼ਨਰ ਮਾਲ ਲੈਨਯਨ ਦੇ ਹਵਾਲੇ ਨਾਲ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਜਿਵੇਂ-ਜਿਵੇਂ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਾਂਚ ਦਾ ਦਾਇਰਾ ਵਧ ਰਿਹਾ ਹੈ। ਇਸ ਵਿਚ ਕਥਿਤ ਹਮਲਾਵਰਾਂ ਦੀ ਕੌਮਾਂਤਰੀ ਯਾਤਰਾ ਅਤੇ ਕੱਟੜਪੰਥੀ ਸਮੱਗਰੀ ਦੀ ਬਰਾਮਦਗੀ ਸ਼ਾਮਲ ਹੈ।