Prominent Pakistani lawyer murdered : ਪਾਕਿਸਤਾਨ ਦੇ ਸੀਨੀਅਰ ਵਕੀਲ ਅਬਦੁਲ ਲਤੀਫ਼ ਅਫ਼ਰੀਦੀ ਦਾ ਗੋਲ਼ੀ ਮਾਰ ਕੇ ਕਤਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਾਰਦਾਤ ਮੌਕੇ ਸਾਥੀ ਵਕੀਲਾਂ ਨਾਲ ਬੈਠੇ ਸਨ ਅਬਦੁਲ ਲਤੀਫ਼ ਅਫ਼ਰੀਦੀ

Abdul Latif Afridi (file photo)

ਪੇਸ਼ਾਵਰ ਹਾਈਕੋਰਟ ਅੰਦਰ ਇੱਕ ਵਕੀਲ ਨੇ ਹੀ ਚਲਾਈਆਂ ਗੋਲੀਆਂ 
ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਹਨ ਮਰਹੂਮ ਵਕੀਲ 

ਇਸਲਾਮਾਬਾਦ:  ਪਾਕਿਸਤਾਨ ਦੇ ਸੀਨੀਅਰ ਵਕੀਲ ਅਤੇ ਫੌਜ ਅਤੇ ਕੱਟੜਵਾਦ ਦੇ ਕੱਟੜ ਆਲੋਚਕ ਅਬਦੁਲ ਲਤੀਫ਼ ਅਫ਼ਰੀਦੀ ਦੀ ਸੋਮਵਾਰ ਨੂੰ ਪੇਸ਼ਾਵਰ ਹਾਈ ਕੋਰਟ ਦੇ ਬਾਰ ਰੂਮ ਦੇ ਅੰਦਰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪਾਕਿਸਤਾਨੀ ਅਖਬਾਰ ਡਾਨ ਨਿਊਜ਼ ਦੀ ਰਿਪੋਰਟ ਮੁਤਾਬਕ ਅਬਦੁਲ ਲਤੀਫ਼ ਅਫ਼ਰੀਦੀ (79) ਨੂੰ ਉਸ ਸਮੇਂ ਛੇ ਗੋਲੀਆਂ ਮਾਰੀਆਂ ਗਈਆਂ ਜਦੋਂ ਉਹ ਬਾਰ ਰੂਮ ਵਿੱਚ ਸਾਥੀ ਵਕੀਲਾਂ ਨਾਲ ਬੈਠੇ ਸਨ। ਪਾਕਿਸਤਾਨ ਦੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਹਿ ਚੁੱਕੇ ਅਬਦੁਲ ਲਤੀਫ਼ ਨੂੰ ਪੇਸ਼ਾਵਰ ਦੇ ਲੇਡੀ ਰੀਡਿੰਗ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਅਫ਼ਰੀਦੀ ਨੂੰ ਛੇ ਗੋਲੀਆਂ ਲੱਗੀਆਂ ਹਨ।

ਘਟਨਾ ਦਾ ਖੁਲਾਸਾ ਕਰਦੇ ਹੋਏ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੀ ਪਛਾਣ ਅਦਨਾਨ ਅਫ਼ਰੀਦੀ ਵਜੋਂ ਹੋਈ ਹੈ। ਉਸ ਨੇ ਡਾਨ ਡਾਟ ਕਾਮ ਨੂੰ ਦੱਸਿਆ ਕਿ ਹਮਲਾਵਰ ਕੋਲੋਂ ਇਕ ਛੋਟਾ ਹਥਿਆਰ, ਇਕ ਪਛਾਣ ਪੱਤਰ ਅਤੇ ਇਕ ਵਿਦਿਆਰਥੀ ਕਾਰਡ ਬਰਾਮਦ ਕੀਤਾ ਗਿਆ ਹੈ। ਅੱਬਾਸੀ ਨੇ ਅੱਗੇ ਕਿਹਾ ਕਿ ਪੁਲਿਸ ਨੂੰ ਸ਼ੱਕ ਹੈ ਕਿ ਹਮਲਾ ਨਿੱਜੀ ਦੁਸ਼ਮਣੀ ਕਾਰਨ ਕੀਤਾ ਗਿਆ ਹੈ। ਹਮਲਾਵਰ ਦਾ ਚਚੇਰਾ ਭਰਾ ਆਫ਼ਤਾਬ ਅਫ਼ਰੀਦੀ - ਸਵਾਤ ਵਿੱਚ ਇੱਕ ਅੱਤਵਾਦ ਵਿਰੋਧੀ ਜੱਜ - ਪਿਛਲੇ ਸਾਲ ਇੱਕ ਗੋਲੀਬਾਰੀ ਵਿੱਚ ਮਾਰਿਆ ਗਿਆ ਸੀ। ਲਤੀਫ਼ ਅਫ਼ਰੀਦੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਸੀ ਪਰ ਬਾਅਦ ਵਿੱਚ ਸਵਾਬੀ ਦੀ ਇੱਕ ਅੱਤਵਾਦ ਵਿਰੋਧੀ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ।

ਦੱਸ ਦਈਏ ਕਿ ਸ਼ੱਕੀ ਹਮਲਾਵਰ ਇੱਕ ਵਕੀਲ ਦਾ ਪਹਿਰਾਵਾ ਪਾ ਕੇ ਅਦਾਲਤ ਦੀ ਹਦੀਦ ਵਿਚ ਦਾਖਲ ਹੋਇਆ ਸੀ। ਕੈਂਪਸ ਵਿੱਚ ਵਕੀਲਾਂ ਨੇ ਕਿਹਾ ਕਿ ਬੰਦੂਕਧਾਰੀ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਪੇਸ਼ਾਵਰ ਹਾਈ ਕੋਰਟ ਬਾਰ ਐਸੋਸੀਏਸ਼ਨ ਨੇ ਇਸ ਘਟਨਾ ਨੂੰ ਸੁਰੱਖਿਆ ਦੀ ਕਮੀ ਕਰਾਰ ਦਿੱਤਾ ਅਤੇ ਸਵਾਲ ਕੀਤਾ ਕਿ ਕਿਵੇਂ ਹਥਿਆਰਾਂ ਨਾਲ ਲੈਸ ਵਿਅਕਤੀ ਹਾਈ ਕੋਰਟ ਦੀ ਇਮਾਰਤ ਦੇ ਅੰਦਰ ਬਾਰ ਰੂਮ ਤੱਕ ਪਹੁੰਚ ਕਰਨ ਵਿੱਚ ਕਾਮਯਾਬ ਹੋ ਗਿਆ।