Australia Storm News : ਆਸਟਰੇਲੀਆ ’ਚ ਤੂਫ਼ਾਨ ਦਾ ਕਹਿਰ, ਇਕ ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

Australia Storm News: ਤੂਫ਼ਾਨ ਨਾਲ ਕੁੱਲ 140,000 ਗਾਹਕ ਪ੍ਰਭਾਵਿਤ ਹੋਏ ਹਨ

Australia Storm News in punjabi

ਸਿਡਨੀ  : ਆਸਟਰੇਲੀਆ ਦੇ ਨਿਊ ਸਾਊਥ ਵੇਲਜ਼ (ਐਨ.ਐਸ.ਡਬਲਯੂ.) ਵਿਚ ਸਿਡਨੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਆਏ ਭਿਆਨਕ ਤੂਫ਼ਾਨ ਕਾਰਨ ਇਕ ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਬੁੱਧਵਾਰ ਸ਼ਾਮ ਅਤੇ ਵੀਰਵਾਰ ਸਵੇਰੇ ਸੂਬੇ ਵਿਚ ਆਏ ਭਾਰੀ ਗਰਜ-ਤੂਫ਼ਾਨ ਨੇ ਵਿਆਪਕ ਨੁਕਸਾਨ ਕੀਤਾ। ਆਸਟਰੇਲੀਆਈ ਬਿਜਲੀ ਪ੍ਰਦਾਤਾ ਔਸਗ੍ਰਿਡ ਨੇ ਕਿਹਾ ਕਿ ਤੂਫ਼ਾਨ ਨਾਲ ਕੁੱਲ 140,000 ਗਾਹਕ ਪ੍ਰਭਾਵਿਤ ਹੋਏ ਹਨ ਅਤੇ ਹੁਣ 58,000 ਘਰਾਂ ਅਤੇ ਕਾਰੋਬਾਰਾਂ ਨੂੰ ਬਿਜਲੀ ਬਹਾਲ ਕਰ ਦਿਤੀ ਗਈ ਹੈ। 

ਇਸ ਦੌਰਾਨ ਔਸਗ੍ਰਿਡ ਦੇ ਗਾਹਕਾਂ ਨੇ 560 ਤੋਂ ਵੱਧ ਬਿਜਲੀ ਦੇ ਖ਼ਤਰਿਆਂ ਦੀ ਰਿਪੋਰਟ ਕੀਤੀ ਹੈ, ਜਿਸ ਵਿਚ ਡਿੱਗੀਆਂ ਤਾਰਾਂ, ਦਰੱਖ਼ਤ ਅਤੇ ਬਿਜਲੀ ਦੀਆਂ ਲਾਈਨਾਂ ’ਤੇ ਟਾਹਣੀਆਂ ਸ਼ਾਮਲ ਹਨ। ਬਿਜਲੀ ਕੰਪਨੀ ਨੇ ਕਿਹਾ ਕਿ ਵਾਧੂ ਔਸਗ੍ਰਿਡ ਐਮਰਜੈਂਸੀ ਅਮਲੇ ਨੇ ਤੂਫ਼ਾਨ ਦੇ ਵੱਡੇ ਨੁਕਸਾਨ ਕਾਰਨ ਹੋਏ ਬਿਜਲੀ ਦੇ ਖ਼ਤਰਿਆਂ ਨੂੰ ਦੂਰ ਕਰਨ ਲਈ ਸਾਰੀ ਰਾਤ ਕੰਮ ਕੀਤਾ। ਆਸਟਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਅੱਜ ਔਸਗ੍ਰਿਡ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਇਹ ਕਈ ਸਾਲਾਂ ਵਿਚ ਸਿਡਨੀ ਵਿਚ ਆਉਣ ਵਾਲਾ ਸੱਭ ਤੋਂ ਵੱਡਾ ਤੂਫ਼ਾਨ ਸੀ ਅਤੇ ਸੱਭ ਤੋਂ ਵੱਧ ਪ੍ਰਭਾਵਿਤ ਖੇਤਰ ਸਿਡਨੀ ਦੇ ਉਤਰ, ਦੱਖਣ-ਪੱਛਮ ਅਤੇ ਅੰਦਰੂਨੀ ਸ਼ਹਿਰ ਦੇ ਨਾਲ-ਨਾਲ ਨਿਊਕੈਸਲ ਤੱਟਵਰਤੀ ਖੇਤਰ ਸਨ। 

ਇਕ ਹੋਰ ਬਿਜਲੀ ਪ੍ਰਦਾਤਾ, ਐਸੈਂਸ਼ੀਅਲ ਐਨਰਜੀ ਨੇ ਵੀ ਦਸਿਆ ਕਿ ਤੂਫ਼ਾਨ ਦੌਰਾਨ ਕਿਸੇ ਸਮੇਂ 50,000 ਤੋਂ ਵੱਧ ਗਾਹਕ ਬਿਜਲੀ ਬੰਦ ਹੋਣ ਕਾਰਨ ਪ੍ਰਭਾਵਿਤ ਹੋਏ ਸਨ। ਸਟੇਟ ਐਮਰਜੈਂਸੀ ਸਰਵਿਸ ਨੇ ਕਿਹਾ ਕਿ ਉਸਨੂੰ ਅੱਜ ਸਵੇਰ ਤਕ 24 ਘੰਟਿਆਂ ਵਿਚ ਸਹਾਇਤਾ ਲਈ 2,200 ਤੋਂ ਵੱਧ ਕਾਲਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਡਿੱਗੇ ਹੋਏ ਦਰੱਖ਼ਤਾਂ ਜਾਂ ਬਿਜਲੀ ਦੀਆਂ ਲਾਈਨਾਂ ਅਤੇ ਨੁਕਸਾਨੀਆਂ ਗਈਆਂ ਜਾਇਦਾਦਾਂ ਨਾਲ ਸਬੰਧਤ ਸਨ। 

ਆਸਟਰੇਲੀਆ ਦੇ ਮੌਸਮ ਵਿਗਿਆਨ ਬਿਊਰੋ ਨੇ ਅੱਜ ਸਵੇਰੇ ਮਿਡ ਨੌਰਥ ਕੋਸਟ, ਹੰਟਰ, ਨੌਰਥ ਵੈਸਟ ਸਲੋਪਸ ਐਂਡ ਪਲੇਨਜ਼ ਅਤੇ ਨੌਰਦਰਨ ਟੇਬਲਲੈਂਡਜ਼ ਪੂਰਵ ਅਨੁਮਾਨ ਵਾਲੇ ਜ਼ਿਲ੍ਹਿਆਂ ਵਿੱਚ ਲੋਕਾਂ ਲਈ ਗੰਭੀਰ ਗਰਜ਼-ਤੂਫ਼ਾਨ ਦੀਆਂ ਚੇਤਾਵਨੀਆਂ ਨੂੰ ਰੱਦ ਕਰ ਦਿਤਾ, ਅਤੇ ਕਿਹਾ ਕਿ ਉਤਰ-ਪੂਰਬੀ ਰਾਜ ਦੇ ਅੰਦਰੂਨੀ ਹਿੱਸਿਆਂ ਵਿਚ ਤੂਫ਼ਾਨਾਂ ਦੀ ਰਫ਼ਤਾਰ ਘੱਟ ਗਈ ਹੈ।

ਹਾਲਾਂਕਿ ਸਥਿਤੀ ’ਤੇ ਨਜ਼ਰ ਰੱਖੀ ਜਾਵੇਗੀ ਅਤੇ ਲੋੜ ਪੈਣ ’ਤੇ ਹੋਰ ਚੇਤਾਵਨੀਆਂ ਜਾਰੀ ਕੀਤੀਆਂ ਜਾਣਗੀਆਂ। ਸਿਡਨੀ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਵੀਰਵਾਰ ਤੋਂ ਸ਼ੁੱਕਰਵਾਰ ਅਤੇ ਸਨਿਚਰਵਾਰ ਤਕ ਭਿਆਨਕ ਤੂਫ਼ਾਨ ਜਾਰੀ ਰਹਿਣ ਦੀ ਉਮੀਦ ਹੈ। ਐਸ.ਈ.ਐਸ ਨੇ ਐਨ.ਐਸ.ਡਬਲਿਊ ਦੇ ਕੇਂਦਰੀ ਅਤੇ ਉਤਰੀ ਤੱਟਾਂ ’ਤੇ ਨਦੀਆਂ ਨੇੜੇ ਕੈਂਪ ਲਗਾਉਣ ਵਾਲੇ ਲੋਕਾਂ ਨੂੰ ਗੰਭੀਰ ਮੌਸਮ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ ਅਤੇ ਅਧਿਕਾਰੀਆਂ ਨੇ ਕਈ ਖੇਤਰਾਂ ਲਈ ਹੜ੍ਹ ਦੀ ਚੇਤਾਵਨੀ ਵੀ ਜਾਰੀ  ਕੀਤੀ ਹੈ।