23 ਸਾਲ ਦੀ ਲੰਬੀ ਖੋਜ ਤੋਂ ਬਾਅਦ ਮਿਲਿਆ ਦਾਦੇ ਦਾ ਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੁਝ ਸਾਲ ਪਹਿਲਾਂ ਆਸਟਰੇਲੀਆ ਵਿਚ ਇਹ ਗੱਲ ਬੜੀ ਚਰਚਾ ਭਰੀ ਰਹੀ ਸੀ ਕਿ ਇਕ ਪੰਜਾਬੀ ਸ. ਬਲਜਿੰਦਰ ਸਿੰਘ ਪਿੰਡ ਸਿੰਬੋਵਾਲਾ ਨੇੜੇ ਟੌਹਾਣਾ.....

A Punjabi has long sought the tomb of his grandfather

ਔਕਲੈਂਡ : ਕੁਝ ਸਾਲ ਪਹਿਲਾਂ ਆਸਟਰੇਲੀਆ ਵਿਚ ਇਹ ਗੱਲ ਬੜੀ ਚਰਚਾ ਭਰੀ ਰਹੀ ਸੀ ਕਿ ਇਕ ਪੰਜਾਬੀ ਸ. ਬਲਜਿੰਦਰ ਸਿੰਘ ਪਿੰਡ ਸਿੰਬੋਵਾਲਾ ਨੇੜੇ ਟੌਹਾਣਾ ਜ਼ਿਲ੍ਹਾ ਫਤਿਆਬਾਦ (ਹਰਿਆਣਾ) ਨੇ 23 ਸਾਲ ਦੀ ਲੰਬੀ ਖੋਜ ਤੋਂ ਬਾਅਦ ਆਪਣੇ ਦਾਦਾ ਸ. ਮਹਿੰਗਾ (ਚਾਰਲਜ) ਸਿੰਘ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਉਸਦੀ ਸਮਾਧ ਤਕ ਪਹੁੰਚ ਬਣਾ ਲਈ ਸੀ। ਇਹ ਸਮਾਧ ਉਤੇ ਭਾਵੇਂ ਨਾਂਅ ਨਹੀਂ ਸੀ ਲਿਖਿਆ ਗਿਆ, ਪਰ ਰਿਕਾਰਡ ਦੱਸਦਾ ਸੀ ਕਿ ਇਥੇ ਸ. ਮਹਿੰਗਾ ਸਿੰਘ ਨੂੰ 16 ਅਕਤੂਬ 1959 ਦੇ ਵਿਚ ਦਫ਼ਨ ਕੀਤਾ ਗਿਆ ਸੀ। ਇਹ ਕਿੱਸਾ ਅਖ਼ਬਾਰਾਂ ਵਿਚ ਛਪਿਆ ਸੀ।

10-12 ਸਾਲ ਦੀ ਉਮਰ ਵਿਚ ਸ. ਬਲਜਿੰਦਰ ਸਿੰਘ ਨੇ ਅਣਭੋਲ ਪੁਣੇ 'ਚ ਆਪਣੀ ਦਾਦੀ ਸ੍ਰੀਮਤੀ ਰਾਧ ਕੌਰ ਨੂੰ ਇਹ ਕਹਿ ਦਿਤਾ ਸੀ ਕਿ ਮੈਂ ਵੱਡਾ ਹੋ ਕੇ ਲਿਆਵਾਂਗਾ ਆਪਣਾ ਦਾਦਾ ਜੀ ਲੱਭ ਕੇ। ਉਸਦੀ ਦਾਦੀ ਕੋਲੋਂ ਉਸਦਾ ਪਤੀ 1920 'ਚ ਆਸਟਰੇਲੀਆ ਗਏ ਸਨ ਤੇ ਮੁੜ ਇੰਡੀਆ ਗਏ ਹੀ ਨਹੀਂ। ਇਸੀ ਖੋਜ ਨੇ ਉਨ੍ਹਾਂ ਨੂੰ 1986 ਵਿਚ ਆਸਟਰੇਲੀਆ ਖਿਚ ਲਿਆਂਦਾ ਅਤੇ ਉਹ 23 ਸਾਲ ਤਕ ਥਾਂ-ਥਾਂ ਜਾ ਕੇ ਲੱਭਦੇ ਰਹੇ ਆਖਿਰ ਜੁਲਾਈ 2009 'ਚ ਉਨ੍ਹਾਂ ਆਪਣੇ ਦਾਦਾ ਜੀ ਬਾਰੇ ਅਣਮੁੱਲੀ ਜਾਣਕਾਰੀ ਹਾਸਿਲ ਕਰ ਲਈ ਅਤੇ ਉਨ੍ਹਾਂ ਦੇ ਵਾਕਿਫਕਾਰਾਂ ਤਕ ਪਹੁੰਚ ਗਏ। ਉਨ੍ਹਾਂ ਮੌਤ ਦਾ ਸਰਟੀਫ਼ਿਕੇਟ ਵੀ ਪ੍ਰਾਪਤ ਕਰ ਲਿਆ,

ਰਿਕਾਰਡ ਅਨੁਸਾਰ ਉਹ ਰੇਲਵੇ ਕਰਮਚਾਰੀ ਲਿਖੇ ਗਏ ਹਨ। ਹੁਣ ਇਸ ਵਿਸ਼ੇ 'ਤੇ ਇਕ ਡਾਕੂਮੈਂਟਰੀ ਵੀ ਬਣ ਰਹੀ ਹੈ।  ਸ. ਬਲਜਿੰਦਰ ਸਿੰਘ ਦੀ ਇਹ ਖੋਜ਼ ਅਜੇ ਖਤਮ ਨਹੀਂ ਹੋਈ ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦਾ ਕੋਈ ਨਾ ਕੋਈ ਹੋਰ ਪਰਿਵਾਰਕ ਮੈਂਬਰ ਜਾਂ ਪਰਿਵਾਰ ਦੀ ਤੰਦ ਇਧਰ ਜਰੂਰ ਪੈਦਾ ਹੋਵੇਗੀ। ਇਸੀ ਆਸ਼ੇ ਦੇ ਨਾਲ ਉਨ੍ਹਾਂ ਆਪਣਾ ਡੀ.ਐਨ. ਏ. ਟੈਸਟ ਨਵੰਬਰ 2018 'ਚ ਕਰਵਾਇਆ ਤਾਂ ਕਿ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਖੂਨ ਦੇ ਰਿਸ਼ਤੇ ਦਾ ਕੋਈ ਹੋਰ ਪਰਿਵਾਰਕ ਮੈਂਬਰ ਇਥੇ ਦਾਦਾ ਜੀ ਦੀ ਵੰਸ਼ ਨੂੰ ਵਧਾ ਰਿਹਾ ਹੈ ਕਿ ਨਹੀਂ।  

ਹੈਰਾਨੀ ਦੀ ਗੱਲ ਉਦੋਂ ਹੋਈ ਜਦੋਂ 23 ਦਸੰਬਰ ਨੂੰ ਉਨ੍ਹਾਂ ਦਾ ਡੀ. ਐਨ. ਏ. ਟੈਸਟ ਇਕ 28 ਸਾਲਾ ਮਾਓਰੀ ਮੂਲ ਦੀ ਔਰਤ ਕੈਥਲੀਨ ਪਰਾਟਾ ਦੇ ਨਾਲ ਮਿਲ ਗਿਆ, ਅਤੇ ਇਹ ਸ. ਬਲਜਿੰਦਰ ਸਿੰਘ ਦੀ ਚੌਥੀ ਪੀੜ੍ਹੀ ਦੀ ਭੈਣ ਹੋ ਸਕਦੀ ਹੈ। ਇਸ ਖੋਜ਼ ਵਿਚ ਹੋਰ ਡੂੰਘਾਈ ਉਦੋਂ ਨਜ਼ਰ ਆਈ ਜਦੋਂ ਉਸ ਔਰਤ ਨੇ ਕਿਹਾ ਕਿ ਮੇਰੇ ਪਿਤਾ ਜੀ ਦਾ ਨਾਂਅ ਬਰਪਿੰਦਾ ਸਿੰਘ ਹੈ ਅਤੇ ਮੈਂ ਵੀ ਉਸਨੂੰ ਲੱਭ ਰਹੀ ਹਾਂ। ਇਸ ਔਰਤ ਦਾ ਜਨਮ ਹੇਸਟਿੰਗਜ਼ (ਨਿਊਜ਼ੀਲੈਂਡ) ਹੋਇਆ ਹੈ ਅਤੇ ਇਹ ਅੱਜਕੱਲ੍ਹ ਬ੍ਰਿਸਬੇਨ (ਆਸਟਰੇਲੀਆ) ਹੈ। ਇਸ ਅਨੁਸਾਰ ਸ਼ਾਇਦ ਇਸਦੇ ਪਿਤਾ ਨੂੰ ਇਹ ਵੀ ਪਤਾ ਨਾ ਹੋਵੇ ਕਿ ਉਸਦੀ ਕੋਈ ਬੇਟੀ ਵੀ ਹੈ।

ਇਸ ਔਰਤ ਦੀ ਮਾਂ ਦਾ ਨਾਂਅ ਡੀਨੀਸ਼ ਪਰਾਟਾ ਹੈ ਅਤੇ ਉਹ ਵੀ ਆਪਣੀ ਬੇਟੀ ਦੇ ਬਾਪ ਦੀ ਭਾਲ ਵਿਚ ਹੈ।   ਮੁੱਕਦੀ ਗੱਲ ਸ. ਬਲਜਿੰਦਰ ਸਿੰਘ ਹੋਰਾਂ ਨਿਊਜ਼ੀਲੈਂਡ ਵਸਦੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕੀਤੀ ਹੈ ਕਿ ਜੇਕਰ ਉਹ ਕਿਸੀ ਤਰ੍ਹਾਂ ਇਸ ਖ਼ੂਨ ਦੇ ਰਿਸ਼ਤੇ ਨੂੰ ਜੋੜਦੀ ਅਗਲੀ ਤੰਦ ਦਾ ਸਿਰਾ ਲੱਭ ਸਕਣ ਤਾਂ ਇਹ ਇਕ ਇਤਿਹਾਸਕ ਗਾਥਾ ਹੋ ਨਿਬੜੇ ਅਤੇ ਪੰਜਾਬੀਆਂ ਦੇ ਵਿਦੇਸ਼ਾਂ ਦੇ ਵਿਚ ਕਾਇਮ ਹੁੰਦੇ ਰਿਸ਼ਤਿਆਂ ਨੂੰ ਇਕ ਨਵੀਂ ਪੀੜ੍ਹੀ ਦਾ ਸੁਰਾਗ ਮਿਲ ਸਕੇ।