ਸ੍ਰੀ ਨਨਕਾਣਾ ਸਾਹਿਬ ਵਿਖੇ ਮਰਹੂਮ ਦੀਪ ਸਿੱਧੂ ਦੀ ਯਾਦ 'ਚ ਰੱਖੇ ਜਾਣਗੇ ਸ੍ਰੀ ਅਖੰਡ ਪਾਠ ਸਾਹਿਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੀਆਂ ਸਮੂਹ ਸੰਗਤਾਂ ਸ਼ਹੀਦ ਭਾਈ ਦੀਪ ਸਿੱਧੂ ਦੇ ਪਰਿਵਾਰ ਦੇ ਨਾਲ ਇਸ ਦੁਖ ਦੀ ਘੜੀ ਵਿੱਚ ਖੜੀਆਂ ਹਨ

late Deep Sidhu

ਚੰਡੀਗੜ੍ਹ :ਮਸ਼ਹੂਰ ਫਿਲਮ ਅਦਾਕਾਰ ਅਤੇ ਕਿਸਾਨੀ ਸੰਘਰਸ਼ ਦੌਰਾਨ ਵੱਡਾ ਯੋਗਦਾਨ ਪਾਉਣ ਵਾਲੇ ਦੀਪ ਸਿੱਧੂ ਦਾ ਬੀਤੇ ਦਿਨ ਸੜਕ ਹਾਦਸੇ ਵਿਚ ਦਿਹਾਂਤ ਹੋ ਗਿਆ ਸੀ ਜਿਸ ਦੇ ਸਬੰਧ ਵਿਚ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਏ ਜਾ ਰਹੇ ਹਨ।

ਇਸ ਸਬੰਧ ਵਿਚ ਲਹਿੰਦੇ ਪੰਜਾਬ ਦੀ ਸੰਗਤ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਵਲੋਂ ਕਿਹਾ ਜਾ ਰਿਹਾ ਹੈ ਕਿ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ, ਕਿਸਾਨੀ ਸੰਘਰਸ਼ ਦੇ ਹੀਰੋ, ਪੰਜਾਬੀਆਂ ਦੀ ਸ਼ਾਨ ਅਤੇ ਫਿਲਮੀ ਅਦਾਕਾਰ ਦੀਪ ਸਿੱਧੂ ਉਰਫ਼ ਸੰਦੀਪ ਸਿੰਘ ਨੂੰ ਐਕਸੀਡੈਂਟ ਦੇ ਬਹਾਨੇ ਇੱਕ ਡੂੰਘੀ ਸਾਜਿਸ਼ ਤਹਿਤ ਇੰਡੀਅਨ ਸਟੇਟ ਵੱਲੋਂ ਕਤਲ ਕੀਤਾ ਗਿਆ ਹੈ।

ਇਸ ਯੋਧੇ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਨਨਕਾਣਾ ਸਾਹਿਬ ਦੀਆਂ ਸਮੂਹ ਸੰਗਤਾਂ, ਪੰਜਾਬੀ ਸਿੱਖ ਸੰਗਤ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ 17 ਫਰਵਰੀ 2022 ਨੂੰ ਰੱਖੇ ਜਾਣਗੇ।

ਪਾਕਿਸਤਾਨ ਦੀਆਂ ਸਮੂਹ ਸੰਗਤਾਂ ਸ਼ਹੀਦ ਭਾਈ ਦੀਪ ਸਿੱਧੂ ਦੇ ਪਰਿਵਾਰ ਦੇ ਨਾਲ ਇਸ ਦੁਖ ਦੀ ਘੜੀ ਵਿੱਚ ਖੜੀਆਂ ਹਨ। ਸ਼ਹੀਦ ਦੀਪ ਸਿੱਧੂ ਦੀਆਂ ਪੰਜਾਬ ਦੇ ਨਾਲ਼ ਵਫ਼ਾ ਦੀਆਂ ਗੱਲਾਂ ਅਤੇ ਪੰਥ ਤੇ ਪੰਜਾਬ ਪ੍ਰਤੀ ਸੇਵਾਵਾਂ ਸਦਾ ਪਾਕਿਸਤਾਨ ਦੀਆਂ ਸੰਗਤਾਂ ਨੂੰ ਹਮੇਸ਼ਾਂ ਚੇਤੇ ਆਉਂਦੀਆਂ ਰਹਿਣਗੀਆਂ।

ਉਮੀਦ ਦਾ ਦੀਵਾ ਬੁੱਝ ਗਿਆ ਏ।
ਕੱਲਾ ਦੀਪ ਨਹੀਂ ਬੜਾ ਕੁੱਝ ਗਿਆ ਏ।