ਕੈਨੇਡਾ 'ਚ ਸਿੱਖ ਵਖਵਾਦੀਆਂ ਨਾਲ ਸਬੰਧਾਂ ਕਾਰਨ ਜਗਮੀਤ ਸਿੰਘ ਦਾ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ 'ਚ ਸਿੱਖ ਵਖਵਾਦੀਆਂ ਨਾਲ ਸਬੰਧਾਂ ਕਾਰਨ ਜਗਮੀਤ ਸਿੰਘ ਦਾ ਵਿਰੋਧ

jagmeet singh

ਓਟਾਵਾ : ਕੈਨੇਡਾ ਵਿਚ ਸਾਲ 2019 'ਚ ਹੋਣ ਵਾਲੀਆਂ ਚੋਣਾਂ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੁਣੌਤੀ ਦੇਣ ਵਾਲੀ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੂੰ ਸਿੱਖ ਵਖਵਾਦੀਆਂ ਨਾਲ ਸਬੰਧ ਰੱਖਣ ਕਾਰਨ ਕੈਨੇਡੀਅਨ ਲੋਕਾਂ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਹੈ। ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ 2015 'ਚ ਇਕ ਆਜ਼ਾਦ ਸਿੱਖ ਦੇਸ਼ ਦੀ ਮੰਗ ਨੂੰ ਲੈ ਕੇ ਸੈਨ ਫ਼੍ਰਾਂਸਿਸਕੋ 'ਚ ਕਰਵਾਈ ਰੈਲੀ 'ਚ ਮੁੱਖ ਬੁਲਾਰੇ ਦੇ ਰੂਪ 'ਚ ਸ਼ਾਮਲ ਹੋਏ ਸਨ। ਮੀਡੀਆ ਰਿਪੋਰਟਾਂ 'ਚ ਇਹ ਗੱਲ ਕਹੀ ਗਈ ਹੈ।

ਕੈਨੇਡੀਆਈ ਮੀਡੀਆ ਮੁਤਾਬਕ ਪੰਜਾਬੀ 'ਚ ਦਿਤੇ ਗਏ ਅਪਣੇ ਭਾਸ਼ਣ 'ਚ ਜਗਮੀਤ ਨੇ ਭਾਰਤ 'ਤੇ ਦਰਬਾਰ ਸਾਹਿਬ ਹਮਲੇ 'ਚ ਸਿੱਖਾਂ ਵਿਰੁਧ ਕਤਲੇਆਮ ਦਾ ਦੋਸ਼ ਲਾਇਆ ਸੀ। ਇਕ ਅੰਗਰੇਜ਼ੀ ਅਖ਼ਬਾਰ ਮੁਤਾਬਕ ਜਗਮੀਤ 2016 'ਚ ਬ੍ਰਿਟੇਨ ਸਥਿਤ ਨੈਸ਼ਨਲ ਸਿੱਖ ਯੂਥ ਫ਼ੈਡਰੇਸ਼ਨ ਵਲੋਂ ਕਰਵਾਏ ਇਕ ਪ੍ਰੋਗਰਾਮ 'ਚ ਵੀ ਸ਼ਾਮਲ ਹੋਏ ਸਨ, ਜਿਹੜਾ ਇਕ ਆਜ਼ਾਦ ਖ਼ਾਲਿਸਤਾਨ ਦੀ ਵਕਾਲਤ ਕਰਦਾ ਰਿਹਾ ਹੈ।

ਉਥੇ ਹੀ ਫ਼ਰਵਰੀ 'ਚ ਜਗਮੀਤ ਨੇ ਸਿੱਖ ਲਿਬਰਲ ਸਰਕਾਰ ਦੇ ਮੰਤਰੀਆਂ ਦਾ ਬਚਾਅ ਕੀਤਾ ਸੀ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਸਬੰਧ 'ਚ 1986 'ਚ ਇਕ ਭਾਰਤੀ ਅਧਿਕਾਰੀ ਦੀ ਹਤਿਆ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਕੈਨੇਡੀਆਈ ਸ਼ਖ਼ਸ ਦੇ ਨਾਲ ਫ਼ੋਟੋ ਖਿਚਾਈ ਸੀ। ਜ਼ਿਕਰਯੋਗ ਹੈ ਕਿ 2016 'ਚ ਮਰਦਮਸ਼ੁਮਾਰੀ ਮੁਤਾਬਕ ਕੈਨੇਡੀਆਈ ਸਿੱਖਾਂ ਦੀ ਗਿਣਤੀ ਲਗਭਗ 5 ਲੱਖ ਹੈ ਜਿਹੜੀ ਕਿ ਦੇਸ਼ ਦੀ ਕੁਲ ਆਬਾਦੀ ਦਾ ਸਿਰਫ਼ 1.4 ਫ਼ੀ ਸਦੀ ਹੈ। ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ 'ਤੇ ਵੀ ਸਿੱਖ ਵਖਵਾਦੀਆਂ ਨੂੰ ਲੈ ਕੇ ਨਰਮ ਪੱਖ ਰੱਖਣ ਦੇ ਦੋਸ਼ ਲਗਦੇ ਰਹੇ ਹਨ।