ਸ੍ਰੀ ਨਨਕਾਣਾ ਸਾਹਿਬ ਦੇ ਪਵਿੱਤਰ ਸਰੋਵਰ ਦੀ ਕਾਰਸੇਵਾ ਦਾ ਕੰਮ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨੀ ਪੰਜਾਬ ਵਿਚ ਸਥਿਤ ਹੈ। ਇਸ ਦਾ ਨਾਮ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਪਿਆ ਹੈ ।

Sri Nankana sahib

ਲਾਹੌਰ(ਬਾਬਰ ਜਲੰਧਰੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਪਾਕਿਸਤਾਨ ਸਥਿਤ ਬਾਬਾ ਨਾਨਕ ਦੇ ਜਨਮ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਪਵਿੱਤਰ ਸਰੋਵਰ ਦੀ ਕਾਰਸੇਵਾ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿਚ ਸਿੱਖ ਸੰਗਤ ਵਲੋਂ ਸਰੋਵਰ ਵਿਚੋਂ ਗਾਰ ਕੱਢਣ ਦੀ ਸੇਵਾ ਕੀਤੀ ਜਾ ਰਹੀ ਹੈ।

ਇਹ ਕਾਰ ਸੇਵਾ ਬਾਬਾ ਜਗਤਾਰ ਸਿੰਘ ਅਤੇ ਬਾਬਾ ਗੁਰਮੀਤ ਸਿੰਘ ਤਰਨ ਤਾਰਨ ਵਾਲਿਆਂ ਦੀ ਅਗਵਾਈ ਵਿਚ ਕਰਵਾਈ ਜਾ ਰਹੀ ਹੈ। ਇਸ ਮੌਕੇ 'ਤੇ  ਖ਼ੁਦ ਕਾਰ ਸੇਵਾ ਵਾਲੇ ਬਾਬਿਆਂ ਨੇ ਸੰਗਤ ਨਾਲ ਮਿਲ ਕੇ ਸਰੋਵਰ ਵਿਚੋਂ ਗਾਰ ਕੱਢਣ ਦੀ ਸੇਵਾ ਨਿਭਾਈ।

 ਦਸ ਦਈਏ ਕਿ ਸਿੱਖਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨੀ ਪੰਜਾਬ ਵਿਚ ਸਥਿਤ ਹੈ। ਇਸ ਦਾ ਨਾਮ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ 'ਤੇ ਪਿਆ ਹੈ ਜਦਕਿ ਇਸ ਦਾ ਪੁਰਾਣਾ ਨਾਮ ਰਾਇ ਭੋਇ ਦੀ ਤਲਵੰਡੀ ਸੀ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਸੀ। 

ਇਸ ਪਵਿੱਤਰ ਅਸਥਾਨ 'ਤੇ ਦੇਸ਼ਾਂ-ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿਚ ਸੰਗਤ ਆਉਂਦੀ ਹੈ ਅਤੇ ਇੱਥੇ ਬਣੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਨਾ ਅਪਣਾ ਸੌਭਾਗ ਸਮਝਦੀ ਹੈ। ਨਵੰਬਰ ਮਹੀਨੇ ਇਸ ਪਵਿੱਤਰ ਅਸਥਾਨ 'ਤੇ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਵਿਆਪਕ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਜਿਸਦੇ ਲਈ ਪਾਕਿਸਤਾਨ ਸਰਕਾਰ ਵਲੋਂ ਵੀ ਵੱਡੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।