ਪਠਾਨਕੋਟ: ਇਹ ਮਾਮਲਾ ਪਠਾਨਕੋਟ ਦੇ ਕਸਬੇ ਬਮਿਆਲ ਦੇ ਪਿੰਡ ਖੁਦਾਈਪੁਰ ਦਾ ਹੈ। ਕਿਸਾਨ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ। ਉੱਥੇ ਇੱਕ ਅਰੋਪੀ ਆਇਆ ਜਿਸ ਨੇ ਕਿਸਾਨ ਨੂੰ ਕੁੱਟਿਆ ਅਤੇ ਘਸੀਟ ਕੇ ਪਾਕਿਸਤਾਨ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਕਿਸਾਨ ਦੀਆਂ ਚੀਕਾਂ ਸੁਣ ਕੇ ਨੇੜੇ ਖੇਤਾਂ ਵਿਚ ਕੰਮ ਕਰ ਰਹੇ ਲੋਕ ਉਸ ਨੂੰ ਬਚਾਉਣ ਪਹੁੰਚੇ ਤਾਂ ਅਰੋਪੀ ਪਾਕਿਸਤਾਨ ਵੱਲ ਭੱਜ ਗਿਆ। ਦੱਸਿਆ ਜਾ ਰਿਹਾ ਹੈ ਕਿ ਅਰੋਪੀ ਨਾਲ ਕੁਝ ਹੋਰ ਵਿਅਕਤੀ ਵੀ ਸਨ ਜਿਹਨਾਂ ਕੋਲ ਹਥਿਆਰ ਸਨ।
ਕਿਸਾਨ ਨੂੰ ਕੁੱਟਣ ਤੋਂ ਬਾਅਦ ਉਹ ਚਾਰੇ ਪਾਕਿਸਤਾਨ ਰੇਂਜਰ ਦੀ ਪੋਸਟ ਤੇ ਚਲੇ ਗਏ। ਉਸ ਨੂੰ ਸ਼ੱਕ ਹੈ ਕਿ ਇਹ ਪਾਕਿਸਤਾਨੀ ਰੇਂਜਰ ਦੀ ਹਰਕਤ ਹੋ ਸਕਦੀ ਹੈ। ਕਿਸਾਨ ਸੁਖਬੀਰ ਸਿੰਘ ਲੱਖਾ ਨੇ ਬਮਿਆਲ ਪੁਲਿਸ ਨੂੰ ਮਾਮਲੇ ਦੀ ਸ਼ਿਕਾਇਤ ਕਰ ਦਿੱਤੀ ਹੈ। ਉਸ ਨੇ ਦੱਸਿਆ ਕਿ ਇਹ ਪਹਿਲੀ ਘਟਨਾ ਹੈ। ਇਸ ਘਟਨਾ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਪਾਕਿਸਤਾਨ ਦੇ ਖਿਲਾਫ ਨਾਅਰੇਬਾਜ਼ੀ ਕੀਤੀ।
ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਸਰਹੱਦ ਨਾਲ ਵਹਿੰਦੇ ਨਾਲੇ ਤੇ ਜਦੋਂ ਵੀ ਕੋਈ ਕਿਸਾਨ ਅਪਣੇ ਖੇਤਾਂ ਵਿਚ ਜਾਂਦੇ ਹਨ ਤਾਂ ਸੁਰੱਖਿਆ ਬਲਾਂ ਦੇ ਜਵਾਨ ਉਹਨਾਂ ਨਾਲ ਨਹੀਂ ਰਹਿੰਦੇ ਅਤੇ ਤਾਂ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ। ਫਿਲਹਾਲ ਇਸ ਮਾਮਲੇ ਤੇ ਜਾਂਚ ਜਾਰੀ ਹੈ। ਸੁਖਬੀਰ ਸਿੰਘ ਲੱਖਾ ਨੇ ਦੱਸਿਆ ਕਿ ਉਹ ਸਵੇਰੇ ਸਰਹੱਦ ਤੇ ਗੇਟ ਨੰਬਰ 9 ਨਾਲ ਲੱਗਦੇ ਅਪਣੇ ਖੇਤ ਵਿਚ ਪਸ਼ੂ ਚਰਾ ਰਿਹਾ ਸੀ।
ਪਿੱਛੇ ਤੋਂ ਇੱਕ ਵਿਅਕਤੀ ਆਇਆ ਅਤੇ ਉਸ ਨੇ ਕੁਟਣਾ ਸ਼ੁਰੂ ਕਰ ਦਿੱਤਾ ਅਤੇ ਉਸ ਨੂੰ ਧੱਕੇ ਨਾਲ ਪਾਕਿਸਤਾਨ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਨ ਲੱਗਿਆ। ਉਸ ਵਕਤ ਸੁਖਬੀਰ ਸਿੰਘ ਨੇ ਵੀ ਉਸ ਨੂੰ ਕੁੱਟਿਆ। ਉਸ ਨੇ ਤਿੰਨ ਹੋਰ ਵਿਅਕਤੀਆਂ ਨੂੰ ਵੇਖਿਆ ਸੀ ਜਿਹਨਾਂ ਕੋਲ ਹਥਿਆਰ ਸਨ। ਉਹਨਾਂ ਦੇ ਹੱਥ ਵਿਚ ਰਾਇਫਲ ਫੜੀ ਹੋਈ ਸੀ। ਉਸ ਦੇ ਖੇਤਾਂ ਤੋਂ ਪਾਕਿਸਤਾਨੀ ਸਰਹੱਦ ਲਗਭਗ 500 ਮੀਟਰ ਦੀ ਦੂਰੀ ਤੇ ਹੈ।