ਉੱਤਰ ਕੋਰੀਆ ਨੇ ਟਰੰਪ ਨਾਲ ਮੀਟਿੰਗ ਰੱਦ ਕਰਨ ਦੀ ਧਮਕੀ ਦਿਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਮ ਜੋਂਗ ਅਤੇ ਟਰੰਪ ਵਿਚਕਾਰ 12 ਜੂਨ ਨੂੰ ਹੋਣੀ ਹੈ ਗੱਲਬਾਤ

Donald Trump

ਪਿਉਂਗਯਾਂਗ, ਉੱਤਰ ਕੋਰੀਆ ਨੇ ਉਸ ਦੇ ਪ੍ਰਮਾਣੂ ਹਥਿਆਰ ਖ਼ਤਮ ਕਰਨ ਦਾ ਇਕਪਾਸੜ ਦਬਾਅ ਬਣਾਉਣ ਦੀ ਹਾਲਤ 'ਚ ਟਰੰਪ ਨਾਲ ਕਿਮ ਜੋਂਗ ਦੀ ਅਗਲੇ ਮਹੀਨੇ ਹੋਣ ਵਾਲੀ ਮੀਟਿੰਗ ਰੱਦ ਕਰਨ ਦੀ ਧਮਕੀ ਦਿਤੀ ਹੈ। ਉਹ ਦੱਖਣ ਕੋਰੀਆ ਨਾਲ ਗੱਲਬਾਤ ਪਹਿਲਾਂ ਹੀ ਰੱਦ ਕਰ ਚੁੱਕਾ ਹੈ। ਟਰੰਪ ਅਤੇ ਕਿਮ ਜੋਂਗ ਵਿਚਕਾਰ ਗੱਲਬਾਤ 12 ਜੂਨ ਨੂੰ ਹੋਵੇਗੀ। ਉੱਤਰ ਕੋਰੀਆ ਦੀ ਨਿਊਜ਼ ਏਜੰਸੀ ਕੇ.ਸੀ.ਐਨ.ਏ. ਮੁਤਾਬਕ ਉਪ ਵਿਦੇਸ਼ ਮੰਤਰੀ ਕਿਮ ਕਾਈ-ਗਵਾਨ ਨੇ ਕਿਹਾ ਹੈ ਕਿ ਅਮਰੀਕਾ ਅਪਣਾ ਰਵਈਆ ਨਹੀਂ ਬਦਲਦਾ ਤਾਂ ਸਾਨੂੰ ਫਿਰ ਤੋਂ ਸੋਚਣਾ ਪਵੇਗਾ ਕਿ ਅਮਰੀਕਾ ਨਾਲ ਪ੍ਰਸਤਾਵਤ ਗੱਲਬਾਤ 'ਚ ਸ਼ਾਮਲ ਹੋਈਏ ਜਾਂ ਨਹੀਂ। ਉੱਤਰ ਕੋਰੀਆ ਦਾ ਕਹਿਣਾ ਹੈ ਕਿ ਉਸ ਨੂੰ ਉਮੀਦ ਸੀ ਕਿ ਇਸ ਗੱਲਬਾਤ ਨਾਲ ਦੋਹਾਂ ਦੇਸ਼ਾਂ ਵਿਚਕਾਰ ਸਬੰਧ ਚੰਗੇ ਹੋਣਗੇ, ਪਰ ਅਮਰੀਕਾ ਫ਼ਜ਼ੂਲ ਬਿਆਨਬਾਜ਼ੀ ਕਰ ਕੇ ਸਾਨੂੰ ਭੜਕਾ ਰਿਹਾ ਹੈ। ਬੀ.ਬੀ.ਸੀ. ਮੁਤਾਬਕ ਗੱਲਬਾਤ ਲਈ ਤਿਆਰੀਆਂ ਜ਼ੋਰ-ਸ਼ੋਰ ਨਾਲ ਚਲ ਰਹੀਆਂ ਸਨ, ਪਰ ਇਸ ਬਿਆਨ ਮਗਰੋਂ ਭੰਬਲਭੂਸੇ ਵਾਲੀ ਸਥਿਤੀ ਪੈਦਾ ਹੋ ਗਈ ਹੈ।

ਉਥੇ ਹੀ ਅਮਰੀਕਾ ਨੇ ਕਿਹਾ ਕਿ ਉੱਤਰ ਕੋਰੀਆ ਦੇ ਰਵਈਏ 'ਚ ਬਦਲਾਅ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਟਰੰਪ-ਕਿਮ ਦੀ ਗੱਲਬਾਤ ਲਈ ਤਿਆਰੀ ਜਾਰੀ ਰਹੇਗੀ। ਕੋਰੀਆ ਨੈਸ਼ਨਲ ਡਿਪਲੋਮੈਟਿਕ ਅਕਾਦਮੀ ਦੇ ਪ੍ਰੋ. ਕਿਮ ਹਿਊਨ-ਵੁਕ ਦਾ ਕਹਿਣਾ ਹੈ ਕਿ ਸ਼ਾਇਦ ਉੱਤਰ ਕੋਰੀਆ ਗੱਲਬਾਤ ਦੀਆਂ ਸ਼ਰਤਾਂ ਨਵੇਂ ਸਿਰੇ ਤੋਂ ਤੈਅ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਉੱਤਰ ਕੋਰੀਆ ਦੇ ਬਦਲੇ ਰਵਈਏ ਕਾਰਨ ਨਿਵੇਸ਼ਕਾਂ ਦੀ ਚਿੰਤਾ ਵੱਧ ਗਈ ਹੈ। ਏਸ਼ੀਆਈ ਸ਼ੇਅਰ ਬਾਜ਼ਾਰਾਂ 'ਤੇ ਇਸ ਦਾ ਅਸਰ ਵੇਖਿਆ ਗਿਆ। ਜਾਣਕਾਰਾਂ ਦਾ ਕਹਿਣਾ ਹੈ ਕਿ ਜੇ ਉੱਤਰ ਕੋਰੀਆ ਅਤੇ ਅਮਰੀਕਾ ਦੀ ਗੱਲਬਾਤ ਰੱਦ ਹੁੰਦੀ ਹੈ ਤਾਂ ਅਮਰੀਕਾ ਅਤੇ ਚੀਨ ਵਿਚਕਾਰ ਵਪਾਰ ਲਈ ਫਿਰ ਤੋਂ ਤਣਾਅ ਵੱਧ ਸਕਦਾ ਹੈ।ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਉੱਤਰ ਕੋਰੀਆ ਵਿਚਕਾਰ ਗੱਲਬਾਤ ਕਰਵਾਉਣ 'ਚ ਦੱਖਣ ਕੋਰੀਆ ਨੇ ਹੀ ਮੁੱਖ ਭੂਮਿਕਾ ਨਿਭਾਈ ਹੈ। ਦੱਖਣ ਕੋਰੀਆ ਦੇ ਨੈਸ਼ਨਲ ਸਕਿਊਰਿਟੀ ਐਡਵਾਈਜ਼ਰ ਚੁੰਗ ਯੂਈ-ਯੋਂਗ ਨੇ ਹੀ ਇਸ ਗੱਲ ਦੀ ਜਾਣਕਾਰੀ ਦਿਤੀ ਕਿ ਮੁਲਾਕਾਤ ਲਈ ਟਰੰਪ ਸਹਿਮਤ ਹੋ ਗਏ ਹਨ। (ਪੀਟੀਆਈ)