ਮੈਲਬੌਰਨ 'ਚ ਹਸਪਤਾਲ ਦੀ ਅਣਗਹਿਲੀ ਕਾਰਨ ਪੰਜਾਬੀ ਬੱਚੇ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਦੋਸ਼ੀ ਡਾਕਟਰਾਂ ਅਤੇ ਨਰਸਾਂ ਵਿਰੁਧ ਕੀਤੀ ਕਾਰਵਾਈ ਕਰਨ ਦੀ ਮੰਗ

Melbourne

ਮੈਲਬੌਰਨ- ਮੈਲਬੌਰਨ ਦੇ ਇਲਾਕੇ ਏਪਿੰਗ ਵਿਖੇ ਸਥਿਤ ਨੌਰਦਨ ਹਸਪਤਾਲ ਵਿਚ ਕਥਿਤ ਤੌਰ 'ਤੇ ਡਾਕਟਰਾਂ ਦੀ ਅਣਗਹਿਲੀ ਕਾਰਨ ਇਕ ਭਾਰਤੀ ਬੱਚੇ ਜਹਾਨ ਸਿੰਘ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਥੇ ਵਸਦੇ ਭਾਰਤੀਆਂ ਖ਼ਾਸ ਤੌਰ 'ਤੇ ਪੰਜਾਬੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸੇ ਰੋਸ ਵਜੋਂ ਲੋਕਾਂ ਨੇ ਇਕੱਠੇ ਹੋ ਕੇ ਹਸਪਤਾਲ ਦੇ ਬਾਹਰ ਹੱਥਾਂ 'ਚ ਤਖ਼ਤੀਆਂ ਅਤੇ ਮੋਮਬੱਤੀਆਂ ਲੈ ਕੇ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ।

ਆਪਣੇ ਨੌਂ ਮਹੀਨੇ ਦੇ ਮਰਹੂਮ ਬੱਚੇ ਜਹਾਨ ਸਿੰਘ ਲਈ ਇਨਸਾਫ਼ ਦੀ ਮੰਗ ਕਰਦਿਆਂ ਮ੍ਰਿਤਕ ਬੱਚੇ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਜਹਾਨ ਦੀ ਮੌਤ ਨੌਰਦਨ ਹਸਪਤਾਲ ਦੀ ਅਣਗਹਿਲੀ ਕਾਰਨ ਹੋਈ ਹੈ। ਜਿਸ ਦੇ ਲਈ ਸਰਕਾਰ ਨੂੰ ਦੋਸ਼ੀ ਨਰਸਾਂ ਤੇ ਡਾਕਟਰਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।

ਦਸ ਦਈਏ ਕਿ ਇਸ ਮੌਕੇ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਦੇ ਲੋਕ ਮੌਜੂਦ ਸਨ ਜੋ ਹੱਥਾਂ ਵਿਚ ਮ੍ਰਿਤਕ ਬੱਚੇ ਦੀ ਤਸਵੀਰ ਵਾਲੀਆਂ ਤਖ਼ਤੀਆਂ ਫੜ ਕੇ ਇਨਸਾਫ਼ ਦੀ ਮੰਗ ਕਰ ਰਹੇ ਸਨ ਪਰ ਦੇਖਣਾ ਹੋਵੇਗਾ ਕਿ ਆਸਟ੍ਰੇਲੀਆ ਸਰਕਾਰ ਇਸ ਮਾਮਲੇ ਵਿਚ ਕੀ ਕਾਰਵਾਈ ਕਰਦੀ ਹੈ।