Russia Attack on Ukraine : ਰੂਸੀ ਹਮਲੇ ਕਾਰਨ ਯੂਕਰੇਨ ’ਚ 9 ਮੌਤਾਂ, 4 ਜ਼ਖ਼ਮੀ
Russia Attack on Ukraine : ਰੂਸੀ ਡਰੋਨ ਬੱਸ ਨਾਲ ਟਕਰਾਇਆ
9 dead, 4 injured in Ukraine due to Russian attack Latest News in Punjabi : ਮਾਸਕੋ ਅਤੇ ਕੀਵ ਦਰਮਿਆਨ ਸਾਲਾਂ ਬਾਅਦ ਹੋਈ ਪਹਿਲੀ ਸਿੱਧੀ ਸ਼ਾਂਤੀ ਗੱਲਬਾਤ ਤੋਂ ਕੁਝ ਘੰਟੇ ਬਾਅਦ ਹੀ ਰੂਸੀ ਡਰੋਨ ਹਮਲੇ ਕਾਰਨ ਯੂਕਰੇਨ ਵਿਚ 9 ਵਿਅਕਤੀਆਂ ਦੀ ਮੌਤ ਹੋ ਗਈ। ਯੂਕਰੇਨ ਦੇ ਅਧਿਕਾਰੀਆਂ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਸੁਮੀ ਖੇਤਰ ਵਿਚ ਇਕ ਰੂਸੀ ਡਰੋਨ ਨੇ ਇਕ ਬੱਸ ਨੂੰ ਟੱਕਰ ਮਾਰ ਦਿਤੀ, ਜਿਸ ਵਿਚ ਨੌਂ ਵਿਅਕਤੀ ਮਾਰੇ ਗਏ ਅਤੇ ਚਾਰ ਜ਼ਖ਼ਮੀ ਹੋ ਗਏ। ਯੂਕਰੇਨ ਦੀ ਰਾਸ਼ਟਰੀ ਪੁਲਿਸ ਨੇ ਟੈਲੀਗ੍ਰਾਮ ਮੈਸੇਜਿੰਗ ਐਪ ’ਤੇ ਇਕ ਪੋਸਟ ਵਿਚ ਕਿਹਾ, ‘ਇਹ ਸਿਰਫ਼ ਇਕ ਹੋਰ ਗੋਲਾਬਾਰੀ ਨਹੀਂ ਹੈ, ਇਹ ਇਕ ਘਿਨਾਉਣਾ ਯੁੱਧ ਅਪਰਾਧ ਹੈ।’
ਸੁਮੀ ਦੇ ਫ਼ੌਜੀ ਪ੍ਰਸ਼ਾਸਨ ਦੇ ਮੁਖੀ ਇਹੋਰ ਟਕਾਚੇਂਕੋ ਨੇ ਟੈਲੀਗ੍ਰਾਮ ’ਤੇ ਕਿਹਾ ਕਿ ਰਾਹਤ ਕਾਰਜ ਜਾਰੀ ਹੈ। ਬੀਤੇ ਦਿਨ ਤੁਰਕੀ ਵਿਚ ਰੂਸੀ ਅਤੇ ਯੂਕਰੇਨੀ ਅਧਿਕਾਰੀਆਂ ਦੀ ਮੀਟਿੰਗ ਅਸਥਾਈ ਗੋਲੀਬੰਦੀ ਦੀ ਸਹਿਮਤੀ ਕਰਨ ਵਿਚ ਅਸਫ਼ਲ ਰਹੀ। ਫ਼ਰਵਰੀ 2022 ਵਿਚ ਰੂਸ ਵਲੋਂ ਸ਼ੁਰੂ ਕੀਤੇ ਯੁੱਧ ਦੇ ਸ਼ੁਰੂਆਤੀ ਮਹੀਨਿਆਂ ਤੋਂ ਬਾਅਦ ਇਹ ਦੋਵਾਂ ਧਿਰਾਂ ਵਿਚਕਾਰ ਇਹ ਪਹਿਲੀ ਸਿੱਧੀ ਗੱਲਬਾਤ ਸੀ।
ਇਸ ਘਟਨਾ ਤੋਂ ਬਾਅਦ ਯੂਕਰੇਨ ਦੀ ਪੁਲਿਸ ਨੇ ਇਕ ਯਾਤਰੀ ਵੈਨ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਹਨ।