'ਅਖ਼ਬਾਰ 'ਚ ਅਪਰਾਧਕ ਖ਼ਬਰਾਂ ਨਾ ਛਾਪੀਆਂ ਜਾਣ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਫ਼ੀਫ਼ਾ ਵਰਲਡ ਕਪ ਤਹਿਤ ਰੂਸ ਦੀ ਸਰਕਾਰ ਨੇ ਅਗਲੇ 50 ਦਿਨਾਂ ਤਕ ਅਪਰਾਧ ਨਾਲ ਸਬੰਧਤ ਖ਼ਬਰਾਂ ਨਾ ਛਾਪਣ ਦੇ ਆਦੇਸ਼ ਦਿਤੇ ਹਨ....

People Protesting

ਸੇਂਟ ਪੀਟਰਬਰਗ : ਫ਼ੀਫ਼ਾ ਵਰਲਡ ਕਪ ਤਹਿਤ ਰੂਸ ਦੀ ਸਰਕਾਰ ਨੇ ਅਗਲੇ 50 ਦਿਨਾਂ ਤਕ ਅਪਰਾਧ ਨਾਲ ਸਬੰਧਤ ਖ਼ਬਰਾਂ ਨਾ ਛਾਪਣ ਦੇ ਆਦੇਸ਼ ਦਿਤੇ ਹਨ। ਬੀਤੇ 10 ਦਿਨ ਤੋਂ 85 ਪੁਲਿਸ ਰੀਜ਼ਨ 'ਚ ਅਜਿਹੀ ਕੋਈ ਖ਼ਬਰ ਨਹੀਂ ਛਪੀ ਹੈ। ਅੰਦਰੂਨੀ ਮੰਤਰਾਲਾ ਦੀ ਪ੍ਰੈਸ ਸਰਵਿਸ ਵਲੋਂ ਕਿਹਾ ਗਿਆ ਹੈ ਕਿ ਪੁਲਿਸ ਕਿਸੇ ਮੁਲਜ਼ਮ ਨੂੰ ਫੜਨ ਜਾਂ ਮਾਮਲੇ ਨੂੰ ਸੁਲਝਾਉਣ ਦੀ ਖ਼ਬਰ ਮੀਡੀਆ ਨੂੰ ਨਾ ਦੇਵੇ। ਸਿਰਫ਼ ਚੰਗੀਆਂ ਖ਼ਬਰਾਂ ਜਾਂ ਸੂਚਨਾਵਾਂ ਹੀ ਪ੍ਰਕਾਸ਼ਤ ਕੀਤੀਆਂ ਜਾਣ।

ਮੰਨਿਆ ਜਾ ਰਿਹਾ ਹੈ ਕਿ ਇਸ ਆਦੇਸ਼ ਨਾਲ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਰੂਸ ਦੀ ਅਪਰਾਧ ਮੁਕਤ ਤਸਵੀਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਰੂਸੀ ਮੀਡੀਆ ਰੀਪੋਰਟਾਂ ਮੁਤਾਬਕ 6 ਜੂਨ ਤੋਂ ਬਾਅਦ ਕਿਸੇ ਅਪਰਾਧੀ ਨੂੰ ਫੜਨ ਅਤੇ ਮਾਮਲੇ ਸੁਲਝਾਉਣ ਦੀ ਖ਼ਬਰ ਨਹੀਂ ਛਪੀ ਹੈ। ਸੈਂਟਰਲ ਫ਼ੈਡਰਲ ਡਿਸਟ੍ਰਿਕਟ ਦੇ ਇਕ ਕਰਨਲ ਨੇ ਦਸਿਆ ਕਿ ਉਨ੍ਹਾਂ ਨੂੰ ਅਪਰਾਧ ਨਾਲ ਸਬੰਧਤ ਖ਼ਬਰਾਂ, ਖੋਜੀ ਮੁਹਿੰਮਾਂ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਸੂਚਨਾਵਾਂ ਨਾ ਦੇਣ ਦਾ ਆਦੇਸ਼ ਮਿਲਿਆ ਹੈ।

ਪੁਲਿਸ ਨੂੰ ਕਿਹਾ ਹੈ ਕਿ ਉਹ 25 ਜੁਲਾਈ ਤਕ ਅਜਿਹੀ ਕੋਈ ਜਾਣਕਾਰੀ ਸਾਂਝੀ ਨਾ ਕਰਨ। ਨਾਲ ਹੀ ਪੁਲਿਸ ਨੇ ਸੋਸ਼ਲ ਮੀਡੀਆ ਅਤੇ ਨਕਾਰਾਤਮਕ ਖ਼ਬਰਾਂ 'ਤੇ ਨਜ਼ਰ ਬਣਾਈ ਹੋਈ ਹੈ। ਅਤਿਵਾਦੀ ਹਮਲੇ ਨਾਲ ਨਜਿੱਠਣ ਲਈ ਸੇਂਟ ਪੀਟਰਬਰਗ 'ਚ ਸਟੇਡੀਅਮ ਦੇ ਨੇੜੇ ਮਿਜ਼ਾਈਲ ਲਾਂਚਰ ਅਤੇ ਐਂਟੀ ਡਰੋਨ ਜੈਮਰ ਲਗਾਏ ਗਏ ਹਨ। ਪਿਛਲੇ ਸਾਲ ਇਸੇ ਇਲਾਕੇ 'ਚ ਧਮਾਕਾ ਹੋਇਆ ਸੀ।

ਵਰਲਡ ਕਪ ਦੌਰਾਨ ਸੁਰੱਖਿਆ ਲਈ ਯੂਕ੍ਰੇਨ ਨਾਲ ਲਗਦੇ ਸਮੁੰਦਰ 'ਚ ਵੀ ਵਾਧੂ ਜੰਗੀ ਜਹਾਜ਼ ਅਤੇ ਫ਼ੌਜੀ ਜਹਾਜ਼ ਤਾਇਨਾਤ ਹਨ। ਮੈਚ ਖੇਡੇ ਜਾਣ ਵਾਲੇ ਸ਼ਹਿਰਾਂ 'ਚ ਸੁਰੱਖਿਆ ਲਈ ਆਸਪਾਸ ਦੇ ਇਲਾਕਿਆਂ ਤੋਂ ਪੁਲਿਸ ਜਵਾਨਾਂ ਦੀ ਤਾਇਨਾਤੀ ਕੀਤੀ ਗਈ ਹੈ। (ਏਜੰਸੀ)