ਦੁਨੀਆਂ ਦੇ ਹਰ ਪੰਜਵੇਂ ਸ਼ਖ਼ਸ ਨੂੰ ਕੋਰੋਨਾ ਵਾਇਰਸ ਦਾ ਗੰਭੀਰ ਖ਼ਤਰਾ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਸਾਰ ਦੀ 22 ਫ਼ੀ ਸਦੀ ਆਬਾਦੀ ਲੰਮੇ ਸਮੇਂ ਤੋਂ ਕਿਸੇ ਨਾ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ

Covid 19

ਲੰਦਨ, 16 ਜੂਨ : ਦੁਨੀਆਂ ਦਾ ਹਰ ਪੰਜਵਾਂ ਵਿਅਕਤੀ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹੈ ਅਤੇ ਅਜਿਹਾ ਵਿਅਕਤੀ ਜੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਂਦਾ ਹੈ ਤਾਂ ਉਸ ਦੇ ਗੰਭੀਰ ਰੂਪ ਵਿਚ ਪੀੜਤ ਹੋਣ ਦਾ ਖ਼ਤਰਾ ਮੁਕਾਬਲਤਨ ਜ਼ਿਆਦਾ ਹੈ। ਇਸ ਅਧਿਐਨ ਦੀ ਮਦਦ ਨਾਲ ਉਨ੍ਹਾਂ ਲੋਕਾਂ ਨੂੰ ਕੋਵਿਡ-19 ਤੋਂ ਬਚਾਉਣ ਸਬੰਧੀ ਰਣਨੀਤੀਆਂ ਬਣਾਉਣ ਵਿਚ ਮਦਦ ਮਿਲ ਸਕਦੀ ਹੈ ਜਿਨ੍ਹਾਂ ਨੂੰ ਲਾਗ ਦਾ ਜ਼ਿਆਦਾ ਖ਼ਤਰਾ ਹੈ। ਰਸਾਲੇ 'ਦਾ ਲਾਂਸੇਟ ਗਲੋਬਲ ਹੈਲਥ' ਵਿਚ ਛਪੇ ਅਧਿਐਨ ਵਿਚ ਕਿਹਾ ਗਿਆ ਹੈ ਕਿ ਦੁਨੀਆਂ ਦੀ 1.7 ਅਰਬ ਆਬਾਦੀ ਯਾਨੀ ਸੰਸਾਰ ਵਿਚ 22 ਫ਼ੀ ਸਦੀ ਲੋਕ ਲੰਮੇ ਸਮੇਂ ਤੋਂ ਕਿਸੇ ਨਾ ਕਿਸੇ ਗੰਭੀਰ ਬੀਮਾਰੀ ਤੋਂ ਪੀੜਤ ਹਨ ਜਿਸ ਕਾਰਨ ਉਨ੍ਹਾਂ ਦੇ ਕੋਰੋਨਾ ਵਾਇਰਸ ਤੋਂ ਗੰਭੀਰ ਰੂਪ ਵਿਚ ਪੀੜਤ ਹੋਣ ਦਾ ਖ਼ਤਰਾ ਜ਼ਿਆਦਾ ਹੈ।

ਖੋਜਕਾਰਾਂ ਦੀ ਟੀਮ ਵਿਚ ਬ੍ਰਿਟੇਨ ਦੇ 'ਲੰਦਨ ਸਕੂਲ ਆਫ਼ ਹਾਈਜੀਨ ਐਂਡ ਟਰਾਪੀਕਲ ਮੈਡੀਸਨ' ਦੇ ਅਧਿਐਨਕਾਰ ਵੀ ਸ਼ਾਮਲ ਸਨ। ਅਧਿਐਨਕਾਰਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਗੰਭੀਰ ਲਾਗ ਦਾ ਖ਼ਤਰਾ ਜ਼ਿਆਦਾ ਹੈ, ਉਨ੍ਹਾਂ ਵਿਚ ਸੱਭ ਤੋਂ ਜ਼ਿਆਦਾ ਲੋਕ ਉਨ੍ਹਾਂ ਦੇਸ਼ਾਂ ਦੇ ਹਨ ਜਿਥੇ ਬਜ਼ੁਰਗਾਂ ਦੀ ਆਬਾਦੀ ਜ਼ਿਆਦਾ ਹੈ। ਇਨ੍ਹਾਂ ਵਿਚ ਉਨ੍ਹਾਂ ਅਫ਼ਰੀਕੀ ਦੇਸ਼ਾਂ ਦੇ ਲੋਕ ਵੀ ਭਾਰੀ ਗਿਣਤੀ ਵਿਚ ਹਨ ਜਿਥੇ ਏਡਜ਼, ਐਚਆਈਵੀ ਦੇ ਮਰੀਜ਼ ਜ਼ਿਆਦਾ ਹਨ। ਇਸ ਤੋਂ ਇਲਾਵਾ ਉਨ੍ਹਾਂ ਛੋਟੇ ਦੇਸ਼ਾਂ ਵਿਚ ਵੀ ਭਾਰੀ ਗਿਣਤੀ ਵਿਚ ਲੋਕਾਂ ਦੇ ਗੰਭੀਰ ਰੂਪ ਵਿਚ ਪੀੜਤ ਹੋਣ ਦਾ ਖ਼ਤਰਾ ਹੈ ਜਿਥੇ ਸ਼ੂਗਰ ਦੇ ਮਰੀਜ਼ ਜ਼ਿਆਦਾ ਹਨ।