ਅਪਰਾਧੀਆਂ ਵਰਗਾ ਵਤੀਰਾ, ਸਿੱਖਾਂ ਤੋਂ ਖੋਹੀਆਂ ਦਸਤਾਰਾਂ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਅਮਰੀਕਾ ਦੇ ਓਰੇਗਾਊਂ ਦੀਆਂ ਸੰਘੀ ਜੇਲਾਂ ਵਿਚ ਬੰਦ 50 ਤੋਂ ਵੱਧ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਏ ਪ੍ਰਵਾਸੀ ਭਾਰਤੀਆਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ.....

NRI Indian In Jail

ਓਰੇਗਾਉਂ (ਅਮਰੀਕਾ) : ਅਮਰੀਕਾ ਦੇ ਓਰੇਗਾਊਂ ਦੀਆਂ ਸੰਘੀ ਜੇਲਾਂ ਵਿਚ ਬੰਦ 50 ਤੋਂ ਵੱਧ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਦਾਖ਼ਲ ਹੋਏ ਪ੍ਰਵਾਸੀ ਭਾਰਤੀਆਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ। ਇਨ੍ਹਾਂ ਪ੍ਰਵਾਸੀ ਭਾਰਤੀਆਂ ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਹਨ, ਨਾਲ ਅਪਰਾਧੀਆਂ ਵਾਂਗ ਵਤੀਰਾ ਕੀਤਾ ਜਾ ਰਿਹਾ ਹੈ ਅਤੇ ਸਿੱਖਾਂ ਤੋਂ ਉਨ੍ਹਾਂ ਦੀਆਂ ਦਸਤਾਰਾਂ ਖੋਹ ਲਈਆਂ ਗਈਆਂ ਹਨ ਜਿਸ ਕਾਰਨ ਸਿੱਖਾਂ ਨੂੰ ਨੰਗੇ ਸਿਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਨ੍ਹਾਂ ਪ੍ਰਵਾਸੀ ਭਾਰਤੀਆਂ ਦਾ ਦੋਸ਼ ਇੰਨਾ ਹੈ ਕਿ ਇਹ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਏ ਹਨ ਅਤੇ ਹੁਣ ਇਹ ਅਮਰੀਕਾ ਵਿਚ ਪਨਾਹ ਦੀ ਮੰਗ ਕਰ ਰਹੇ ਹਨ। 

ਓਰੇਗਾਉਂ ਦੇ ਸ਼ੇਰੀਡਨ ਇਲਾਕੇ ਦੀ ਸੰਘੀ ਜੇਲ ਵਿਚ ਬੰਦ ਲਗਭਗ 52 ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕਰ ਚੁੱਕੀ ਪ੍ਰੋ. ਨਵਨੀਤ ਕੌਰ ਨੇ ਕਿਹਾ ਕਿ ਜਦ ਉਹ ਜੇਲ ਵਿਚ ਇਨ੍ਹਾਂ ਨੂੰ ਮਿਲਣ ਗਈ ਤਾਂ ਉਨ੍ਹਾਂ ਨੂੰ ਇਹ ਵੇਖ ਕੇ ਕਾਫ਼ੀ ਦੁਖ ਹੋਇਆ ਕਿ 20-24 ਸਾਲ ਦੇ ਨੌਜਵਾਨ ਮੁੰਡਿਆਂ ਨਾਲ ਅਪਰਾਧੀਆਂ ਵਾਂਗ ਵਤੀਰਾ ਹੋ ਰਿਹਾ ਹੈ ਜਦਕਿ ਇਨ੍ਹਾਂ ਨੇ ਕੋਈ ਅਪਰਾਧ ਵੀ ਨਹੀਂ ਕੀਤਾ। ਇਨ੍ਹਾਂ ਨੇ ਗ਼ੈਰ ਕਾਨੂੰਨੀ ਢੰਗ ਨਾਲ ਸਰਹਦ ਪਾਰ ਕੀਤੀ ਅਤੇ ਇਹ ਹੁਣ ਅਮਰੀਕਾ ਵਿਚ ਪਨਾਹ ਦੀ ਮੰਗ ਕਰ ਰਹੇ ਹਨ ਜੋ ਕਿ ਅਮਰੀਕਾ ਵਿਚ ਇਕ ਕਾਨੂੰਨ ਹੈ ਪਰ ਇਹ ਮੰਗ ਕਰਨ ਬਦਲੇ ਇਨ੍ਹਾਂ ਨੂੰ ਜੇਲ ਵਿਚ ਜੰਜੀਰਾਂ ਵਿਚ ਬੰਨ੍ਹਿਆਂ ਗਿਆ ਹੈ। 

ਜੇਲਾਂ ਵਿਚ ਬੰਦ ਗ਼ੈਰ ਕਾਨੂੰਨੀ ਪ੍ਰਵਾਸੀ ਭਾਰਤੀਆਂ ਨੂੰ ਕਾਨੂੰਨੀ ਮਦਦ ਦੇਣ ਵਾਲੀ ਕਾਨੂੰਨੀ ਸੰਸਥਾ ਇਨੋਵੇਸ਼ਨ ਲਾਅ ਲੈਬ ਲਈ ਪੰਜਾਬੀ ਤਰਜਮਾਨ ਵਜੋਂ ਕੰਮ ਕਰਨ ਵਾਲੀ ਨਵਨੀਤ ਕੌਰ ਨੇ ਦਸਿਆ ਕਿ ਸ਼ੇਰੀਡਨ ਦੀ ਜੇਲ ਵਿਚ ਲਗਭਗ 123 ਗ਼ੈਰ ਕਾਨੂੰਨੀ ਪ੍ਰਵਾਸੀ ਨੂੰ ਰਖਿਆ ਗਿਆ ਹੈ ਜਿਨ੍ਹਾਂ ਵਿਚ 52 ਭਾਰਤੀ ਹਨ। ਮੌਜੂਦਾ ਸਮੇਂ ਵਿਚ ਇਨ੍ਹਾਂ ਦੀ ਸਥਿਤੀ ਕਾਫ਼ੀ ਜ਼ਿਆਦਾ ਮਾੜੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿੱਖ ਬੰਦੀਆਂ ਤੋਂ ਦਸਤਾਰਾਂ ਖੋਹ ਲਈਆਂ ਗਈਆਂ ਹਨ ਜਿਸ ਕਾਰਨ ਉਨ੍ਹਾਂ ਕੋਲ ਅਪਣਾ ਸਿਰ ਢਕਣ ਲਈ ਕੁੱਝ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਹ ਸੱਭ ਉਸ ਦੇਸ਼ ਵਿਚ ਹੋ ਰਿਹਾ ਹੈ ਜਿਥੇ ਹਰ ਵਿਅਕਤੀ ਨੂੰ ਅਪਣੇ ਧਰਮ ਵਿਚ ਰਹਿਣ ਦਾ ਪੂਰਾ ਅਧਿਕਾਰ ਹੈ। ਉਨ੍ਹਾਂ ਕਿਹਾ ਕਿ ਗ਼ੈਰ ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਜੇਲ ਵਿਚ ਜੰਜੀਰਾਂ ਵਿਚ ਬੰਨ੍ਹ ਦਿਤਾ ਗਿਆ ਹੈ ਅਤੇ ਉਹ ਅਪਣੇ ਬੰਨ੍ਹੇ ਹੱਥਾਂ ਨਾਲ ਹੀ ਖਾਣਾ ਖਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਵਤੀਰਾ ਤਾਂ ਖਤਰਨਾਕ ਅਪਰਾਧੀਆਂ ਨਾਲ ਵੀ ਨਹੀਂ ਕੀਤਾ ਜਾਂਦਾ ਜਿਵੇਂ ਦਾ ਵਤੀਰਾ ਇਨ੍ਹਾਂ ਨਾਲ ਹੋ ਰਿਹਾ ਹੈ। ਇਨ੍ਹਾਂ ਬੰਦੀਆਂ ਨੂੰ ਉਨ੍ਹਾਂ ਬੰਦੀਆਂ ਵਿਚ ਰਖਿਆ ਜਾ ਰਿਹਾ ਹੈ ਜਿਨ੍ਹਾਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ।

ਕੁੱਝ ਦਿਨ ਪਹਿਲਾਂ ਸਥਾਨਕ ਸਿੱਖ ਜੇਲ ਵਿਚ ਬੰਦ ਬੰਦੀ ਸਿੰਘਾਂ ਵਿਚੋਂ ਕੁੱਝ ਨੂੰ ਕਪੜੇ ਦੇਣ ਵਿਚ ਸਫ਼ਲ ਹੋਏ ਹਨ ਤਾਕਿ ਬੰਦੀ ਸਿੰਘ ਅਪਣੇ ਸਿਰਾਂ ਨੂੰ ਢੱਕ ਸਕਣ। ਨਵਨੀਤ ਕੌਰ ਨੇ ਕਿਹਾ ਕਿ ਇਨ੍ਹਾਂ ਬੰਦੀਆਂ ਵਿਚੋਂ ਕੋਈ ਵੀ ਵਿਅਕਤੀ ਭਾਰਤ ਵਾਪਸ ਨਹੀਂ ਜਾਣਾ ਚਾਹੁੰਦਾ। ਇਹ ਸਾਰੇ ਇਹ ਕਹਿ ਕੇ ਅਮਰੀਕਾ ਵਿਚ ਪਨਾਹ ਦੀ ਮੰਗ ਕਰ ਰਹੇ ਹਨ ਕਿ ਭਾਰਤ ਵਿਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।  
(ਪੀ.ਟੀ.ਆਈ.)