ਅਮਰੀਕਾ ਵਿਚ ਡਾਕ ਸੇਵਾ ’ਤੇ ਆਰਥਕ ਸੰਕਟ, ਦੇਰ ਨਾਲ ਪੁੱਜੇਗੀ ਡਾਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਵ-ਨਿਯੁਕਤ ਪੋਸਟ ਮਾਸਟਰ ਜਨਰਲ ਦੁਆਰਾ ਖ਼ਰਚਾ ਘੱਟ ਕਰਨ ਲਈ ਚੁਕੇ ਗਏ ਕਦਮਾਂ ਕਾਰਨ ਅਮਰੀਕਾ ਵਿਚ ਡਾਕ ਨਾਲ ਸਮਾਨ ਪਹੁੰਚਾਣ ਵਿਚ ਇਕ ਤੋਂ ਵੱਧ ਦਿਨਾਂ ਦੀ ਦੇਰ ਹੋ ਸਕਦੀ ਹੈ।

Photo

ਵਾਸ਼ਿੰਗਟਨ, 16 ਜੁਲਾਈ : ਨਵ-ਨਿਯੁਕਤ ਪੋਸਟ ਮਾਸਟਰ ਜਨਰਲ ਦੁਆਰਾ ਖ਼ਰਚਾ ਘੱਟ ਕਰਨ ਲਈ ਚੁਕੇ ਗਏ ਕਦਮਾਂ ਕਾਰਨ ਅਮਰੀਕਾ ਵਿਚ ਡਾਕ ਨਾਲ ਸਮਾਨ ਪਹੁੰਚਾਣ ਵਿਚ ਇਕ ਤੋਂ ਵੱਧ ਦਿਨਾਂ ਦੀ ਦੇਰ ਹੋ ਸਕਦੀ ਹੈ। ਯੋਜਨਾ ਤਹਿਤ ਹਜ਼ਾਰਾਂ ਡਾਕ ਮੁਲਾਜ਼ਮਾਂ ਦੀ ਤੈਅ ਸਮੇਂ ਤੋਂ ਵੱਧ ਸੇਵਾ ਨਹੀਂ ਲਈ ਜਾਵੇਗੀ। ਡਾਕ ਵਿਭਾਗ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਡਾਕ ਸੇਵਾ ਨੂੰ ਜਿਊਂਦਾ ਰੱਖਣ ਲਈ ਮੁਲਾਜ਼ਮਾਂ ਨੂੰ ਵਖਰੀ ਮਾਨਸਿਕਤਾ ਨਾਲ ਕੰਮ ਕਰਨਾ ਪਵੇਗਾ।

ਹੁਣ ਦੇਰ ਰਾਤ ਤਕ ਸਮਾਨ ਪਹੁੰਚਾਣ ਦੀ ਆਗਿਆ ਨਹੀਂ ਦਿਤੀ ਜਾਵੇਗੀ। ਐਸੋਸੀਏਟਡ ਪ੍ਰੈਸ ਨੂੰ ਪ੍ਰਾਪਤ ਦਸਤਾਵੇਜ਼ ਮੁਤਾਬਕ ਡਾਕ ਸੇਵਾ ਦੇ ਅਧਿਕਾਰੀਆਂ ਨੇ ਕਿਹਾ ਕਿ ਜੇ ਡਾਕ ਵੰਡ ਕੇਂਦਰ ਤੋਂ ਦੇਰ ਹੁੰਦੀ ਹੈ ਤਾਂ ਡਾਕ ਅਗਲੇ ਦਿਨ ਜਾਵੇਗੀ। ਇਕ ਹੋਰ ਦਸਤਾਵੇਜ਼ ਮੁਤਾਬਕ ਇਨ੍ਹਾਂ ਤਬਦੀਲੀਆਂ ਦਾ ਇਕ ਪੱਖ ਇਹ ਹੈ ਕਿ ਅਸਥਾਈ ਰੂਪ ਵਿਚ ਡਾਕ ਘੱਟ ਕਰਨ ਦੀ ਜਗ੍ਹਾ ’ਤੇ, ਫ਼ਰਸ਼ ’ਤੇ ਜਾਂ ਹੋਰ ਥਾਂ ਛੱਡੀ ਜਾ ਸਕਦੀ ਹੈ ਜਿਸ ਨਾਲ ਮੁਲਾਜ਼ਮਾਂ ਨੂੰ ਦਿੱਕਤ ਹੋ ਸਕਦੀ ਹੈ।

ਪੋਸਟ ਮਾਸਟਰ ਜਨਰਲ ਲੁਈ ਡੀ ਜਾਏ ਦੇ ਅਹੁਦਾ ਸੰਭਾਲਣ ਮਗਰੋਂ ਇਹ ਬਦਲਾਅ ਕੀਤੇ ਗਏ ਹਨ। ਡਾਕ ਵਿਭਾਗ ਨੇ ਕਿਹਾ ਕਿ ਇਕ ਦਹਾਕੇ ਤੋਂ ਡਾਕ ਸੇਵਾ ਨੂੰ ਘਾਟਾ ਪੈ ਰਿਹਾ ਸੀ ਜੋ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਹੋਰ ਵੱਧ ਗਿਆ। ਡਾਕ ਸੇਵਾ ਅਧਿਕਾਰੀਆਂ ਨੇ ਕਿਹਾ ਕਿ ਜੇ ਅਮਰੀਕੀ ਸੰਸਦ ਤੋਂ ਉਨ੍ਹਾਂ ਨੂੰ ਆਰਥਕ  ਸਹਾਇਤਾ ਨਹੀਂ ਮਿਲਦੀ ਤਾਂ ਸਤੰਬਰ ਅੰਤ ਤਕ ਸੇਵਾ ਬੰਦ ਹੋ ਜਾਵੇਗੀ।     (ਏਜੰਸੀ)