ਆਕਸਫ਼ੋਰਡ ਯੂਨੀਵਰਸਿਟੀ ਦੇ ਮਨੁੱਖੀ ਟਰਾਇਲ ਦੇ ਸ਼ਾਨਦਾਰ ਨਤੀਜੇ, ਸਤੰਬਰ ਤਕ ਆਵੇਗਾ ਟੀਕਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨੀ ਕੰਪਨੀ ਵਲੋਂ ਵੀ ਸਫ਼ਲਤਾ ਦਾ ਦਾਅਵਾ

Corona virus

ਲੰਡਨ, 16 ਜੁਲਾਈ : ਬ੍ਰਿਟੇਨ ਦੀ ਆਕਸਫ਼ੋਰਡ ਯੂਨੀਵਰਸਿਟੀ ਵਿਚ ਕੋਵਿਡ-19 ਟੀਕੇ ਦਾ ਪਹਿਲਾ ਮਨੁੱਖੀ ਟਰਾਇਲ ਸਫ਼ਲ ਰਿਹਾ ਹੈ। ਬ੍ਰਾਜ਼ੀਲ ਵਿਚ ਹੋਈਆਂ ਮਨੁੱਖੀ ਟਰਾਇਲਾਂ ਨੇ ਸ਼ਾਨਦਾਰ ਨਤੀਜੇ ਪੇਸ਼ ਕੀਤੇ ਹਨ। ਟਰਾਇਲ ਵਿਚ ਸ਼ਾਮਲ ਕੀਤੇ ਵਲੰਟੀਅਰਾਂ ਵਿਚ ਕੋਰੋਨਾ ਵਾਇਰਸ ਵਿਰੁਧ ਰੋਗ ਰੋਕੂ ਸਮਰਥਾ ਵਿਕਸਿਤ ਹੁੰਦੀ ਦੇਖੀ ਗਈ।

ਆਕਸਫ਼ੋਰਡ ਯੂਨੀਵਰਸਿਟੀ ਦੇ ਵਿਗਿਆਨੀ ਵਿਸ਼ਵਾਸ ਰਖਦੇ ਹਨ ਕਿ ਵੈਕਸੀਨ ਪੂਰੀ ਤਰ੍ਹਾਂ ਸਫ਼ਲ ਹੈ ਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਹ ਟੀਕਾ ਸਤੰਬਰ 2020 ਤਕ ਲੋਕਾਂ ਨੂੰ ਉਪਲਬਧ ਕਰਵਾ ਦਿਤਾ ਜਾਵੇਗਾ। ਇਹ ਟੀਕਾ ਐਸਟਰਾਜ਼ੇਨੇਕਾ ਦੁਆਰਾ ਤਿਆਰ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਭਾਰਤੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ (ਐਸਆਈਆਈ) ਵੀ ਇਸ ਪ੍ਰਾਜੈਕਟ ਵਿਚ ਸ਼ਾਮਲ ਹੈ।

ਯੂਨੀਵਰਸਿਟੀ ਅਨੁਸਾਰ ਅਗਲੇ ਪੜਾਅ ਵਿਚ 200 ਤੋਂ 300 ਵਿਅਕਤੀਆਂ ਉੱਤੇ ਟਰਾਇਲ ਚਲਾਇਆ ਜਾਵੇਗਾ। ਮਨੁੱਖੀ ਟਰਾਇਲ ਦੇ ਨਤੀਜੇ ਅਜੇ ਅਧਿਕਾਰਤ ਤੌਰ 'ਤੇ ਐਲਾਨੇ ਨਹੀਂ ਗਏ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦਾ ਅਧਿਕਾਰਤ ਐਲਾਨ 'ਦਿ ਲੈਂਸੇਟ' ਦੇ ਇਕ ਲੇਖ ਰਾਹੀਂ ਕੀਤਾ ਜਾਵੇਗਾ। ਉਂਜ ਆਕਸਫ਼ੋਰਡ ਯੂਨੀਵਰਸਿਟੀ ਨੇ ਦਾਅਵਾ ਕੀਤਾ ਹੈ ਕਿ ਐਂਟੀਬਾਡੀਜ਼ ਅਤੇ ਚਿੱਟੇ ਲਹੂ ਦੇ ਸੈੱਲ ਟਰਾਇਲ ਵਿਚ ਸ਼ਾਮਲ ਲੋਕਾਂ ਵਿਚ ਵਿਕਸਤ ਹੋਏ।

ਉਨ੍ਹਾਂ ਦੀ ਸਹਾਇਤਾ ਨਾਲ, ਮਨੁੱਖੀ ਸਰੀਰ ਲਾਗ ਦੇ ਵਿਰੁਧ ਲੜਨ ਲਈ ਤਿਆਰ ਹੋ ਸਕਦਾ ਹੈ। ਯੂਨੀਵਰਸਿਟੀ ਦੁਆਰਾ ਇਸ ਟੀਕੇ ਦੀ ਟਰਾਇਲ ਵਿਚ ਬ੍ਰਿਟੇਨ ਵਿਚ 8,000 ਅਤੇ ਬ੍ਰਾਜ਼ੀਲ ਅਤੇ ਦੱਖਣੀ ਅਫ਼ਰੀਕਾ ਵਿਚ 6,000 ਲੋਕ ਸ਼ਾਮਲ ਕੀਤੇ ਗਏ ਹਨ। ਜੇਕਰ ਇਹ ਵੈਕਸੀਨ ਸਫ਼ਲ ਹੋ ਜਾਂਦੀ ਹੈ ਤਾਂ ਭਾਰਤ ਨੂੰ ਸਿੱਧੇ ਤੌਰ 'ਤੇ ਫ਼ਾਇਦਾ ਹੋਵੇਗਾ ਕਿਉਂਕਿ ਸੀਰਮ ਇੰਸਟੀਚਿਊਟ ਆਪ ਇੰਡੀਆ ਵੀ ਇਸ ਆਕਸਫ਼ੋਰਡ ਪ੍ਰਾਜੈਕਟ ਦੀ ਭਾਈਵਾਲ ਫ਼ਰਮ ਹੈ।  ਆਕਸਫ਼ੋਰਡ ਦੇ ਸਫ਼ਲ ਪ੍ਰੋਜੈਕਟ 'ਤੇ, ਸੀਰਮ ਇੰਸਟੀਚਿਊਟ ਆਫ਼ ਇੰਡੀਆ ਟੀਕੇ ਦੀਆਂ 100 ਕਰੋੜ ਖ਼ੁਰਾਕਾਂ ਦਾ ਉਤਪਾਦਨ ਕਰੇਗੀ। ਇਨ੍ਹਾਂ ਵਿਚੋਂ 50 ਫ਼ੀ ਸਦੀ ਭਾਰਤ ਲਈ ਅਤੇ 50 ਫ਼ੀ ਸਦੀ ਗ਼ਰੀਬ ਅਤੇ ਮੱਧ ਆਮਦਨੀ ਵਾਲੇ ਦੇਸ਼ਾਂ ਨੂੰ ਭੇਜੇ ਜਾਣਗੇ।    (ਏਜੰਸੀ)

ਚੀਨੀ ਕੰਪਨੀ ਨੇ ਅਪਣੇ ਮੁਲਾਜ਼ਮਾਂ 'ਤੇ ਕੋਰੋਨਾ ਵਾਇਰਸ
ਦੇ ਟੀਕੇ ਦੀ ਪਰਖ ਕਰਨ ਦਾ ਕੀਤਾ ਦਾਅਵਾ

ਬੀਜਿੰਗ, 16 ਜੁਲਾਈ  : ਕੋਰੋਨਾ ਵਾਇਰਸ ਟੀਕਾ ਬਣਾਉਣ ਦੀ ਸੰਸਾਰ ਦੌੜ ਵਿਚਾਲੇ ਚੀਨ ਦੀ ਸਰਕਾਰੀ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਮਨੁੱਖ 'ਤੇ ਟੀਕੇ ਦੀ ਪਰਖ ਦੀ ਆਗਿਆ ਦੇਣ ਤੋਂ ਪਹਿਲਾਂ ਹੀ ਉਸ ਨੇ ਸਿਖਰਲੇ ਅਧਿਕਾਰੀਆਂ ਸਣੇ ਅਪਣੇ ਮੁਲਾਜ਼ਮਾਂ ਨੂੰ ਇਸ ਦੀ ਅਜ਼ਮਾਇਸ਼ੀ ਖ਼ੁਰਾਕ ਦਿਤੀ ਹੈ।

'ਸਾਈਨੋਫ਼ਾਰਮ' ਕੰਪਨੀ ਦੀ ਆਨਲਾਈਨ 'ਜਿੱਤਣ ਲਈ ਮਦਦ ਕਰਨ ਵਾਲੇ ਲੋਕ' ਦੇ ਸਿਰਲੇਖ ਵਾਲੀ ਪੋਸਟ ਵਿਚ ਉਸ ਦੇ ਮੁਲਾਜ਼ਮਾਂ ਦੀ ਤਸਵੀਰ ਹੈ ਅਤੇ ਲਿਖਿਆ ਹੈ, 'ਟੀਕਾ ਬਣਾਉਣ ਦੀ 'ਪਹਿਲੀ ਪਰਖ' ਵਿਚ ਮਦਦ ਕੀਤੀ। ਚਾਹੇ ਇਸ ਨੂੰ ਕੁਰਬਾਨੀ ਦੇ ਰੂਪ ਵਿਚ ਵੇਖਿਆ ਜਾਵੇ ਜਾਂ ਅੰਤਰਰਾਸ਼ਟਰੀ ਨੈਤਿਕ ਮਾਪਦੰਡਾਂ ਦੀ ਉਲੰਘਣਾ ਪਰ ਇਹ ਦਾਅਵਾ ਵਿਸ਼ਾਲ ਦਾਅ ਨੂੰੰ ਰੇਖਾਂਕਿਤ ਕਰਦਾ ਹੈ ਕਿਉਂਕਿ ਮਹਾਮਾਰੀ ਖ਼ਤਮ ਕਰਨ ਲਈ ਟੀਕਾ ਬਣਾਉਣ ਦੀ ਦੌੜ ਵਿਚ ਅਮਰੀਕਾ ਅਤੇ ਬ੍ਰਿਟਿਸ਼ ਕੰਪਨੀਆਂ ਨਾਲ ਚੀਨ ਦਾ ਮੁਕਾਬਲਾ ਹੈ। ਦਾਅਵਾ ਸਹੀ ਸਾਬਤ ਹੋਣ ਨਾਲ ਉਸ ਦੀ ਵਿਗਿਆਨਕ ਅਤੇ ਰਾਜਸੀ ਜਿੱਤ ਹੋਵੇਗੀ।

ਜਾਰਜਟਾਊਨ ਯੂਨੀਵਰਸਿਟੀ ਵਿਚ ਜਨ ਸਿਹਤ ਕਾਨੂੰਨ ਮਾਹਰ ਲਾਰੇਂਸ ਗੋਸਿਟਨ ਨੇ ਕਿਹਾ ਕਿ ਕੋਵਿਡ-19 ਦਾ ਟੀਕਾ ਸਾਰਿਆਂ ਨੂੰ ਚਾਹੀਦਾ ਹੈ ਪਰ ਇਸ ਨੂੰ ਹਾਸਲ ਕਰਨਾ ਬੇਹੱਦ ਮੁਸ਼ਕਲ ਹੈ। ਕੋਰੋਨਾ ਵਾਇਰਸ ਦਾ ਟੀਕਾ ਬਣਾਉਣ ਦੀ ਦੌੜ ਵਿਚ ਚੀਨ ਨੇ ਪਹਿਲਾਂ ਅਪਣੇ ਆਪ ਨੂੰ ਪ੍ਰਬਲ ਦਾਅਵੇਦਾਰ ਵਜੋਂ ਪੇਸ਼ ਕੀਤਾ ਹੈ। ਦੁਨੀਆਂ ਭਰ ਵਿਚ ਦੋ ਦਰਜਨ ਟੀਕੇ ਇਨਸਾਨੀ ਪਰਖ ਦੇ ਵੱਖ ਵੱਖ ਪੱਧਰ 'ਤੇ ਹਨ। ਇਨ੍ਹਾਂ ਵਿਚੋਂ ਸੱਭ ਤੋਂ ਵੱਧ ਅੱਠ ਚੀਨ ਦੇ ਹਨ। 'ਸਾਈਨੋਫ਼ਾਰਮ' ਨੇ ਵੀ ਪਰਖ ਦੇ ਅੰਤਰ ਗੇੜ ਵਿਚ ਹੋਣ ਦਾ ਐਲਾਨ ਕਰ ਦਿਤਾ ਹੈ ਜਿਸ ਨਾਲ ਉਸ ਦੀ ਸਥਿਤੀ ਹੋਰ ਮਜ਼ਬੂਤ ਹੁੰਦੀ ਦਿਸ ਰਹੀ ਹੈ। (ਏਜੰਸੀ)