ਪਾਕਿ ਨੇ ਕੁਲਭੂਸ਼ਣ ਜਾਧਵ ਨਾਲ ਸਫ਼ਾਰਤੀ ਸੰਪਰਕ ਕਰਵਾਇਆ
ਪਾਕਿਸਤਾਨ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੂੰ ਵੀਰਵਾਰ ਨੂੰ ਸਫ਼ਾਰਤੀ ਪਹੁੰਚ ਮੁਹਈਆ ਕਰਵਾਈ।
ਇਸਲਾਮਾਬਾਦ, 16 ਜੁਲਾਈ : ਪਾਕਿਸਤਾਨ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੂੰ ਵੀਰਵਾਰ ਨੂੰ ਸਫ਼ਾਰਤੀ ਪਹੁੰਚ ਮੁਹਈਆ ਕਰਵਾਈ। ਕੁੱਝ ਹੀ ਦਿਨ ਪਹਿਲਾਂ, ਇਸਲਾਮਾਬਾਦ ਨੇ ਦਾਅਵਾ ਕੀਤਾ ਸੀ ਕਿ ਜਾਧਵ ਨੇ ਫ਼ੌਜੀ ਅਦਾਲਤ ਦੁਆਰਾ ਉਸ ਨੂੰ ਦੋਸ਼ੀ ਕਰਾਰ ਦਿਤੇ ਜਾਣ ਵਿਰੁਧ ਸਥਾਨਕ ਅਦਾਲਤ ਵਿਚ ਅਪੀਲ ਦਾਖ਼ਲ ਕਰਨ ਤੋਂ ਇਨਕਾਰ ਕਰ ਦਿਤਾ ਹੈ।
ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਬਿਆਨ ਰਾਹੀਂ ਦਸਿਆ ਕਿ ਜਾਧਵ ਨਾਲ ਕਰਵਾਇਆ ਗਿਆ ਇਹ ਦੂਜਾ ਕੂਟਨੀਤਕ ਸੰਪਰਕ ਹੈ। ਪਹਿਲਾ ਕੂਟਨੀਤਕ ਸੰਪਰਕ ਦੋ ਸਤੰਬਰ 2019 ਨੂੰ ਮੁਹਈਆ ਕਰਾਇਆ ਗਿਆ ਸੀ। 50 ਸਾਲਾ ਜਾਧਵ ਭਾਰਤੀ ਫ਼ੌਜ ਦਾ ਸੇਵਾਮੁਕਤ ਅਧਿਕਾਰੀ ਹੈ। ਉਸ ਨੂੰ ਜਾਸੂਸੀ ਅਤੇ ਅਤਿਵਾਦ ਦੇ ਦੋਸ਼ਾਂ ਹੇਠ ਅਪ੍ਰੈਲ 2017 ਵਿਚ ਪਾਕਿਸਤਾਨ ਦੀ ਫ਼ੌਜੀ ਅਦਾਲਤ ਨੇ ਫਾਂਸੀ ਦੀ ਸਜ਼ਾ ਸੁਣਾਈ ਸੀ। ਕੁੱਝ ਹੀ ਹਫ਼ਤਿਆਂ ਮਗਰੋਂ, ਭਾਰਤ ਨੇ ਜਾਧਵ ਨੂੰ ਸਫ਼ਾਰਤੀ ਸੰਪਰਕ ਮੁਹਈਆ ਨਾ ਕਰਾਏ ਜਾਣ ਵਿਰੁਧ ਅਤੇ ਉਸ ਦੀ ਮੌਤ ਦੀ ਸਜ਼ਾ ਨੂੰ ਚੁਨੌਤੀ ਦੇਣ ਲਈ ਹੇਗ ਦੀ ਅੰਤਰਰਾਸ਼ਟਰੀ ਅਦਾਲਤ ਵਿਚ ਪਹੁੰਚ ਕੀਤੀ ਸੀ।
ਅੰਤਰਰਾਸ਼ਟਰੀ ਅਦਾਲਤ ਨੇ ਪਿਛਲੇ ਸਾਲ ਜੁਲਾਈ ਵਿਚ ਕਿਹਾ ਸੀ ਕਿ ਪਾਕਿਸਤਾਨ ਨੂੰ ਜਾਧਵ ਨੂੰ ਸਜ਼ਾ ਦੇ ਫ਼ੈਸਲੇ ਦੀ ਨਜ਼ਰਸਾਨੀ ਕਰਨੀ ਪਵੇਗੀ ਤੇ ਨਾਲ ਹੀ ਭਾਰਤ ਨੂੰ ਉਸ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿਤੀ ਜਾਵੇ। ਵਿਦੇਸ਼ ਮੰਤਰਾਲੇ ਮੁਤਾਬਕ ਇਸਲਾਮਾਬਾਦ ਵਿਚ ਭਾਰਤੀ ਸਫ਼ਾਰਤਖ਼ਾਨੇ ਦੇ ਦੋ ਅਧਿਕਾਰੀਆਂ ਨੂੰ ਦੁਪਹਿਰ ਤਿੰਨ ਵਜੇ ਕਮਾਂਡਰ ਜਾਧਵ ਨਾਲ ਬੇਰੋਕ-ਟੋਕ ਸੰਪਰਕ ਕਰਾਇਆ ਗਿਆ।
ਬਿਆਨ ਵਿਚ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਕਿ ਜਾਧਵ ਦੀ ਮਾਂ ਅਤੇ ਪਤਨੀ ਨੂੰ 25 ਸਤੰਬਰ 2017 ਨੂੰ ਉਸ ਨੂੰ ਮਿਲਣ ਦੀ ਆਗਿਆ ਦਿਤੀ ਗਈ ਸੀ। ਪਾਕਿਸਤਾਨ ਦਾ ਦਾਅਵਾ ਹੈ ਕਿ ਉਸ ਦੀ ਫ਼ੌਜ ਨੇ ਜਾਧਵ ਨੂੰ ਅਸ਼ਾਂਤ ਬਲੂਚਿਸਤਾਨ ਸੂਬੇ ਤੋਂ ਤਿੰਨ ਮਾਰਚ 2016 ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਕਥਿਤ ਤੌਰ ’ਤੇ ਈਰਾਨ ਨਾਲ ਲੱਗੀ ਸਰਹੱਦ ਰਾਹੀਂ ਦਾਖ਼ਲ ਹੋÎਇਆ ਸੀ। ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਈਰਾਨ ਤੋਂ ਅਗ਼ਵਾ ਕੀਤਾ ਗਿਆ ਸੀ ਜਿਥੇ ਉਹ ਨੌਕਰੀ ਤੋਂ ਸੇਵਾਮੁਕਤੀ ਮਗਰੋਂ ਕੰਮ ਦੇ ਸਿਲਸਿਲੇ ਵਿਚ ਗਿਆ ਸੀ। (ਏਜੰਸੀ)