6 ਸਾਲ ਦਾ ਬੱਚਾ ਬਣਿਆ ਦੁਨੀਆਂ ਦਾ ਹੀਰੋ, ਭੈਣ ਨੂੰ ਕੁੱਤੇ ਤੋਂ ਬਚਾਇਆ, ਲੱਗੇ 90 ਟਾਂਕੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਬਰਿੱਜਰ ਬਾਰੇ ਦੁਨੀਆ ਨੂੰ ਉਦੋਂ ਪਤਾ ਲੱਗਿਆ ਜਦੋਂ ਉਸਦੀ ਮਾਸੀ ਨਿਕੋਲ ਵਾਕਰ ਨੇ ਬਰਿੱਜਰ ਅਤੇ ਉਸਦੀ ਭੈਣ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ

File Photo

ਵਾਸ਼ਿੰਗਟਨ - ਇਨ੍ਹੀਂ ਦਿਨੀਂ ਇੱਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਸਵੀਰ ਇਕ 6 ਸਾਲ ਦੇ ਬੱਚੇ ਦੀ ਹੈ, ਜਿਸ ਦਾ ਨਾਮ ਬਰਿੱਜਰ ਵਾਕਰ ਹੈ। ਦਰਅਸਲ ਵੋਮਿੰਗ (ਅਮਰੀਕਾ) ਦੇ ਵਸਨੀਕ ਵਾਕਰ ਨੇ ਆਪਣੀ 4 ਸਾਲਾ ਭੈਣ ਦੀ ਜਾਨ ਨੂੰ ਖ਼ਤਰਨਾਕ ਕੁੱਤੇ ਤੋਂ ਬਚਾਇਆ ਹੈ।

ਬਰਿੱਜਰ ਵਾਕਰ ਦੀ ਕਹਾਣੀ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਥੋਂ ਤਕ ਕਿ 6 ਸਾਲਾ ਬਰਿੱਜਰ ਵਾਕਰ ਨੂੰ ਆਨਰੇਰੀ ਬਾਕਸਿੰਗ ਵਰਲਡ ਚੈਂਪੀਅਨ ਦਾ ਖਿਤਾਬ ਮਿਲਿਆ ਹੈ।

ਜਿਵੇਂ ਹੀ ਵਾਕਰ ਦੀ ਬਹਾਦਰੀ ਦੀ ਖ਼ਬਰ ਵਰਲਡ ਬਾਕਸਿੰਗ ਕੌਂਸਲ ਕੋਲ ਪਹੁੰਚੀ, ਉਸਨੇ ਬਰਿੱਜਰ ਦੀ ਬਹਾਦਰੀ ਦੇ ਮੱਦੇਨਜ਼ਰ ਵਿਸ਼ਵ ਚੈਂਪੀਅਨ ਦਾ ਆਨਰੇਰੀ ਖਿਤਾਬ ਘੋਸ਼ਿਤ ਕੀਤਾ। 

ਕਾਊਂਸਲਿੰਗ ਨੇ ਆਪਣੇ ਬਿਆਨ ਵਿੱਚ ਕਿਹਾ- 6 ਸਾਲਾ ਬਰਿੱਜਰ ਵਾਕਰ ਜਿਸ ਨੇ ਮਨੁੱਖਤਾ ਦੀਆਂ ਸਰਬੋਤਮ ਕਦਰਾਂ-ਕੀਮਤਾਂ ਨੂੰ ਦਰਸਾਇਆ ਹੈ ਇਸ ਨੂੰ ‘ਆਨਰੇਰੀ’ ਵਰਲਡ ਚੈਂਪੀਅਨ ਘੋਸ਼ਿਤ ਕਰਨਾ ਸਾਡੇ ਲਈ ਮਾਣ ਵਾਲੀ ਗੱਲ ਹੈ।

ਇਸ ਘਟਨਾ ਦੌਰਾਨ ਵਾਕਰ ਨੂੰ ਖ਼ੁਦ ਗੰਭੀਰ ਸੱਟਾਂ ਲੱਗੀਆਂ ਅਤੇ ਤਕਰੀਬਨ 2 ਘੰਟੇ ਤੱਕ ਸਰਜਰੀ ਚੱਲੀ ਜਿਸ ਦੌਰਾਨ ਉਸ ਦੇ 90 ਟਾਂਕੇ ਵੀ ਲੱਗੇ। ਜਦੋਂ ਬਰਿੱਜਰ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਉਂ ਨਹੀਂ ਦੌੜੇ ਤਾਂ ਉਸਨੇ ਕਿਹਾ ਕਿ ਦੋਨਾਂ 'ਚੋਂ ਕਿਸੇ ਨੇ ਤਾਂ ਮਰਨਾ ਹੀ ਹੈ ਉਸ ਵਿਚੋਂ ਮੈਂ ਕਿਉਂ ਨਹੀਂ। 

ਬਰਿੱਜਰ ਬਾਰੇ ਦੁਨੀਆ ਨੂੰ ਉਦੋਂ ਪਤਾ ਲੱਗਿਆ ਜਦੋਂ ਉਸਦੀ ਮਾਸੀ ਨਿਕੋਲ ਵਾਕਰ ਨੇ ਬਰਿੱਜਰ ਅਤੇ ਉਸਦੀ ਭੈਣ ਦੀ ਫੋਟੋ ਸੋਸ਼ਲ ਮੀਡੀਆ ਉੱਤੇ ਪਾ ਦਿੱਤੀ ਅਤੇ ਨਾਲ ਬਰਿੱਜਰ ਦੀ ਬਹਾਦਰੀ ਦੀ ਕਹਾਣੀ ਵੀ ਸੁਣਾਈ।

ਇਸ ਤੋਂ ਬਾਅਦ, ਬਰਿੱਜਰ ਇੱਕ ਵਿਸ਼ਵਵਿਆਪੀ ਹੀਰੋ ਬਣ ਗਿਆ। ਹਾਲੀਵੁੱਡ ਫਿਲਮ ਸਟਾਰ ਕ੍ਰਿਸ ਇਵਾਨਜ਼ ਨੇ ਆਪਣੇ ਵੱਲੋਂ ਬਰਿੱਜਰ ਨੂੰ ਕਪਤਾਨ ਅਮਰੀਕਾ ਦੀ ਸ਼ੀਲਡ ਭੇਜੀ। ਅਦਾਕਾਰਾ ਐਨਾ ਹੈਥਵੇ ਨੇ ਬਰਿੱਜਰ ਦੀ ਬਹਾਦਰੀ ਦੀ ਪ੍ਰਸ਼ੰਸਾ ਕੀਤੀ।