ਹੜ੍ਹ ਨਾਲ ਬੇਹਾਲ ਯੂਰਪ : ਮਰਨ ਵਾਲਿਆਂ ਦੀ ਗਿਣਤੀ 110 ਤੋਂ ਟੱਪੀ
ਬੈਲਜੀਅਮ ’ਚ ਭਿਆਨਕ ਹੜ੍ਹ, 13 ਮਰੇ, 4 ਲਾਪਤਾ
ਬਰਲਿਨ: ਪਛਮੀ ਜਰਮਨੀ ਅਤੇ ਬੈਲਜੀਅਮ ਦੇ ਕਈ ਇਲਾਕਿਆਂ ਵਿਚ ਆਏ ਵਿਨਾਸ਼ਕਾਰੀ ਹੜ੍ਹ ਵਿਚ ਘੱਟੋ ਘੱਟ 110 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਅਧਿਕਾਰੀਆਂ ਨੇ ਸ਼ੁਕਰਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੈਂਕੜੇ ਲੋਕਾਂ ਦੀ ਤਲਾਸ਼ ਲਈ ਤਲਾਸ਼ੀ ਅਤੇ ਰਾਹਤ ਅਭਿਆਨ ਜਾਰੀ ਹੈ।
ਜਰਮਨੀ ਦੇ ਰਾਸ਼ਟਰਪਤੀ ਫ਼ਰੈਂਕ ਵਾਲਟਰ ਸਟੀਨਮੇਅਰ ਨੇ ਕਿਹਾ ਕਿ ਉਹ ਹੜ੍ਹ ਕਾਰਨ ਹੋਈ ਤਬਾਹੀ ਤੋਂ ਸਦਮੇ ’ਚ ਹਨ ਅਤੇ ਲੋਕਾਂ ਨੂੰ ਮਾਰੇ ਗਏ ਲੋਕਾਂ ਦੇ ਪ੍ਰਵਾਰਾਂ ਅਤੇ ਇਸ ਆਫ਼ਤ ਵਿਚ ਵਿਆਪਕ ਨੁਕਸਾਨ ਝੱਲਣ ਵਾਲੇ ਸ਼ਹਿਰਾਂ ਅਤੇ ਕਸਬਿਆਂ ਦੀ ਮਦਦ ਕਰਨ ਦੀ ਅਪੀਲ ਕੀਤੀ। ਸਟੀਨਮੇਅਰ ਨੇ ਸ਼ੁਕਰਵਾਰ ਨੂੰ ਜਾਰੀ ਬਿਆਨ ਵਿਚ ਕਿਹਾ,‘‘ਮੁਸ਼ਕਲ ਦੀ ਇਸ ਘੜੀ ਵਿਚ ਸਾਡਾ ਦੇਸ਼ ਇਕਜੁਟ ਖੜਾ ਹੈ।
ਇਹ ਮਹੱਤਵਪੂਰਨ ਹੈ ਕਿ ਅਸੀਂ ਉਨ੍ਹਾਂ ਲੋਕਾਂ ਪ੍ਰਤੀ ਇਕਜੁਟਤਾ ਦਿਖਾਈਏ ਜਿਨ੍ਹਾਂ ਤੋਂ ਹੜ੍ਹ ਨੇ ਸੱਭ ਕੁੱਝ ਖੋਹ ਲਿਆ ਹੈ।’’ ਜਰਮਨੀ ਦੇ ਰਿਨੇਲੈਂਡ-ਪਲਾਟਿਨੇਟ ਸੂਬੇ ਵਿਚ ਅਧਿਕਾਰੀਆਂ ਨੇ ਕਿਹਾ ਕਿ ਉਥੇ 60 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ਵਿਚੋਂ ਘੱਟੋ ਘੱਟ 9 ਅਪਾਹਜ ਆਸ਼ਰਮ ਕੇਂਦਰ ਵਿਚ ਰਹਿਣ ਵਾਲੇ ਸਨ।
ਗੁਆਂਢੀ ਉਤਰ ਰਿਨੇ ਵੇਸਟਫ਼ਾਲਿਆ ਸੂਬੇ ਦੇ ਅਧਿਕਾਰੀਆਂ ਨੇ ਮ੍ਰਿਤਕਾਂ ਦੀ ਗਿਣਤੀ 43 ਦੱਸੀ ਹੈ ਅਤੇ ਚਿਤਾਵਨੀ ਜਾਰੀ ਕੀਤੀ ਹੈ ਕਿ ਮ੍ਰਿਤਕਾਂ ਦੀ ਗਿਣਤੀ ਵੱਧ ਸਕਦੀ ਹੈ। ਕਾਊਂਟੀ ਪ੍ਰਸ਼ਾਸਨ ਪ੍ਰਮੁਖ ਫ਼ਰੈਕ ਰਾਕ ਨੇ ਕਿਹਾ ਕਿ ਗੱਲ ਦਾ ਸਟੀਕ ਅੰਕੜਾ ਨਹੀਂ ਹੈ ਕਿ ਕਿੰਨੇ ਲੋਕ ਮਾਰੇ ਗਏ। ਅਧਿਕਾਰੀਆਂ ਨੇ ਵੀਰਵਾਰ ਦੇਰ ਸ਼ਾਮ ਕਿਹਾ ਸੀ ਕਿ ਜਰਮਨੀ ਵਿਚ ਕਰੀਬ 1300 ਲੋਕ ਹਾਲੇ ਵੀ ਲਾਪਤਾ ਹਨ।
ਸ਼ੁਰੂਆਤੀ ਅੰਕੜਿਆਂ ਵਿਚ ਬੈਲਜੀਅਮ ਵਿਚ 13 ਲੋਕਾਂ ਦੀ ਮੌਤ ਦੀ ਖ਼ਬਰ ਹੈ ਜਦੋਂਕਿ ਪੰਜ ਲੋਕ ਹਾਲੇ ਵੀ ਲਾਪਤਾ ਹਨ। ਜ਼ਿਕਰਯੋਗ ਹੈ ਕਿ ਕਈ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਹੜ੍ਹ ਆ ਗਏ, ਜਿਨ੍ਹਾਂ ਵਿਚ ਕਾਰਾਂ ਤੇ ਘਰ ਰੁੜ੍ਹ ਗਏ।