ਨਿਊਜ਼ੀਲੈਂਡ ਸਰਕਾਰ ਨੇ ‘ਅਸੈਂਸ਼ੀਅਲ ਸਕਿੱਲਜ਼ ਵੀਜ਼ਾ’ ਹੋਲਡਰਾਂ ਦੀ ਵੀਜ਼ਾ ਮਿਆਦ ਵਧਾਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਔਸਤਨ ਤਨਖਾਹ ਦੇ ਹੇਠਾਂ ਤਨਖਾਹ ਪ੍ਰਾਪਤ ਕਰਨ ਵਾਲਿਆਂ ਲਈ ਇਸ ਵੀਜ਼ੇ ਦੀ ਮਿਆਦ 12 ਤੋਂ 24 ਮਹੀਨੇ ਕਰ ਦਿਤੀ ਗਈ ਹੈ

NewZealand government has extended visa period for 'Essential Skills Visa' holders

ਆਕਲੈਂਡ  (ਹਰਜਿੰਦਰ ਸਿੰਘ ਬਸਿਆਲਾ) : ਨਿਊਜ਼ੀਲੈਂਡ ਸਰਕਾਰ ਨੇ ‘ਅਸੈਂਸ਼ੀਅਲ ਸਕਿੱਲਜ਼ ਵੀਜ਼ਾ’ (ਅਤਿ ਜ਼ਰੂਰੀ ਮੁਹਾਰਿਤ ਵਾਲੇ ਵੀਜ਼ਿਆਂ)  ਦੀ ਮਿਆਦ ਜੋ ਕਿ 12 ਮਹੀਨਿਆ ਦੀ ਸੀ, ਨੂੰ ਵਧਾ ਕੇ ਹੁਣ ਵੱਧ ਤੋਂ ਵੱਧ ਹੁਣ 24 ਮਹੀਨੇ ਕਰ ਦਿਤਾ ਹੈ। ਇਸ ਕੰਮ ਵਾਸਤੇ ਮੰਜ਼ੂਰਸ਼ੁਦਾ ਰੁਜ਼ਗਾਰ ਦਾਤਾ (ਐਕਰੀਡੇਟਿਡ ਇੰਪਲਾਇਰ-1 5) ਦਾ ਜੋ ਨਵਾਂ ਕਾਨੂੰਨ ਪਹਿਲੀ ਨਵੰਬਰ ਤੋਂ ਲਾਗੂ ਹੋਣ ਵਾਲਾ ਸੀ, ਨੂੰ ਹਾਲ ਦੀ ਘੜੀ ਅਗਲੇ ਸਾਲ ਦੇ ਅੱਧ ਤਕ ਮੁਲਤਵੀ ਕਰ ਦਿਤਾ ਗਿਆ ਹੈ। 19 ਜੁਲਾਈ 2021 ਤੋਂ ਹੁਣ ਅਸੈਂਸ਼ੀਅਲ ਸਕਿਲ ਵੀਜ਼ੇ ਵਾਲੇ ਉਸੇ ਥਾਂ ਉਤੇ ਕੰਮ ਕਰਦੇ ਰਹਿਣ ਲਈ ਆਪਣਾ ਵੀਜ਼ਾ ਵਧਾਉਣ ਵਾਸਤੇ ਅਪਲਾਈ ਕਰ ਸਕਦੇ ਹਨ।

ਔਸਤਨ ਤਨਖਾਹ ਦੇ ਹੇਠਾਂ ਤਨਖਾਹ ਪ੍ਰਾਪਤ ਕਰਨ ਵਾਲਿਆਂ ਲਈ ਇਸ ਵੀਜ਼ੇ ਦੀ ਮਿਆਦ 12 ਤੋਂ 24 ਮਹੀਨੇ ਕਰ ਦਿਤੀ ਗਈ ਹੈ, ਜਦ ਕਿ ਔਸਤਨ ਤੋਂ ਉਪਰ ਵਾਲਿਆਂ ਦੀ ਵੀਜ਼ਾ ਮਿਆਦ ਤਿੰਨ ਸਾਲ ਹੀ ਰੱਖੀ ਹੋਈ ਹੈ। ਅਰਜ਼ੀਆਂ ਦਾ ਕੰਮ ਕੀਤਾ ਸੌਖਾ : 19 ਜੁਲਾਈ ਤੋਂ 28 ਅਗੱਸਤ ਤਕ ਅਰਜ਼ੀਆਂ ਕਾਗਜ਼ ਉਤੇ ਲਈਆਂ ਜਾਣਗੀਆਂ ਜਦ ਕਿ 30 ਅਗੱਸਤ ਤੋਂ ਇਹ ਕੰਮ ਆਨ ਲਾਈਨ ਕੀਤਾ ਜਾਵੇਗਾ।

ਜਿਹੜੇ ਰੁਜ਼ਗਾਰ ਦਾਤਾਵਾਂ ਕੋਲ ਕੰਮ ਕਰਦੇ ਕਾਮੇ ਵੀਜ਼ਾ ਵਧਾਉਣਾ ਚਾਹੰਦੇ ਹੋਣ ਉਨ੍ਹਾਂ ਨੂੰ ਇਹ ਸਾਬਤ ਨਹੀਂ ਕਰਨਾ ਹੋਏਗਾ ਕਿ ਉਨ੍ਹਾਂ ਨੂੰ ਉਸ ਵਰਗਾ ਹੋਰ ਕਾਮਾ ਨਹੀਂ ਮਿਲ ਰਿਹਾ। ਜੇਕਰ ਕੋਈ ਖਾਲੀ ਜਗ੍ਹਾ ਭਰਨੀ ਹੋਏਗੀ ਤਾਂ ਉਸਨੂੰ ਅਜਿਹਾ ਕਰਨਾ ਹੋਏਗਾ, ਜਾਂ ਫਿਰ ਉਥੇ ਜਿੱਥੇ ਉਸ ਦਾ ਵਰਕਰ ਬਦਲੀ ਹੋ ਕੇ ਜਾ ਰਿਹਾ ਹੋਵੇਗਾ। 

ਜੇਕਰ ਕਾਮਾ ਉਸੇ ਥਾਂ ਉਤੇ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਨਵਾਂ ਐਗਰੀਮੈਂਟ ਵੀ ਨਹੀਂ ਬਨਾਉਣਾ ਪਵੇਗਾ। ਕਿਸੇ ਮੈਡੀਕਲ ਅਤੇ ਪੁਲਿਸ ਕਲੀਅਰਿੰਸ ਸਰਟੀਫਿਕੇਟ ਦੀ ਲੋੜ ਨਹੀਂ ਪਵੇਗੀ ਪਰ ਪਹਿਲਾਂ ਦਿੱਤਾ ਹੋਣਾ ਚਾਹੀਦਾ। ਅੰਤ ਕਹਿ ਸਕਦੇ ਹਾਂ ਕਿ ਸਰਕਾਰ ਚਾਹੁੰਦੀ ਹੈ ਕਿ ਕਰੋਨਾ ਦੇ ਚਲਦਿਆਂ ਉਹ ਜ਼ਿਆਦਾ ਪੰਗਿਆਂ ਵਿਚ ਨਹੀਂ ਪੈਣਾ ਚਾਹੁੰਦੀ ਅਤੇ ਨਾ ਹੀ ਬਹੁਤਾ ਕਿਸੀ ਨੂੰ ਤੰਗ ਪ੍ਰੇਸ਼ਾਨ ਕਰਨਾ ਚਾਹੁੰਦੀ ਹੈ, ਸੋ ਮਤਲਬ ਇਹ ਕਿ ਜਿਥੇ ਟਿਕੇ ਹੋ ਕੰਮ ਕਰਦੇ ਰਹੋ।