ਕੀੜਿਆਂ ਨੂੰ ਮਾਰਨ ਲਈ ਭਾਰਤ 'ਚ ਬਣਨ ਵਾਲੀ ਡੀਡੀਟੀ ਨਵਜਨਮੇ ਬੱਚਿਆਂ ਲਈ ਘਾਤਕ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਕਿਸਾਨੀ ਮੁੱਦੇ

ਗਰਭਵਤੀ ਔਰਤਾਂ ਦੇ ਖ਼ੂਨ ਵਿਚ ਕੀਟਨਾਸ਼ਕਾਂ ਦੀ ਜ਼ਿਆਦਾ ਮਾਤਰਾ ਨਾਲ ਉਨ੍ਹਾਂ ਦੇ ਹੋਣ ਵਾਲੇ ਬੱਚਿਆਂ ਵਿਚ ਆਟਿਜ਼ਮ ਦੀ ਬਿਮਾਰੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ.............

DDT Pesticide

ਨਿਊਯਾਰਕ : ਗਰਭਵਤੀ ਔਰਤਾਂ ਦੇ ਖ਼ੂਨ ਵਿਚ ਕੀਟਨਾਸ਼ਕਾਂ ਦੀ ਜ਼ਿਆਦਾ ਮਾਤਰਾ ਨਾਲ ਉਨ੍ਹਾਂ ਦੇ ਹੋਣ ਵਾਲੇ ਬੱਚਿਆਂ ਵਿਚ ਆਟਿਜ਼ਮ ਦੀ ਬਿਮਾਰੀ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਫਿਨਲੈਂਡ ਵਿਚ ਕਰੀਬ ਦਸ ਲੱਖ ਗਰਭਵਤੀ ਔਰਤਾਂ 'ਤੇ ਹੋਈ ਖੋਜ ਤੋਂ ਬਾਅਦ ਇਹ ਦਾਅਵਾ ਕੀਤਾ ਗਿਆ ਹੈ। ਅਮਰੀਕਨ ਜਨਰਲ ਆਫ਼ ਸਾਈਕਿਆਟ੍ਰੀ ਵਿਚ ਛਾਪੀ ਖੋਜ ਦੇ ਮੁਤਾਬਕ ਇਹ ਪਹਿਲੀ ਵਾਰ ਹੈ ਜਦਕਿ ਕੀਟਨਾਸ਼ਕਾਂ ਦਾ ਸਬੰਧ ਸਿੱਧੇ ਤੌਰ 'ਤੇ ਬੱਚਿਆਂ ਦੇ ਜਨਮ ਨਾਲ ਜੋੜਿਆ ਗਿਆ ਹੈ। ਕੋਲੰਬੀਆ ਯੂਨੀਵਰਸਿਟੀਆਂ ਦੇ ਖੋਜ ਕਰਤਾਵਾਂ ਦੀ ਇਕ ਟੀਮ ਨੇ ਅਧਿਐਨ ਦੌਰਾਨ 1987 ਤੋਂ 2005 ਦੇ ਵਿਚਕਾਰ ਜਨਮੇ ਬੱਚਿਆਂ ਵਿਚੋਂ 778 ਮਾਮਲੇ ਅਜਿਹੇ

ਪਾਏ, ਜਿਨ੍ਹਾਂ ਵਿਚ ਨਵਜੰਮੇ ਬੱਚਿਆਂ ਵਿਚ ਆਟਿਜ਼ਮ ਦੇ ਲੱਛਣ ਮਿਲੇ। ਆਟਿਜ਼ਮ ਨੂੰ ਖ਼ੁਦਮੁਖ਼ਤਿਆਰੀ ਦੀ ਬਿਮਾਰੀ ਕਿਹਾ ਜਾਂਦਾ ਹੈ। ਇਸ ਦ ਰੋਗੀ ਅਪਣੇ ਆਪ ਵਿਚ ਹੀ ਖੋਇਆ ਰਹਿੰਦਾ ਹੈ ਅਤੇ ਉਹ ਬਾਹਰੀ ਦੁਨੀਆ ਨਾਲ ਬਹੁਤ ਘੱਟ ਸਬੰਧ ਰੱਖਦਾ ਹੈ। ਖੋਜਕਰਤਾਵਾਂ ਨੇ ਕਰੀਬ ਦਸ ਲੱਖ ਗਰਭਵਤੀ ਔਰਤਾਂ ਦੇ ਖ਼ੂਨ ਦੇ ਨਮੂਨੇ ਲਏ। ਇਨ੍ਹਾਂ ਵਿਚ ਡੀਡੀਈ, ਡੀਡੀਟੀ ਅਤੇ ਪੀਸੀਬੀ ਦੀ ਮਾਤਰਾ ਮਾਪੀ ਗਈ। ਇਹ ਤਿੰਨੇ ਹੀ ਵਾਤਾਵਰਣ ਵਿਚ ਮਿਲਣ ਵਾਲੇ ਅਲੱਗ-ਅਲੱਗ ਪ੍ਰਦੂਸ਼ਕ ਹਨ। ਇਨ੍ਹਾਂ ਵਿਚ ਡੀਡੀਟੀ ਪ੍ਰਮੁੱਖ ਕੀਟਨਾਸ਼ਕ ਹੁੰਦਾ ਹੈ। ਖੋਜਕਰਤਾਵਾਂ ਨੇ ਪਾਇਆ ਕਿ ਜਿਨ੍ਹਾਂ ਔਰਤਾਂ ਵਿਚ ਡੀਡੀਟੀ ਦੀ ਮਾਤਰਾ ਜ਼ਿਆਦਾ ਸੀ, ਉਨ੍ਹਾਂ ਦੇ ਬੱਚਿਆਂ ਵਿਚ

ਆਟਿਜ਼ਮ ਦੇ ਲੱਛਣ ਦੇਖੇ ਗਏ। ਜਦਕਿ ਜਿਨ੍ਹਾਂ ਦੇ ਸਰੀਰ ਵਿਚ ਡੀਡੀਈ ਦੀ ਮਾਤਰਾ ਜ਼ਿਆਦਾ ਸੀ, ਉਨ੍ਹਾਂ ਦੇ ਬੱਚੇ ਬੌਧਿਕ ਅਸਮਰਥਾ ਦੇ ਸ਼ਿਕਾਰ ਪਾਏ ਗਏ। 
ਇਸ ਤੋਂ ਬਾਅਦ ਖੋਜਕਰਤਾ ਇਸ ਨਤੀਜੇ 'ਤੇ ਪਹੁੰਚੇ ਕਿ ਡੀਡੀਟੀ ਆਟਿਜ਼ਮ ਦੇ ਖ਼ਤਰੇ ਨੂੰ ਵਧਾਉਂਦਾ ਹੈ। ਹਾਲਾਂਕਿ ਪੀਸੀਬੀ ਅਤੇ ਆਟਿਜ਼ਮ ਦੇ ਵਿਚਕਾਰ ਕੋਈ ਸਬੰਧ ਨਹੀਂ ਦਿਖਾਈ ਦਿਤਾ। ਡੀਡੀਟੀ ਸਾਡੀ ਖ਼ੁਰਾਕ ਸਮੱਗਰੀ ਜਿਵੇਂ ਅਨਾਜ, ਸਬਜ਼ੀਆਂ, ਫ਼ਲ ਆਦਿ ਦੇ ਜ਼ਰੀਏ ਸਰੀਰ ਦੇ ਅੰਦਰ ਜਾਂਦਾ ਹੈ। ਇਸ ਦੇ ਕਣ ਨੂੰ ਟੁੱਟਣ ਵਿਚ ਕਈ ਦਹਾਕੇ ਲਗਦੇ ਹਨ, ਜਿਸ ਕਾਰਨ ਇਹ ਲੰਬੇ ਸਮੇਂ ਤਕ ਸਬਜ਼ੀਆਂ ਅਤੇ ਅਨਾਜ ਵਿਚ ਰਹਿੰਦਾ ਹੈ। ਸਰੀਰ ਵਿਚ ਜਾ ਕੇ ਇਹ ਖ਼ੂਨ ਵਿਚ ਘੁਲ

ਜਾਂਦਾ ਹੈ। ਜਿਵੇਂ ਜਿਵੇਂ ਵੰਸ਼ ਅੱਗੇ ਵਧਦਾ ਰਹਿੰਦਾ ਹੈ, ਇਹ ਪੀੜ੍ਹੀਆਂ ਦੇ ਸਰੀਰ ਵਿਚ ਅੱਗੇ ਵਧਦਾ ਰਹਿੰਦਾ ਹੈ। ਅਮਰੀਕਾ ਸਮੇਤ ਕਈ ਦੇਸ਼ਾਂ ਵਿਚ 1986 ਵਿਚ ਡੀਡੀਟੀ ਨੂੰ ਪਾਬੰਦੀਸ਼ੁਦਾ ਕਰ ਦਿਤਾ ਗਿਆ ਸੀ। ਇਸ ਦੇ ਖ਼ਤਰੇ ਨੂੰ ਦੇਖਦੇ ਹੋਏ ਫ਼ਸਲਾਂ 'ਤੇ ਇਸ ਦੀ ਵਰਤੋਂ  ਨਹੀਂ ਕੀਤੀ ਜਾਂਦੀ ਹੈ। ਖੋਜਕਰਤਾਵਾਂ ਦਾ ਮੰਨਣਾ ਹੈ ਕਿ ਨਮੂਨਿਆਂ ਵਿਚ ਮਿਲਿਆ ਡੀਡੀਟੀ 20ਵੀਂ ਸਦੀ ਦਾ ਕੀਟਨਾਸ਼ਕ ਹੋ ਸਕਦਾ ਹੈ। ਭਾਰਤ ਦੁਨੀਆ ਦਾ ਇਕਲੌਤਾ ਦੇਸ਼ ਹੈ ਜੋ ਡੀਡੀਟੀ ਦਾ ਨਿਰਮਾਣ ਕਰ ਰਿਹਾ ਹੈ। ਇਸ ਕਾਰਨ 2015 ਵਿਚ ਸਟਾਕਹੋਮ ਵਿਚ ਹੋਏ ਇਕ ਕੌਮਾਂਤਰੀ ਇਜਲਾਸ ਵਿਚ ਭਾਰਤੀ ਨੇ ਡੀਡੀਟੀ 'ਤੇ 2020 ਤਕ ਪੂਰੀ ਤਰ੍ਹਾਂ ਪਾਬੰਦੀ ਲਗਾਏ ਜਾਣ ਦੇ

ਪ੍ਰਸਤਾਵ ਨੂੰ ਠੁਕਰਾ ਦਿਤਾ ਸੀ। ਡੀਡੀਟੀ ਦੀ ਵਰਤੋਂ ਮਲੇਰੀਆ ਵਰਗੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ। ਮਲੇਰੀਆ ਦੇ ਨਾਲ ਹੋਰ ਬਿਮਾਰੀਆਂ ਪੈਦਾ ਕਰਨ ਵਾਲੇ ਕੀੜਿਆਂ ਨੂੰ ਮਾਰਨ ਲਈ ਭਾਰਤ ਦੇ ਕਈ ਹਿੱਸਿਆਂ ਵਿਚ ਡੀਡੀਟੀ ਦਾ ਸਾਲਾਨਾ ਦੋ ਵਾਰ ਛਿੜਕਾਅ ਕੀਤਾ ਜਾਂਦਾ ਹੈ। ਇਸ ਦਾ ਅਸਰ ਸਿੱਧੇ ਲੋਕਾਂ ਦੀ ਸਿਹਤ 'ਤੇ ਹੁੰਦਾ ਹੈ ਪਰ ਇਸ ਨੂੰ ਲੈ ਕੇ ਕੋਈ ਸਾਵਧਾਨੀ ਨਹੀਂ ਵਰਤੀ ਜਾਂਦੀ ਹੈ।