ਕਤਲ ਤੋਂ ਪਹਿਲਾਂ ਪੱਤਰਕਾਰ ਖਾਸ਼ੋਗੀ ਦੀਆਂ ਉਂਗਲੀਆਂ ਕੱਟ ਕੇ ਕੀਤਾ ਸੀ ਟਾਰਚਰ : ਰਿਪੋਰਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਤੁਰਕੀ ਦੇ ਦੈਨਿਕ ਅਖਬਾਰ ‘ਯੇਨੀ ਸਫਾਕ’ ਨੇ ਬੁੱਧਵਾਰ ਨੂੰ ਖਬਰ ਦਿਤੀ ਕਿ ਇਸਤਾਨਬੁਲ ਸਥਿਤ ਰਿਆਦ ਦੇ ਵਣਜ ਦੂਤਾਵਾਸ ਦੇ ਅੰਦਰ ਸਊਦੀ ਪੱਤਰਕਾਰ ਜ...

Journalist Jamal Khashoggi

ਅੰਕਾਰਾ : (ਪੀਟੀਆਈ) ਤੁਰਕੀ ਦੇ ਦੈਨਿਕ ਅਖਬਾਰ ‘ਯੇਨੀ ਸਫਾਕ’ ਨੇ ਬੁੱਧਵਾਰ ਨੂੰ ਖਬਰ ਦਿਤੀ ਕਿ ਇਸਤਾਨਬੁਲ ਸਥਿਤ ਰਿਆਦ ਦੇ ਵਣਜ ਦੂਤਾਵਾਸ ਦੇ ਅੰਦਰ ਸਊਦੀ ਪੱਤਰਕਾਰ ਜਮਾਲ ਖਾਸ਼ੋਗੀ ਦੀ ਹੱਤਿਆ ਤੋਂ ਪਹਿਲਾਂ ਉਨ੍ਹਾਂ ਨੂੰ ਟਾਰਚਰ ਕੀਤਾ ਗਿਆ ਸੀ।  ਅਖਬਾਰ ਨੇ ਕਿਹਾ ਕਿ ਉਸ ਨੇ ਇਸ ਨਾਲ ਸਬੰਧਤ ਆਡੀਓ ਰਿਕਾਰਡਿੰਗ ਸੁਣੀ ਹੈ। ਸਰਕਾਰ ਸਮਰਥਕ ਅਖਬਾਰ ‘ਯੇਨੀ ਸਫਾਕ’ ਦਾ ਦਾਅਵਾ ਹੈ ਕਿ ਖਾਸ਼ੋਗੀ ਦੀ ਕਥਿਤ ਕਾਤਲਾਂ ਨੇ ਪੁਛਹਗਿੱਛ ਦੌਰਾਨ ਸੰਪਾਦਕ ਦੀਆਂ ਉਂਗਲੀਆਂ ਕੱਟ ਕੇ ਉਨ੍ਹਾਂ ਨੂੰ ਟਾਰਚਰ ਕੀਤਾ। ਅਖਬਾਰ ਨੇ ਦਾਅਵਾ ਕੀਤਾ ਕਿ ਉਸ ਨੇ ਕਈ ਸਬੰਧਤ ਰਿਕਾਰਡਿੰਗ ਸੁਣੀਆਂ ਹਨ।  

ਅਖਬਾਰ ਨੇ ਦਾਅਵਾ ਕੀਤਾ ਕਿ ਵਾਸ਼ਿੰਗਟਨ ਪੋਸਟ ਲਈ ਕੰਮ ਕਰਨ ਵਾਲੇ ਖਾਸ਼ੋਗੀ ਨੂੰ ਟਾਰਚਰ ਕਰਨ ਤੋਂ ਬਾਅਦ ਹੱਤਿਆ ਕਰ ਦਿਤੀ ਗਈ। ਖਾਸ਼ੋਗੀ ਅਪਣੀ ਤੁਰਕ ਪ੍ਰੇਮਿਕਾ ਨਾਲ ਹੋਣ ਵਾਲੇ ਵਿਆਹ ਤੋਂ ਪਹਿਲਾਂ ਅਧਿਕਾਰਿਕ ਦਸਤਾਵੇਜ਼ਾਂ ਲਈ ਸਊਦੀ ਵਣਜ ਦੂਤਾਵਾਸ ਗਏ ਸਨ। ਦੂਤਾਵਾਸ ਵਿਚ ਦਾਖਲ ਹੋਣ ਤੋਂ ਬਾਅਦ ਉਹ ਲਾਪਤਾ ਹੋ ਗਏ। ਤੁਰਕੀ ਦੀ ਪੁਲਿਸ ਦਾ ਇਹ ਮੰਨਣਾ ਹੈ ਕਿ ਖਾਸ਼ੋਗੀ ਦੀ ਹੱਤਿਆ 15 ਸਊਦੀ ਅਧਿਕਾਰੀਆਂ ਦੀ ਵਿਸ਼ੇਸ਼ ਟੀਮ ਨੇ ਕੀਤੀ ਪਰ ਰਿਆਦ ਨੇ ਇਸ ਦਾਅਵੇ ਨੂੰ ਗਲਤ ਦੱਸਿਆ ਹੈ।

ਵਾਸ਼ਿੰਗਟਨ ਪੋਸਟ ਨੇ ਪਹਿਲਾਂ ਅਨਾਮ ਅਮਰੀਕੀ ਅਤੇ ਤੁਰਕ ਅਧਿਕਾਰੀਆਂ ਦੇ ਹਵਾਲੇ ਤੋਂ ਆਡੀਓ - ਵੀਡੀਓ ਦਾ ਜ਼ਿਕਰ ਕੀਤਾ ਸੀ ਜੋ ਵਣਜ ਦੂਤਾਵਾਸ ਦੇ ਅੰਦਰ ਖਾਸ਼ੋਗੀ ਦੀ ਹੱਤਿਆ ਅਤੇ ਫਿਰ ਲਾਸ਼ ਦੇ ਟੁਕੜੇ ਕਰ ਦਿਤੇ ਜਾਣ ਨੂੰ ਸਾਬਤ ਕਰਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਤੁਰਕੀ ਦੀ ਮੀਡਿਆ ਨੇ ਰੀਕਾਰਡਿੰਗ ਸੁਣਨ ਦਾ ਦਾਅਵਾ ਕੀਤਾ ਹੈ। ਸਰਕਾਰ ਸਮਰਥਕ ਅਖਬਾਰ ਸਬਾਹ ਦੀ ਖਬਰ ਦਿਤੀ ਸੀ ਕਿ ਖਾਸ਼ੋਗੀ ਦੀ ਐਪਲ ਵਾਚ ਨੇ ਉਨ੍ਹਾਂ ਨੂੰ ਪੁੱਛਗਿਛ, ਟਾਰਚਰ ਅਤੇ ਹੱਤਿਆ ਦੀ ਘਟਨਾ ਨੂੰ ਰੀਕਾਰਡ ਕਰ ਲਿਆ।

ਹਾਲਾਂਕਿ ਕੁੱਝ ਮਾਹਰਾਂ ਦਾ ਮੰਨਣਾ ਹੈ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਘੜੀ ਘਟਨਾਵਾਂ ਨੂੰ ਇਸ ਤਰ੍ਹਾਂ ਰੀਕਾਰਡ ਕਰ ਸਕਦੀ ਹੈ ਜਿਵੇਂ ਕਿ ਚੀਜ਼ਾਂ ਬਾਰੇ ਦੱਸਿਆ ਜਾ ਰਿਹਾ ਹੈ। ਯੇਨੀ ਸਫਾਕ ਦੇ ਮੁਤਾਬਕ ਖਾਸ਼ੋਗੀ ਨੂੰ ਟਾਰਚਰ ਕਰਨ ਦੇ ਦੌਰਾਨ ਇਕ ਰੀਕਾਰਡਿੰਗ ਵਿਚ ਇਸਤਾਨਬੁਲ ਵਿਚ ਸਊਦੀ ਅਰਬ ਦੇ ਵਣਜ ਦੂਤ ਮੋਹੰਮਦ ਅਲ ਓਤੈਬੀ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ‘ਇਹ ਕੰਮ ਬਾਹਰ ਕਰੋ। ਤੁਸੀਂ ਮੈਨੂੰ ਪਰੇਸ਼ਾਨੀ ਵਿਚ ਪਾਉਣ ਜਾ ਰਹੇ ਹੋ।

ਇਕ ਹੋਰ ਰੀਕਾਰਡਿੰਗ ਵਿਚ ਇਕ ਅਣਪਛਾਤੇ ਵਿਅਕਤੀ ਓਤੈਬੀ ਨੂੰ ਇਹ ਕਹਿੰਦੇ ਸੁਣਾਈ ਦਿੰਦਾ ਹੈ,  ‘ਜੇਕਰ ਤੂੰ ਜ਼ਿੰਦਾ ਰਹਿਣਾ ਚਾਹੁੰਦਾ ਹੈ ਤਾਂ ਜਦੋਂ ਤੂੰ ਸਊਦੀ ਅਰਬ ਆਵੇ ਤਾਂ ਚੁਪ ਰਹਿਣਾ। ਅਖਬਾਰ ਨੇ ਇਹ ਨਹੀਂ ਦੱਸਿਆ ਕਿ ਇਹ ਟੇਪ ਕਿਸ ਤਰ੍ਹਾਂ ਸਾਹਮਣੇ ਆਈ ਅਤੇ ਉਸ ਨੂੰ ਕਿਵੇਂ ਹਾਸਲ ਕੀਤਾ ਗਿਆ।