ਦੁਨੀਆ ਦੀ 58ਵੀਂ ਮੁਕਾਬਲੇਬਾਜ਼ ਆਰਥਿਕਤਾ ਹੈ ਭਾਰਤ : ਵਿਸ਼ਵ ਆਰਥਿਕ ਫੋਰਮ
ਵਿਸ਼ਵ ਆਰਥਿਕ ਫੋਰਮ ਦਾ ਕਹਿਣਾ ਹੈ ਕਿ 2017 ਦੇ ਮੁਕਾਬਲੇ ਭਾਰਤ ਦੀ ਰੈਕਿੰਗ ਵਿਚ ਪੰਜ ਅੰਕਾਂ ਦਾ ਸੁਧਾਰ ਹੋਇਆ ਹੈ।
ਅਮਰੀਕਾ, ( ਭਾਸ਼ਾ ) : ਵਿਸ਼ਵ ਆਰਥਿਕ ਫੋਰਮ ਵੱਲੋਂ ਜਾਰੀ ਕੀਤੀ ਗਈ ਕੰਪੀਟੀਟਿਵ ਇਕੋਨਾਮੀ ਦੀ 2018 ਦੀ ਸੂਚੀ ਵਿਚ ਭਾਰਤ 58ਵੇਂ ਨੰਬਰ ਤੇ ਹੈ। ਇਸ ਸੂਚੀ ਵਿਚ ਪਹਿਲਾ ਸਥਾਨ ਅਮਰੀਕਾ ਨੂੰ ਹਾਸਿਲ ਹੋਇਆ ਹੈ। ਵਿਸ਼ਵ ਆਰਥਿਕ ਫੋਰਮ ਦਾ ਕਹਿਣਾ ਹੈ ਕਿ 2017 ਦੇ ਮੁਕਾਬਲੇ ਭਾਰਤ ਦੀ ਰੈਕਿੰਗ ਵਿਚ ਪੰਜ ਅੰਕਾਂ ਦਾ ਸੁਧਾਰ ਹੋਇਆ ਹੈ। ਜੀ-20 ਦੇਸ਼ਾਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਮੁਕਾਬਲੇ ਭਾਰਤ ਦੀ ਹਾਲਤ ਵਿਚ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਵੱਧ ਸੁਧਾਰ ਹੋਇਆ ਹੈ।
ਫੋਰਮ ਵੱਲੋਂ ਜਾਰੀ 140 ਅਰਥਵਿਵਸਥਾਵਾਂ ਦੀ ਸੂਚੀ ਵਿਚ ਅਮਰੀਕਾ ਤੋਂ ਬਾਅਦ ਦੂਜੇ ਸਥਾਨ ਤੇ ਸਿੰਗਾਪੁਰ ਅਤੇ ਤੀਜੇ ਸਥਾਨ ਤੇ ਜਰਮਨੀ ਹਨ। ਗਲੋਬਲ ਕੰਪੀਟੀਸ਼ਨ ਰਿਪੋਰਟ ਵਿਚ ਭਾਰਤ 62.0 ਅੰਕਾਂ ਨਾਲ 58ਵੇਂ ਨੰਬਰ ਤੇ ਹੈ। ਵਿਸ਼ਵ ਆਰਥਿਕ ਮੰਚ ਦਾ ਕਹਿਣਾ ਹੈ ਕਿ ਜੀ-20 ਅਰਥਵਿਵਸਥਾਵਾਂ ਵਿਚ ਸਭ ਤੋਂ ਵੱਧ ਲਾਭ ਭਾਰਤ ਨੂੰ ਮਿਲਿਆ ਹੈ। ਉਥੇ ਹੀ ਇਸ ਸੂਚੀ ਵਿਚ ਗੁਆਂਢੀ ਦੇਸ਼ ਚੀਨ ਨੂੰ 28ਵਾਂ ਸਥਾਨ ਮਿਲਿਆ ਹੈ। ਰਿਪੋਰਟ ਮੁਤਾਬਕ ਉਪਰਲੇ ਅਤੇ ਹੇਠਲੇ ਮੱਧਮ ਆਮਦਨ ਸਮੂਹ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਚੀਨ ਅਤੇ ਭਾਰਤ ਜਿਹੇ ਦੇਸ਼ ਉਚ ਆਮਦਨ ਵਾਲੀ ਅਰਥਵਿਵਸਥਾਵਾਂ ਦੇ ਨੇੜੇ ਪਹੁੰਚ ਰਹੇ ਹਨ
ਅਤੇ ਉਨ੍ਹਾਂ ਵਿਚ ਕਈਆਂ ਨੂੰ ਪਿੱਛੇ ਵੀ ਛੱਡ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਖੋਜ ਅਤੇ ਵਿਕਾਸ ਜਿਹੇ ਖੇਤਰਾਂ ਵਿਚ ਨਿਵੇਸ਼ ਦੇ ਮਾਮਲੇ ਵਿਚ ਚੀਨ ਔਸਤ ਉਚ ਆਮਦਨ ਵਾਲੀ ਅਰਥਵਿਵਸਥਾਵਾਂ ਤੋਂ ਬਹੁਤ ਅੱਗੇ ਹੈ। ਜਦਕਿ ਭਾਰਤ ਵੀ ਇਨਾਂ ਤੋਂ ਜਿਆਦਾ ਪਿੱਛੇ ਨਹੀਂ ਹੈ। ਬ੍ਰਿਕਸ ਅਰਥਵਿਵਸਥਾਵਾਂ ਵਿਚ ਚੀਨ 72.6 ਅੰਕਾਂ ਦੇ ਨਾਲ 28ਵੇਂ ਨੰਬਰ ਤੇ ਹੈ। ਉਸ ਤੋਂ ਬਾਅਦ ਰੂਸ 65.6 ਅੰਕਾਂ ਦੇ ਨਾਲ 43ਵੇਂ, 62.0 ਅੰਕਾਂ ਦੇ ਨਾਲ ਭਾਰਤ 58ਵੇਂ, ਦੱਖਣ ਅਫਰੀਕਾ 60.8 ਅੰਕਾਂ ਦੇ ਨਾਲ 67ਵੇਂ
ਅਤੇ ਬ੍ਰਾਜੀਲ 59.5 ਅੰਕਾਂ ਦੇ ਨਾਲ 72ਵੇਂ ਸਥਾਨ ਤੇ ਹਨ। ਹਾਲਾਂਕਿ ਭਾਰਤ ਅਜੇ ਵੀ ਦੱਖਣ ਏਸ਼ੀਆ ਵਿਚ ਮਹੱਤਵਪੂਰਣ ਅਰਥਵਿਵਸਥਾ ਬਣਿਆ ਹੋਇਆ ਹੈ। ਰਿਪੋਰਟ ਮੁਤਾਬਕ ਭਾਰਤ ਸਿਹਤ, ਸਿੱਖਿਆ ਅਤੇ ਹੁਨਰ ਤੋਂ ਇਲਾਵਾ ਹੋਰਨਾਂ ਸਾਰੇ ਪ੍ਰਤਿਯੋਗੀ ਖੇਤਰਾਂ ਵਿਚ ਅੱਗੇ ਹੈ। ਇਨਾਂ ਖੇਤਰਾਂ ਵਿਚ ਸ਼੍ਰੀਲੰਕਾਂ ਭਾਰਤ ਦੇ ਮੁਕਾਬਲੇ ਅੱਗੇ ਹੈ। ਵਰਲਡ ਇਕੋਨਾਮੀ ਫੋਰਮ ਦੀ ਇਸ ਸੂਚੀ ਦੇ ਸਿਖਰ ਦੇ ਟਾਪ-10 ਵਿਚ ਸ਼ਾਮਲ ਦੇਸ਼ ਇਹ ਹਨ - ਅਮਰੀਕਾ, ਸਿੰਗਾਪੁਰ, ਜਰਮਨੀ, ਸਵਿਟਰਜ਼ਲੈਂਡ, ਜਾਪਾਨ, ਨੀਦਰਲੈਂਡ, ਹਾਂਗਕਾਂਗ, ਬ੍ਰਿਟੇਨ, ਸਵੀਡਨ ਅਤੇ ਡੈਨਮਾਰਕ।