ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਸੜਕ ਪਾਰ ਕਰਦਿਆਂ ਗੱਡੀ ਨੇ ਭਾਰਤੀ ਮੂਲ ਦੀ ਲੜਕੀ ਨੂੰ ਮਾਰੀ ਟੱਕਰ, ਹੋਈ ਮੌਤ
ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ
ਟੋਰਾਂਟੋ: ਕੈਨੇਡਾ ’ਚ ਇਕ ਹੋਰ ਭਾਰਤੀ ਮੂਲ ਦੀ ਲੜਕੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਟੋਰਾਂਟੋ ਨੇੜਲੇ ਸ਼ਹਿਰ ਮਿਸੀਸਾਗਾ ਵਿਖੇ ਪੈਦਲ ਜਾ ਰਹੀ ਨਵਨੀਤ ਕੌਰ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਹੈ।
ਪੀਲ ਰੀਜਨਲ ਪੁਲਿਸ ਦੇ ਅਨੁਸਾਰ ਵੀਰਵਾਰ ਸਵੇਰੇ ਮਿਸੀਸਾਗਾ ਵਿੱਚ ਇੱਕ ਹਾਦਸੇ ਵਿੱਚ ਨਵਨੀਤ ਕੌਰ ਬਿਲਿੰਗ (20) ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਉਨ੍ਹਾਂ ਨੂੰ ਤੜਕਸਾਰ ਇੱਕ ਫੋਨ ਆਇਆ ਕਿ ਟੋਮਕੇਨ ਅਤੇ ਬ੍ਰਿਟੈਨਿਆ ਸੜਕਾਂ 'ਤੇ ਕਿਸੇ ਵਾਹਨ ਨੇ ਕੁੜੀ ਨੂੰ ਟੱਕਰ ਮਾਰ ਦਿੱਤੀ ਹੈ।
ਪੁਲਿਸ ਅਨੁਸਾਰ ਹਸਪਤਾਲ ਲਿਜਾਂਦੇ ਸਮੇਂ ਨਵਨੀਤ ਦੀ ਮੌਤ ਹੋ ਗਈ। ਪੁਲਿਸ ਮੁਤਾਬਕ ਡਰਾਈਵਰ ਦੀ ਕਾਰ ਟੋਮਕੇਨ ਰੋਡ 'ਤੇ ਦੱਖਣ ਵੱਲ ਜਾ ਰਹੀ ਸੀ। ਅਜੇ ਤੱਕ ਸ਼ੱਕੀ ਵਿਅਕਤੀ ਜਾਂ ਕਾਰ ਦਾ ਵੇਰਵਾ ਨਹੀਂ ਮਿਲਿਆ ਹੈ। ਜਾਂਚ ਦੌਰਾਨ ਪੁਲਿਸ ਨੇ ਬ੍ਰਿਟਾਨੀਆ ਰੋਡ 'ਤੇ ਟੋਮਕੇਨ ਰੋਡ ਨੂੰ ਦੋਵੇਂ ਪਾਸੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ।
ਜਾਣਕਾਰੀ ਅਨੁਸਾਰ ਘਟਨਾ ਵਾਲੀ ਸਵੇਰ ਨੂੰ ਨਵਨੀਤ ਸਾਢੇ ਕੁ ਪੰਜ ਵਜੇ ਫੈਕਟਰੀ 'ਚ ਕੰਮ 'ਤੇ ਜਾ ਰਹੀ ਸੀ ਪਰ ਸੜਕ ਪਾਰ ਕਰਦਿਆਂ ਉਹ ਇਕ ਗੱਡੀ ਦੀ ਲਪੇਟ 'ਚ ਆ ਗਈ ਅਤੇ ਮੌਤ ਦਾ ਸ਼ਿਕਾਰ ਹੋ ਗਈ। ਘਟਨਾ ਤੋਂ ਬਾਅਦ ਡਰਾਈਵਰ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ। ਪੁਲਿਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਨਵਨੀਤ ਦੇ ਚਚੇਰੇ ਭਰਾ ਗੁਰਪ੍ਰੀਤ ਬਿਲਿੰਗ ਨੇ ਫੰਡ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ।