ਯੂਕਰੇਨ ਨੂੰ ਗੁਪਤ ਰੂਪ ’ਚ ਮਿਲੀਆਂ ਅਮਰੀਕੀ ਮਿਜ਼ਾਈਲਾਂ, ਰੂਸ ਵਿਰੁਧ ਵਰਤੋਂ ਸ਼ੁਰੂ
ਰੂਸ ਦੇ ਨਾਲ ਵਧਦੇ ਤਣਾਅ ਦੀ ਚਿੰਤਾ ਦੇ ਕਾਰਨ, ਯੂਕਰੇਨ ਨੂੰ ਅਮਰੀਕਾ ਵਲੋਂ ਦਿਤੀਆਂ ਮਿਜ਼ਾਈਲਾਂ ਦੀ ਮਾਰਕ ਸਮਰਥਾ ਘੱਟ ਦੂਰੀ ਦੀ ਹੋਵੇਗੀ
ਵਾਸ਼ਿੰਗਟਨ: ਯੂਕਰੇਨ ਵਲੋਂ ਮੰਗੀਆਂ ਲੰਮੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਨੂੰ ਅਮਰੀਕਾ ਨੇ ਗੁਪਤ ਤਰੀਕੇ ਨਾਲ ਪਹੁੰਚਾ ਦਿਤਾ ਹੈ ਅਤੇ ਮੰਗਲਵਾਰ ਨੂੰ ਰੂਸ ਵਿਰੁਧ ਜੰਗ ਦੇ ਮੈਦਾਨ ’ਚ ਇਨ੍ਹਾਂ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਕਰੀਬ ਇਕ ਮਹੀਨਾ ਪਹਿਲਾਂ ਰਾਸ਼ਟਰਪਤੀ ਜੋ ਬਾਈਡਨ ਨੇ ਯੂਕਰੇਨ ਦੇ ਰਾਸ਼ਟਰਪਤੀ ਨੂੰ ਇਹ ਮਿਜ਼ਾਈਲਾਂ ਦੇਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਮਿਜ਼ਾਈਲਾਂ ਦੀ ਸਪਲਾਈ ਨੂੰ ਗੁਪਤ ਰਖਿਆ ਗਿਆ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਜਦੋਂ ਇਨ੍ਹਾਂ ਮਿਜ਼ਾਈਲਾਂ ਦੀ ਜੰਗ ਦੇ ਮੈਦਾਨ ਵਿਚ ਵਰਤੋਂ ਕੀਤੀ ਜਾਵੇਗੀ ਤਾਂ ਪਹਿਲੀ ਵਾਰ ਇਨ੍ਹਾਂ ਨੂੰ ਜਨਤਕ ਤੌਰ ’ਤੇ ਮੰਨਿਆ ਜਾਵੇਗਾ।
ਕਿਉਂਕਿ ਸਬੰਧਤ ਅਧਿਕਾਰੀਆਂ ਨੂੰ ਅਧਿਕਾਰਤ ਐਲਾਨ ਤੋਂ ਪਹਿਲਾਂ ਇਸ ਵਿਸ਼ੇ ’ਤੇ ਜਨਤਕ ਤੌਰ ’ਤੇ ਚਰਚਾ ਕਰਨ ਲਈ ਅਧਿਕਾਰਤ ਨਹੀਂ ਸੀ, ਇਸ ਲਈ ਉਨ੍ਹਾਂ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਇਹ ਜਾਣਕਾਰੀ ਦਿਤੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਅਤੇ ਹੋਰ ਯੂਕਰੇਨੀ ਨੇਤਾ ਅਮਰੀਕਾ ’ਤੇ ‘ਆਰਮੀ ਟੈਕਟੀਕਲ ਮਿਜ਼ਾਈਲ ਸਿਸਟਮ’ ਮੁਹੱਈਆ ਕਰਵਾਉਣ ਲਈ ਬਹੁਤ ਦਬਾਅ ਪਾ ਰਹੇ ਸਨ ਅਤੇ ਇਸ ਮਿਜ਼ਾਈਲ ਨੂੰ ‘ATACMS’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
ਪਰ ਅਮਰੀਕਾ ਨੇ ਇਸ ਨੂੰ ਮਹੀਨਿਆਂ ਲਈ ਮੁਲਤਵੀ ਕਰ ਦਿਤਾ ਕਿਉਂਕਿ ਉਸ ਨੂੰ ਚਿੰਤਾ ਸੀ ਕਿ ਯੂਕਰੇਨ ਇਨ੍ਹਾਂ ਹਥਿਆਰਾਂ ਦੀ ਵਰਤੋਂ ਰੂਸ ਦੇ ਅੰਦਰੂਨੀ ਹਿੱਸੇ ਨੂੰ ਨਿਸ਼ਾਨਾ ਬਣਾਉਣ ਲਈ ਕਰ ਸਕਦਾ ਹੈ, ਜਿਸ ਨਾਲ ਰੂਸ ਨਾਰਾਜ਼ ਹੋ ਸਕਦਾ ਹੈ ਅਤੇ ਸੰਘਰਸ਼ ਨੂੰ ਵਧਾ ਸਕਦਾ ਹੈ। ਬਾਈਡਨ ਨੇ ਪਿਛਲੇ ਮਹੀਨੇ ਇਨ੍ਹਾਂ ਮਿਜ਼ਾਈਲਾਂ ਦੀ ਸਪੁਰਦਗੀ ਨੂੰ ਹਰੀ ਝੰਡੀ ਦੇ ਦਿਤੀ ਸੀ, ਅਤੇ ਵ੍ਹਾਈਟ ਹਾਊਸ ’ਚ ਇਕ ਮੀਟਿੰਗ ਦੌਰਾਨ ਉਨ੍ਹਾਂ ਜ਼ੇਲੇਨਸਕੀ ਨੂੰ ਕਿਹਾ ਸੀ ਕਿ ਅਮਰੀਕਾ ਆਖਰਕਾਰ ਯੂਕਰੇਨ ਨੂੰ ATACMS ਪ੍ਰਦਾਨ ਕਰੇਗਾ, ਅਧਿਕਾਰੀਆਂ ਨੇ ਕਿਹਾ।
ਹਾਲਾਂਕਿ ਉਨ੍ਹਾਂ ਇਹ ਦੱਸਣ ਤੋਂ ਇਨਕਾਰ ਕਰ ਦਿਤਾ ਕਿ ਯੂਕਰੇਨ ਨੂੰ ਕਦੋਂ ਅਤੇ ਕਿੰਨੀਆਂ ਮਿਜ਼ਾਈਲਾਂ ਦਿਤੀਆਂ ਜਾਣਗੀਆਂ, ਪਰ ਉਨ੍ਹਾਂ ਸੰਕੇਤ ਦਿਤਾ ਕਿ ਯੋਜਨਾ ਬਹੁਤ ਘੱਟ, ਯਾਨੀ ਦੋ ਦਰਜਨ ਮਿਜ਼ਾਈਲਾਂ ਦੇਣ ਦੀ ਹੈ। ਰੂਸ ਦੇ ਨਾਲ ਵਧਦੇ ਤਣਾਅ ਦੀ ਚਿੰਤਾ ਦੇ ਕਾਰਨ, ਯੂਕਰੇਨ ਨੂੰ ਅਮਰੀਕਾ ਵਲੋਂ ਦਿਤੀਆਂ ATMCMS ਦੀ ਮਾਰਕ ਸਮਰਥਾ ਘੱਟ ਦੂਰੀ ਦੀ ਹੋਵੇਗੀ।