ਜੰਮੂ-ਕਸ਼ਮੀਰ ਵਿਖੇ ਪਾਕਿਸਤਾਨ ਨੇ ਫਿਰ ਕੀਤਾ ਸੀਜਫਾਇਰ ਦਾ ਉਲੰਘਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਰਾਹੀ ਘੁਸਪੈਠ ਕਰਨਾ ਚਾਹੁੰਦਾ ਹੈ।

Pakistan violates ceasefire

ਜੰਮੂ-ਕਸ਼ਮੀਰ, ( ਪੀਟੀਆਈ )  : ਪਾਕਿਸਤਾਨ ਲਗਾਤਾਰ ਘੁਸਪੈਠ ਦੇ ਇਰਾਦੇ ਨਾਲ ਸਰਹੱਦ ਤੇ ਸੀਜਫਾਇਰ ਦਾ ਉਲੰਘਣ ਕਰ ਰਿਹਾ ਹੈ। ਪਾਕਿਸਤਾਨ ਨੇ ਨੌਸ਼ਹਿਰਾ ਦੇ ਕਲਾਲ ਸੈਕਟਰ ਵਿਖੇ ਸਵੇਰੇ 9 ਵਜੇ ਦੇ ਲਗਭਗ ਸੀਜਫਾਇਰ ਦੀ ਉਲੰਘਣਾ ਕਰਦੇ ਹੋਏ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਭਾਰਤੀ ਫ਼ੌਜ ਵੱਲੋਂ ਇਸ ਤੇ ਜਵਾਬੀ ਕਾਰਵਾਈ ਕੀਤੀ ਗਈ। ਦੱਸ ਦਈਏ ਕਿ ਪਾਕਿਸਤਾਨ ਵੱਲੋਂ ਦੋ ਦਿਨ ਪਹਿਲਾਂ ਵੀ ਸੁੰਦਰਬਨੀ ਅਤੇ ਪਲਾਂਵਾਲਾ ਸੈਕਟਰ ਵਿਖੇ ਗੋਲੇ ਸੁੱਟੇ ਗਏ ਸਨ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਇਸ ਤਰ੍ਹਾਂ ਦੀਆਂ ਘਟਨਾਵਾਂ ਰਾਹੀ ਘੁਸਪੈਠ ਕਰਨਾ ਚਾਹੁੰਦਾ ਹੈ।

ਜਵਾਬੀ ਕਾਰਵਾਈ ਵਿਚ ਭਾਰਤੀ ਫ਼ੋਜ ਨੇ ਪਾਕਿਸਤਾਨ ਦੀਆਂ ਤਿੰਨ ਪੋਸਟਾਂ ਤਬਾਹ ਕਰ ਦਿਤੀਆਂ। ਪਾਕਿਸਤਾਨ ਦੇਬਾ ਬਟਾਲਾ ਖੇਤਰ ਵਿਖੇ ਤਿੰਨ ਚਾਰ ਥਾਵਾਂ ਤੇ ਅੱਗ ਲਗੀ ਦੇਖੀ ਗਈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਪੰਜ ਪੋਸਟਾਂ ਨੂੰ ਜਵਾਨਾਂ ਨੇ ਤਬਾਹ ਕੀਤਾ ਸੀ। ਸੁੰਦਰਬਨੀ ਸੈਕਟਰ ਦੇ ਮਾਲਾ ਖੇਤਰ ਦੀਆਂ ਸਾਰੀਆਂ ਪੋਸਟਾਂ ਤੇ ਵੀਰਵਾਰ ਨੂੰ ਪਾਕਿਸਤਾਨ ਨੇ ਸਵੇਰੇ ਸਾਢੇ ਛੇ ਵਜੇ ਤੋਂ ਲੈ ਕੇ ਸਾਢੇ ਅੱਠ ਵਜੇ ਤੱਕ ਹਥਿਆਰਾਂ ਰਾਂਹੀ ਫਾਇਰਿੰਗ ਕੀਤੀ। ਮੌਸਮ ਵਿਚ ਛਾਈ ਧੁੰਦ ਦਾ ਲਾਭ ਲੈਂਦੇ ਹੋਏ ਪਾਕਿਸਤਾਨੀ ਫ਼ੋਜ ਫਾਇਰਿੰਗ ਕਰ ਕੇ ਘੁਸਪੈਠ ਕਰਵਾਉਣਾ ਚਾਹੁੰਦੀ ਸੀ।

ਇਹ ਉਹੀ ਇਲਾਕਾ ਹੈ ਜਿਥੇ ਅਤਿਵਾਦੀ ਪਹਿਲਾਂ ਵੀ ਘੁਸਪੈਠ ਕਰਦੇ ਰਹਿੰਦੇ ਹਨ। ਇਥੋਂ ਸੁੰਦਰਬਨੀ ਦੇ ਰਾਹ ਤੋਂ ਕਾਲਾਕੋਟ ਦੇ ਪਹਾੜੀ ਖੇਤਰਾਂ ਵਿਚ ਪਹੁੰਚ ਕੇ ਅਤਿਵਾਦੀ ਅਪਣੀਆਂ ਗਤੀਵਿਧੀਆਂ ਚਲਾਉਂਦੇ ਹਨ। ਇਸ ਸਾਲ ਦੇ ਮਾਰਚ ਮਹੀਨੇ ਵਿਚ ਵੀ ਇਸੇ ਇਲਾਕੇ ਤੋਂ ਅਤਿਵਾਦੀਆਂ ਨੇ ਘੁਸਪੈਠ ਕੀਤੀ ਸੀ, ਜਿਨ੍ਹਾਂ ਵਿਚੋਂ ਚਾਰ ਅਤਿਵਾਦੀਆਂ ਨੂੰ ਮਾਰ ਦਿਤਾ ਗਿਆ ਸੀ।