ਸਾਊਦੀ ਅਰਬ ਵਿੱਚ 42 ਭਾਰਤੀਆਂ ਦੀ ਮੌਤ, ਡੀਜ਼ਲ ਟੈਂਕਰ ਨਾਲ ਟਕਰਾਈ ਬੱਸ
ਮ੍ਰਿਤਕਾਂ ਵਿਚ 20 ਔਰਤਾਂ ਤੇ 11 ਬੱਚੇ ਸ਼ਾਮਲ
42 Indians die in Saudi Arabia: ਸਾਊਦੀ ਅਰਬ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ 42 ਭਾਰਤੀਆਂ ਦੀ ਮੌਤ ਹੋ ਗਈ ਜਦੋਂ ਮੱਕਾ ਤੋਂ ਮਦੀਨਾ ਜਾ ਰਹੀ ਬੱਸ ਇੱਕ ਡੀਜ਼ਲ ਟੈਂਕਰ ਨਾਲ ਟਕਰਾ ਗਈ ਅਤੇ ਅੱਗ ਲੱਗ ਗਈ। ਮ੍ਰਿਤਕਾਂ ਵਿੱਚ 20 ਔਰਤਾਂ ਅਤੇ 11 ਬੱਚੇ ਸ਼ਾਮਲ ਹਨ। ਰਿਪੋਰਟਾਂ ਅਨੁਸਾਰ, ਹਾਦਸੇ ਵਿੱਚ ਸਿਰਫ਼ ਬੱਸ ਡਰਾਈਵਰ ਹੀ ਬਚਿਆ।
ਮ੍ਰਿਤਕਾਂ ਵਿੱਚੋਂ ਜ਼ਿਆਦਾਤਰ ਹੈਦਰਾਬਾਦ ਦੇ ਦੱਸੇ ਜਾ ਰਹੇ ਹਨ। ਇਹ ਹਾਦਸਾ ਮਦੀਨਾ ਤੋਂ ਲਗਭਗ 160 ਕਿਲੋਮੀਟਰ ਦੂਰ ਮੁਹਰਸ ਦੇ ਨੇੜੇ ਭਾਰਤੀ ਸਮੇਂ ਅਨੁਸਾਰ ਲਗਭਗ 1:30 ਵਜੇ ਵਾਪਰਿਆ। ਉਸ ਸਮੇਂ ਬਹੁਤ ਸਾਰੇ ਯਾਤਰੀ ਸੁੱਤੇ ਪਏ ਸਨ ਅਤੇ ਉਨ੍ਹਾਂ ਨੂੰ ਬਚਣ ਦਾ ਕੋਈ ਮੌਕਾ ਨਹੀਂ ਮਿਲਿਆ। ਤੇਲੰਗਾਨਾ ਸਰਕਾਰ ਨੇ ਕਿਹਾ ਹੈ ਕਿ ਉਹ ਰਿਆਧ ਵਿੱਚ ਭਾਰਤੀ ਦੂਤਾਵਾਸ ਦੇ ਸੰਪਰਕ ਵਿੱਚ ਹੈ।
ਸੂਬਾ ਸਰਕਾਰ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਰੇਵੰਤ ਰੈੱਡੀ ਨੇ ਦਿੱਲੀ ਵਿੱਚ ਮੌਜੂਦ ਅਧਿਕਾਰੀਆਂ ਨੂੰ ਦੂਤਾਵਾਸ ਨਾਲ ਨੇੜਿਓਂ ਤਾਲਮੇਲ ਕਰਨ ਅਤੇ ਪੀੜਤਾਂ ਦੀ ਪਛਾਣ ਅਤੇ ਹੋਰ ਰਸਮੀ ਕਾਰਵਾਈਆਂ ਵਿੱਚ ਮਦਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਹਾਦਸੇ ਵਿੱਚ ਮਾਰੇ ਗਏ ਲੋਕਾਂ ਵਿੱਚੋਂ ਬਾਰਾਂ ਭਾਰਤੀ ਪੀੜਤਾਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਵਿੱਚ ਅਬਦੁਲ ਮੁਹੰਮਦ, ਮੁਹੰਮਦ ਮੌਲਾਨਾ, ਸੋਹੇਲ ਮੁਹੰਮਦ, ਮਸਤਾਨ ਮੁਹੰਮਦ, ਪਰਵੀਨ ਬੇਗਮ, ਜ਼ਕੀਆ ਬੇਗਮ, ਸ਼ੌਕਤ ਬੇਗਮ, ਫਰਹੀਨ ਬੇਗਮ, ਜ਼ਹੀਨ ਬੇਗਮ, ਮੁਹੰਮਦ ਮੰਜ਼ੂਰ, ਮੁਹੰਮਦ ਅਲੀ, ਗੌਸੀਆ ਬੇਗਮ ਸ਼ਾਮਲ ਹਨ। ਜੇਦਾਹ ਵਿੱਚ ਭਾਰਤੀ ਦੂਤਾਵਾਸ ਨੇ ਇੱਕ ਹੈਲਪਲਾਈਨ ਜਾਰੀ ਕੀਤੀ ਹੈ।
ਦੂਤਾਵਾਸ ਨੇ ਕਿਹਾ, "ਸਾਊਦੀ ਅਰਬ ਦੇ ਮਦੀਨਾ ਨੇੜੇ ਭਾਰਤੀ ਉਮਰਾਹ ਯਾਤਰੀਆਂ ਨਾਲ ਹੋਏ ਦੁਖਦਾਈ ਬੱਸ ਹਾਦਸੇ ਦੇ ਮੱਦੇਨਜ਼ਰ, ਜੇਦਾਹ ਦੇ ਭਾਰਤੀ ਕੌਂਸਲੇਟ ਜਨਰਲ ਵਿਖੇ ਇੱਕ 24x7 ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਹੈਲਪਲਾਈਨ ਸੰਪਰਕ ਵੇਰਵੇ 8002440003 ਹਨ।" ਇਸ ਘਟਨਾ ਤੋਂ ਬਾਅਦ, ਤੇਲੰਗਾਨਾ ਸਰਕਾਰ ਨੇ ਸਕੱਤਰੇਤ ਵਿਖੇ ਪਰਿਵਾਰਾਂ ਲਈ ਇੱਕ ਕੰਟਰੋਲ ਰੂਮ ਸਥਾਪਤ ਕੀਤਾ ਤਾਂ ਜੋ ਉਹ ਆਪਣੇ ਅਜ਼ੀਜ਼ਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਪਰਿਵਾਰਕ ਮੈਂਬਰ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰ ਸਕਦੇ ਹਨ: 79979-59754 ਅਤੇ 99129-19545।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਸੋਸ਼ਲ ਮੀਡੀਆ ਪੋਸਟ ਵਿਚ ਲਿਖਿਆ ਕਿ ਰਿਆਧ ਵਿੱਚ ਕੌਂਸਲੇਟ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। "ਮਦੀਨਾ ਵਿੱਚ ਭਾਰਤੀ ਨਾਗਰਿਕਾਂ ਨਾਲ ਹੋਈ ਇਸ ਦੁਖਾਂਤ ਤੋਂ ਮੈਂ ਬਹੁਤ ਦੁਖੀ ਹਾਂ। ਮ੍ਰਿਤਕਾਂ ਦੇ ਪ੍ਰਵਾਰਾਂ ਨਾਲ ਮੇਰੀਆਂ ਸੰਵੇਦਨਾਵਾਂ। ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। ਸਾਡੇ ਅਧਿਕਾਰੀ ਸਾਊਦੀ ਅਰਬ ਦੇ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ।"