ਬਠਿੰਡਾ ਦੀ ਧੀ ਨਮਨਦੀਪ ਕੌਰ ਨੂੰ ਕੈਨੇਡਾ ’ਚ ‘ਕੁਈਨ ਐਲਿਜ਼ਾਬੈਥ-2 ਪਲੈਂਟੀਨਮ ਜੁਬਲੀ’ ਪੁਰਸਕਾਰ ਨਾਲ ਕੀਤਾ ਗਿਆ ਸਨਮਾਨਿਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿੱਖਿਆ ਖੇਤਰ 'ਚ ਵਧੀਆਂ ਸੇਵਾਵਾਂ ਦੇਣ ਬਦਲੇ ਬਠਿੰਡਾ ਦੀ ਨਮਨਦੀਪ ਮਾਂਗਟ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ

Bathinda's daughter Namandeep Kaur was honored with the 'Queen Elizabeth-2 Platinum Jubilee' award in Canada.

 

ਬਠਿੰਡਾ: ਕੈਨੇਡਾ ਦੇ ਮੈਨੀਟੋਬਾ ਸੂਬੇ ਵਿਚ ਸਿੱਖਿਆ ਖੇਤਰ 'ਚ ਵਧੀਆਂ ਸੇਵਾਵਾਂ ਦੇਣ ਬਦਲੇ ਬਠਿੰਡਾ ਦੀ ਨਮਨਦੀਪ ਮਾਂਗਟ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਨਮਨਦੀਪ ਨੂੰ ਇਹ ਸਨਮਾਨ ਮੈਨੀਟੋਬਾ ਦੀ ਅਸੈਂਬਲੀ 'ਚ ਲੈਫ਼ਟੀਨੈਂਟ ਗਵਰਨਰ ਜੈਨਿਸ ਸੀ. ਫਿਲਮੋਨ ਵਲੋਂ ਦਿੱਤਾ ਗਿਆ | ਨਮਨਦੀਪ ਮਾਂਗਟ ਦੇ ਸਨਮਾਨ ਦੀ ਖ਼ਬਰ ਮਿਲਦਿਆਂ ਉਨ੍ਹਾਂ ਦੇ ਬਠਿੰਡਾ ਸਥਿਤ ਸਹੁਰਾ ਮਾਂਗਟ ਪਰਿਵਾਰ ਤੇ ਪੇਕਾ ਪਰਿਵਾਰ 'ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ |

ਦੱਸਣਯੋਗ ਹੈ ਕਿ ਡਾ. ਅਜਮੇਰ ਸਿੰਘ ਧਾਲੀਵਾਲ ਦੀ ਬੇਟੀ ਨਮਨਦੀਪ ਮਾਂਗਟ ਧਾਲੀਵਾਲ ਉਚੇਰੀ ਪੜ੍ਹਾਈ ਉਪਰੰਤ ਕੈਨੇਡਾ ਜਾ ਵਸੀ ਸੀ ਅਤੇ ਉਸ ਦਾ ਵਿਆਹ ਨਗਰ ਨਿਗਮ ਦੇ ਸਾਬਕਾ ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ ਤੇ ਜਸਵਿੰਦਰ ਸਿੰਘ ਮਾਂਗਟ ਸਾਬਕਾ ਇੰਜੀਨੀਅਰ ਐਨ. ਐਫ਼. ਐਲ. ਦੇ ਬੇਟੇ ਜਗਜੀਤ ਸਿੰਘ ਮਾਂਗਟ ਨਾਲ ਹੋਇਆ ਸੀ |

ਮੌਜੂਦਾ ਸਮੇਂ ਨਮਨਦੀਪ ਤੇ ਜਗਜੀਤ ਸਿੰਘ ਮੈਨੀਟੋਬਾ ਸੂਬੇ 'ਚ ਰਹਿ ਰਹੇ ਹਨ ਅਤੇ ਨਮਨਦੀਪ ਪਿਛਲੇ 7-8 ਸਾਲਾਂ ਤੋਂ ਉਥੇ ਮੈਥ ਫਾਰਮਿੰਗ ਬਰਾਂਡ ਦਾ ਇਕ ਕੋਚਿੰਗ ਸੈਂਟਰ ਚਲਾ ਰਹੀ ਹੈ, ਜਿਸ ਦੀਆਂ ਸ਼ਾਨਦਾਰ ਸੇਵਾਵਾਂ ਦੇ ਚੱਲਦਿਆਂ ਮਹਾਂਰਾਣੀ ਐਲਿਜਾਬੈਥ-2 ਦੇ ਪਲੈਟੀਨਮ ਜੁਬਲੀ ਮੈਡਲ ਨਾਲ ਸਨਮਾਨਿਤ ਕੀਤਾ | ਮੈਨੀਟੋਬਾ ਸੂਬੇ ਦੇ ਸਰਕਾਰੀ ਮਾਮਲਿਆਂ ਤੇ ਅੰਤਰ ਰਾਸ਼ਟਰੀ ਸੰਬੰਧਾਂ ਦੇ ਮੰਤਰੀ ਹੀਥਰ ਸਟਾਈਫਨਸਨ ਨੇ ਸਿੱਖਿਆ ਖੇਤਰ 'ਚ ਨਮਨਦੀਪ ਮਾਂਗਟ ਧਾਲੀਵਾਲ ਦੀ ਪ੍ਰਾਪਤੀ 'ਤੇ ਮਾਂਗਟ ਪਰਿਵਾਰ ਨੂੰ ਉਚੇਚੇ ਤੌਰ 'ਤੇ ਮੁਬਾਰਕਵਾਦ ਭੇਜੀ ਹੈ |

ਜਸਵਿੰਦਰ ਸਿੰਘ ਮਾਂਗਟ ਤੇ ਗੁਰਿੰਦਰਪਾਲ ਕੌਰ ਮਾਂਗਟ ਨੇ ਆਪਣੀ ਨੂੰਹ ਨਮਨਦੀਪ ਮਾਂਗਟ ਦੀ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਇਕੱਲੇ ਮਾਂਗਟ ਜਾਂ ਧਾਲੀਵਾਲ ਪਰਿਵਾਰ ਲਈ ਹੀ ਨਹੀਂ ਬਲਕਿ ਬਠਿੰਡਾ ਤੇ ਪੰਜਾਬ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਬੇਟੀ ਨਮਨਦੀਪ ਨੇ ਆਪਣੀ ਮਿਹਨਤ ਸਦਕੇ ਸਮੁੱਚੇ ਪੰਜਾਬੀਆਂ ਦਾ ਕੈਨੇਡਾ ਵਰਗੇ ਦੇਸ਼ 'ਚ ਨਾਂਅ ਰੌਸ਼ਨ ਕੀਤਾ |