Georgia News: ਜਾਰਜੀਆ ਦੇ ਰੈਸਟੋਰੈਂਟ 'ਚ ਗੈਸ ਹੋਈ ਲੀਕ, 11 ਭਾਰਤੀਆਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

Georgia News: ਮਰਨ ਵਾਲਿਆਂ ’ਚ ਸੁਨਾਮ ਦਾ ਵਿਆਹੁਤਾ ਜੋੜਾ ਵੀ ਸ਼ਾਮਲ

Gas leak in Georgia restaurant

 

Gas leak in Georgia restaurant:  ਭਾਰਤ ’ਚੋਂ ਹਰ ਸਾਲ ਹਜ਼ਾਰਾਂ ਨੌਜੁਆਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਲੋਕ ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ਵਿਚ ਵੀ ਜਾ ਪੈਂਦੇ ਹਨ। ਅਜਿਹਾ ਹੀ ਮਾਮਲਾ ਪਛਮੀ ਯੂਰਪ ’ਚ ਸਥਤਿ ਦੇਸ਼ ਜੌਰਜੀਆ ਤੋਂ ਸਾਹਮਣੇ ਆਇਆ ਹੈ, ਜਿਥੇ 11 ਭਾਰਤੀਆਂ ਦੀ ਦਰਦਨਾਕ ਹਾਦਸੇ ਵਿਚ ਮੌਤ ਹੋ ਗਈ। 

ਜੌਰਜੀਆ ਦੇ ਪ੍ਰਸਿੱਧ ਪਹਾੜੀ ਰਿਜ਼ਾਰਟ ਗੁਦੌਰੀ ’ਚ ਸਥਿਤ ਇਕ ਰੈਸਟੋਰੈਂਟ ’ਚ 11 ਭਾਰਤੀ ਨਾਗਰਿਕਾਂ ਦੀ ਲਾਸ਼ ਮਿਲੀ ਹੈ। ਮਿ੍ਰਤਕਾਂ ’ਚ ਪੰਜਾਬ ਦੇ ਸੁਨਾਮ ਸ਼ਹਿਰ ਨਾਲ ਸਬੰਧਤ ਹਨ ਜਿਨ੍ਹਾਂ ਦੀ ਪਛਾਣ ਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਵਜੋਂ ਹੋਈ ਹੈ। ਬਾਕੀ ਵੀ ਪੰਜਾਬੀ ਦਸੇ ਜਾ ਰਹੇ ਹਨ, ਹਾਲਾਂਕਿ ਉਨ੍ਹਾਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ। 

ਜਾਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੇ ਸ਼ੁਰੂਆਤੀ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ ਸਾਰੀਆਂ ਮੌਤਾਂ ਕਾਰਬਨ ਮੋਨੋਆਕਸਾਈਡ ਗੈਸ ਚੜ੍ਹਨ ਕਾਰਨ ਹੋਈਆਂ ਹਨ, ਘਟਨਾ ਵਾਲੀ ਥਾਂ ’ਤੇ ਕੋਈ ਸੱਟ ਜਾਂ ਹਿੰਸਾ ਦੇ ਸੰਕੇਤ ਵਿਖਾਈ ਨਹੀਂ ਦਿੰਦੇ। 

ਤਬਲਿਸੀ ਸਥਿਤ ਭਾਰਤੀ ਮਿਸ਼ਨ ਨੇ ਕਿਹਾ ਕਿ ਸਾਰੇ 1 ਪੀੜਤ ਭਾਰਤ ਨਾਗਰਿਕ ਸਨ। ਹਾਲਾਂਕਿ, ਜੌਰਜੀਆ ਦੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਮ੍ਰਿਤਕਾਂ ’ਚ 11 ਵਿਦੇਸ਼ੀ ਹਨ, ਜਦਕਿ ਇਕ ਉਨ੍ਹਾਂ ਦਾ ਨਾਗਰਿਕ ਸੀ। ਪੀੜਤਾਂ ਦੀ ਪਛਾਣ ਉਸੇ ਭਾਰਤੀ ਰੈਸਟੋਰੈਂਟ ’ਚ ਕੰਮ ਕਰਨ ਵਾਲਿਆਂ ਵਜੋਂ ਹੋਈ ਅਤੇ ਉਹ ਰੈਸਟੋਰੈਂਟ ਦੀ ਦੂਜੀ ਮੰਜ਼ਿਲ ’ਤੇ ਬਣੇ ਬੈੱਡਰੂਮ ਵਿਚ ਮ੍ਰਿਤਕ ਮਿਲੇ।   

ਮੁੱਢਲੀ ਜਾਂਚ ਦੇ ਨਤੀਜਿਆਂ ਤੋਂ ਪਤਾ ਲਗਦਾ ਹੈ ਕਿ ਇਕ ਪਾਵਰ ਜਨਰੇਟਰ ਬੈੱਡਰੂਮ ਦੇ ਨੇੜੇ ਇਕ ਬੰਦ ਕਮਰੇ ’ਚ ਰੱਖਿਆ ਗਿਆ ਸੀ, ਜੋ ਸ਼ੁਕਰਵਾਰ ਰਾਤ ਨੂੰ ਬਿਜਲੀ ਸਪਲਾਈ ਵਿਚ ਰੁਕਾਵਟ ਤੋਂ ਬਾਅਦ ਖ਼ੁਦ ਹੀ ਚਾਲੂ ਹੋ ਗਿਆ ਸੀ। ਇਸ ਜਨਰੇਟਰ ਤੋਂ ਨਿਕਲੀ ਕਾਰਬਨ ਮੋਨੋਆਕਸਾਈਡ ’ਤੇ ਹੀ ਜ਼ਹਿਰ ਦੇ ਸਰੋਤ ਵਜੋਂ ਸ਼ੱਕ ਹੈ। 

ਇਹ ਜਾਂਚ ਜਾਰਜੀਅਨ ਕ੍ਰਿਮੀਨਲ ਕੋਡ ਦੀ ਧਾਰਾ 116 ਦੇ ਤਹਿਤ ਸ਼ੁਰੂ ਕੀਤੀ ਗਈ ਹੈ, ਜੋ ਲਾਪਰਵਾਹੀ ਨਾਲ ਕਤਲ ਨਾਲ ਸਬੰਧਤ ਹੈ। ਫੋਰੈਂਸਿਕ ਮਾਹਰਾਂ ਨੂੰ ਡਾਕਟਰੀ ਜਾਂਚ ਅਤੇ ਸਬੂਤ ਇਕੱਠੇ ਕਰ ਕੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਨਿਯੁਕਤ ਕੀਤਾ ਗਿਆ ਹੈ। ਅਪਰਾਧਕ ਜਾਂਚ ਟੀਮਾਂ ਸਰਗਰਮੀ ਨਾਲ ਮੌਕੇ ’ਤੇ ਕੰਮ ਕਰ ਰਹੀਆਂ ਹਨ ਅਤੇ ਕੇਸ ਨਾਲ ਸਬੰਧਤ ਇੰਟਰਵਿਊ ਕਰ ਰਹੀਆਂ ਹਨ। 

ਤਬਿਲਿਸੀ ਵਿਚ ਭਾਰਤੀ ਮਿਸ਼ਨ ਨੇ ਪੀੜਤ ਪਰਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਪੁਸ਼ਟੀ ਕੀਤੀ ਕਿ ਦੁਖਾਂਤ ਦੀ ਜਾਂਚ ਲਈ ਸਥਾਨਕ ਅਧਿਕਾਰੀਆਂ ਦੀ ਸਹਾਇਤਾ ਕੀਤੀ ਜਾ ਰਹੀ ਹੈ। ਮਿਸ਼ਨ ਨੇ ਕਿਹਾ ਕਿ ਹਰ ਸੰਭਵ ਸਹਾਇਤਾ ਦਿਤੀ ਜਾਵੇਗੀ।