ਥੈਰੇਸਾ ਮੇਅ ਨੇ ਸੰਸਦ ਮੈਂਬਰਾਂ ਨੂੰ ਮਿਲ ਕੇ ਕੰਮ ਕਰਨ ਦੀ ਕੀਤੀ ਅਪੀਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਬ੍ਰਿਟੇਨ ਦੀ ਸੰਸਦ ਵਿਚ ਬ੍ਰੈਗਜ਼ਿਟ ਸਮਝੌਤੇ 'ਤੇ ਮੰਗਲਵਾਰ ਨੂੰ ਹੋਈ ਇਤਿਹਾਸਿਕ ਵੋਟਿੰਗ ਵਿਚ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ.....

Theresa May

ਲੰਡਨ : ਬ੍ਰਿਟੇਨ ਦੀ ਸੰਸਦ ਵਿਚ ਬ੍ਰੈਗਜ਼ਿਟ ਸਮਝੌਤੇ 'ਤੇ ਮੰਗਲਵਾਰ ਨੂੰ ਹੋਈ ਇਤਿਹਾਸਿਕ ਵੋਟਿੰਗ ਵਿਚ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਪੀ.ਐੱਮ. ਥੈਰੇਸਾ ਮੇਅ ਵਿਰੁਧ ਬੁਧਵਾਰ ਨੂੰ ਸੰਸਦ ਵਿਚ ਲਿਆਂਦਾ ਗਿਆ ਅਵਿਸ਼ਵਾਸ ਮਤਾ ਪਾਸ ਨਾ ਹੋ ਸਕਿਆ। ਇਸ ਦੇ ਬਾਅਦ ਮੇਅ ਨੇ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਨਿੱਜੀ ਹਿੱਤਾਂ ਨੂੰ ਇਕ ਪਾਸੇ ਰੱਖ ਕੇ ਬ੍ਰੈਗਜ਼ਿਟ ਲਈ ਮਿਲ ਕੇ ਰਚਨਾਤਮਕ ਤਰੀਕੇ ਨਾਲ ਕੰਮ ਕਰਨ। 325 ਸੰਸਦ ਮੈਂਬਰਾਂ ਨੇ ਉਨ੍ਹਾਂ ਦੀ ਸਰਕਾਰ ਦਾ ਸਮਰਥਨ ਕੀਤਾ ਜਦਕਿ 306 ਸੰਸਦ ਮੈਂਬਰਾਂ ਨੇ ਸੰਸਦ ਵਿਚ ਲਿਆਏ ਗਏ ਅਵਿਸ਼ਵਾਸ ਮਤੇ ਦੇ ਪੱਖ ਵਿਚ ਵੋਟਿੰਗ ਕੀਤੀ।

ਥੈਰੇਸਾ 19 ਵੋਟਾਂ ਦੇ ਫਰਕ ਨਾਲ ਜਿੱਤ ਗਈ। ਅਵਿਸ਼ਵਾਸ ਮਤਾ ਡਿੱਗਣ ਦੇ ਬਾਅਦ ਮੇਅ ਨੇ 10 ਸ਼ਟਡਾਊਨ ਸਟ੍ਰੀਟ ਦੇ ਬਾਹਰ ਕਿਹਾ ਕਿ ਸਰਕਾਰ ਨੇ ਸੰਸਦ ਵਿਚ ਵਿਸ਼ਵਾਸ ਜਿੱਤ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਸਾਨੂੰ ਸਾਰਿਆਂ ਨੂੰ ਬ੍ਰੈਗਜ਼ਿਟ 'ਤੇ ਅੱਗੇ ਕੰਮ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਮੇਅ ਨੇ ਕਿਹਾ,''ਬ੍ਰਿਟਿਸ਼ ਲੋਕ ਚਾਹੁੰਦੇ ਹਨ ਕਿ ਅਸੀਂ ਬ੍ਰੈਗਜ਼ਿਟ ਸਮਝੌਤਾ ਜਲਦੀ ਤੋਂ ਜਲਦੀ ਕਰ ਲਈਏ ਅਤੇ ਉਨ੍ਹਾਂ ਨਾਲ ਜੁੜੇ ਹੋਰ ਮਹੱਤਵਪੂਰਨ ਮਾਮਲਿਆਂ 'ਤੇ ਵੀ ਧਿਆਨ ਦਈਏ।''  ਉਨ੍ਹਾਂ ਨੇ ਕਿਹਾ ਹੁਣ ਨਿੱਜੀ ਹਿੱਤਾਂ ਨੂੰ ਇਕ ਪਾਸੇ ਕਰਨ ਦਾ ਸਮਾਂ ਆ ਗਿਆ ਹੈ।

ਮੇਅ ਨੇ ਕਿਹਾ,''ਹੁਣ ਸੰਸਦ ਮੈਂਬਰਾਂ ਨੇ ਇਹ ਸਪੱਸ਼ਟ ਕਰ ਦਿਤਾ ਹੈ ਕਿ ਉਹ ਕੀ ਨਹੀਂ ਚਾਹੁੰਦੇ। ਸਾਨੂੰ ਸਾਰਿਆਂ ਨੂੰ ਇਹ ਤੈਅ ਕਰਨ ਲਈ ਰਚਨਾਤਮਕ ਤਰੀਕੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਕਿ ਸੰਸਦ ਕੀ ਚਾਹੁੰਦੀ ਹੈ।'' ਉਨ੍ਹਾਂ ਨੇ ਕਿਹਾ,''ਇਸ ਲਈ ਮੈਂ ਅੱਗੇ ਦਾ ਰਸਤਾ ਲੱਭਣ ਲਈ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੰਦੀ ਹਾਂ।''  (ਪੀਟੀਆਈ)