ਜੇ ਈਰਾਨ ਬਲੋਚਿਸਤਾਨ 'ਚ ਅਤਿਵਾਦੀ ਟਿਕਾਣਿਆਂ 'ਤੇ ਹਮਲਾ ਕਰਦਾ ਹੈ ਤਾਂ "ਗੰਭੀਰ ਨਤੀਜੇ" ਹੋਣਗੇ: Pakistan
ਈਰਾਨੀ ਮੀਡੀਆ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਕਿਸਤਾਨ 'ਚ ਅਤਿਵਾਦੀ ਸਮੂਹ ਜੈਸ਼-ਅਲ-ਅਦਲ ਦੇ ਦੋ ਟਿਕਾਣਿਆਂ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਗਿਆ।
Pakistan: ਲਾਹੌਰ - ਪਾਕਿਸਤਾਨ ਨੇ ਈਰਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਬਲੋਚਿਸਤਾਨ ਸੂਬੇ ਵਿਚ ਇਕ ਸੁੰਨੀ ਅਤਿਵਾਦੀ ਸੰਗਠਨ ਨਾਲ ਜੁੜੇ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕਰਦਾ ਹੈ ਤਾਂ ਉਸ ਨੂੰ "ਗੰਭੀਰ ਨਤੀਜੇ" ਭੁਗਤਣੇ ਪੈਣਗੇ। ਈਰਾਨ ਵੱਲੋਂ ਕੀਤੇ ਗਏ ਇਨ੍ਹਾਂ ਹਮਲਿਆਂ ਵਿੱਚ ਦੋ ਬੱਚੇ ਮਾਰੇ ਗਏ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ।
ਈਰਾਨੀ ਮੀਡੀਆ ਨੇ ਦੱਸਿਆ ਕਿ ਮੰਗਲਵਾਰ ਨੂੰ ਪਾਕਿਸਤਾਨ 'ਚ ਅਤਿਵਾਦੀ ਸਮੂਹ ਜੈਸ਼-ਅਲ-ਅਦਲ ਦੇ ਦੋ ਟਿਕਾਣਿਆਂ ਨੂੰ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਗਿਆ। ਇਹ ਕਾਰਵਾਈ ਇਰਾਕ ਅਤੇ ਸੀਰੀਆ ਵਿਚ ਰੈਵੋਲਿਊਸ਼ਨਰੀ ਗਾਰਡਸ ਦੇ ਹਮਲਿਆਂ ਤੋਂ ਇੱਕ ਦਿਨ ਬਾਅਦ ਹੋਈ ਹੈ। ਪਾਕਿਸਤਾਨ ਨੇ "ਆਪਣੇ ਹਵਾਈ ਖੇਤਰ ਦੀ ਉਲੰਘਣਾ" ਦੀ ਸਖ਼ਤ ਨਿੰਦਾ ਕੀਤੀ ਅਤੇ ਵਿਦੇਸ਼ ਮੰਤਰਾਲੇ ਵਿਚ ਈਰਾਨ ਦੇ ਰਾਜਦੂਤ ਨੂੰ ਤਲਬ ਕੀਤਾ।
ਪਾਕਿਸਤਾਨੀ ਵਿਦੇਸ਼ ਦਫ਼ਤਰ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਈਰਾਨ ਦੀ ਕਾਰਵਾਈ "ਉਸ ਦੇ ਹਵਾਈ ਖੇਤਰ ਦੀ ਬਿਨਾਂ ਭੜਕਾਹਟ ਦੀ ਉਲੰਘਣਾ" ਸੀ।
ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗ ਕਾਰਨ ਪੱਛਮੀ ਏਸ਼ੀਆ 'ਚ ਸਥਿਤੀ ਪਹਿਲਾਂ ਹੀ ਤਣਾਅਪੂਰਨ ਬਣੀ ਹੋਈ ਹੈ, ਇਸ ਲਈ ਈਰਾਨ ਦੇ ਇਨ੍ਹਾਂ ਹਮਲਿਆਂ ਨੇ ਚਿੰਤਾ ਹੋਰ ਵਧਾ ਦਿੱਤੀ ਹੈ।
ਈਰਾਨੀ ਸਮਾਚਾਰ ਏਜੰਸੀ ਤਸਨੀਮ ਨੇ ਕਿਹਾ, “ਪਾਕਿਸਤਾਨ ਵਿਚ ਜੈਸ਼-ਅਲ-ਧੁਲਮ (ਜੈਸ਼-ਅਲ-ਅਦਲ) ਅਤਿਵਾਦੀ ਸਮੂਹ ਦੇ ਦੋ ਵੱਡੇ ਟਿਕਾਣਿਆਂ ਨੂੰ ਵਿਸ਼ੇਸ਼ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਅਤੇ ਸਫ਼ਲਤਾਪੂਰਵਕ ਤਬਾਹ ਕਰ ਦਿੱਤਾ ਗਿਆ। ਈਰਾਨ ਨੇ ਵਾਰ-ਵਾਰ ਚੇਤਾਵਨੀ ਦਿੱਤੀ ਹੈ ਕਿ ਜੈਸ਼-ਅਲ-ਅਦਲ ਅਤਿਵਾਦੀ ਸਮੂਹ ਉਸ ਦੇ ਸੁਰੱਖਿਆ ਬਲਾਂ 'ਤੇ ਹਮਲਾ ਕਰਨ ਲਈ ਪਾਕਿਸਤਾਨੀ ਜ਼ਮੀਨ ਦੀ ਵਰਤੋਂ ਕਰ ਰਿਹਾ ਹੈ ਅਤੇ ਬਲੋਚਿਸਤਾਨ ਦੇ ਸਰਹੱਦੀ ਕਸਬੇ ਪੰਜਗੁਰ ਵਿਚ ਉਸ ਦੇ ਅੱਡੇ ਹਨ।
ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਇਸ ਘਟਨਾ ਨੂੰ 'ਆਪਣੇ ਹਵਾਈ ਖੇਤਰ ਦੀ ਉਲੰਘਣਾ' ਕਰਾਰ ਦਿੱਤਾ ਅਤੇ ਕਿਹਾ ਕਿ ਹਮਲੇ 'ਚ ਦੋ ਬੱਚੇ ਮਾਰੇ ਗਏ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਵਿਦੇਸ਼ ਦਫ਼ਤਰ ਨੇ ਕਿਹਾ, “ਪਾਕਿਸਤਾਨ ਆਪਣੀ ਪ੍ਰਭੂਸੱਤਾ ਦੀ ਉਲੰਘਣਾ ਦਾ ਸਖ਼ਤ ਵਿਰੋਧ ਕਰਦਾ ਹੈ। “ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ ਅਤੇ ਇਸ ਦੇ ਗੰਭੀਰ ਨਤੀਜੇ ਹੋ ਸਕਦੇ ਹਨ।”
ਬਿਆਨ ਵਿਚ ਕਿਹਾ ਗਿਆ ਹੈ, “ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਸਬੰਧਤ ਸੀਨੀਅਰ ਅਧਿਕਾਰੀ ਕੋਲ ਪਹਿਲਾਂ ਹੀ ਸਖ਼ਤ ਵਿਰੋਧ ਦਰਜ ਕਰਵਾਇਆ ਜਾ ਚੁੱਕਾ ਹੈ। “ਇਸ ਤੋਂ ਇਲਾਵਾ, ਈਰਾਨ ਦੇ ਰਾਜਦੂਤ ਨੂੰ ਪਾਕਿਸਤਾਨ ਦੀ ਪ੍ਰਭੂਸੱਤਾ ਦੀ ਇਸ ਘੋਰ ਉਲੰਘਣਾ ਦੀ ਸਖ਼ਤ ਨਿੰਦਾ ਕਰਨ ਲਈ ਵਿਦੇਸ਼ ਮੰਤਰਾਲੇ ਵਿੱਚ ਤਲਬ ਕੀਤਾ ਗਿਆ ਹੈ ਅਤੇ ਇਸ ਦੇ ਨਤੀਜਿਆਂ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਇਰਾਨ ਦੀ ਹੋਵੇਗੀ।”