ਪਾਕਿਸਤਾਨ ਵਿਚ 10 ਕਿਲੋ ਆਟੇ ਦੀ ਥੈਲੀ ਦਾ ਭਾਅ 1300 ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚ ਕਣਕ ਦੇ ਮਾੜੇ ਪ੍ਰਬੰਧਾਂ ਕਾਰਨ ਆਟੇ ਦਾ ਸੰਕਟ ਬਹੁਤ ਡੂੰਘਾ ਹੋ ਗਿਆ ਹੈ।

photo

ਇਸਲਾਮਾਬਾਦ: ਪਾਕਿਸਤਾਨ ਵਿਚ ਕਣਕ ਦੇ ਮਾੜੇ ਪ੍ਰਬੰਧਾਂ ਕਾਰਨ ਆਟੇ ਦਾ ਸੰਕਟ ਬਹੁਤ ਡੂੰਘਾ ਹੋ ਗਿਆ ਹੈ। ਖ਼ਾਸ ਕਰ ਕੇ ਦੱਖਣੀ ਪੰਜਾਬ ਵਿਚ ਆਟੇ ਦੀਆਂ ਕੀਮਤਾਂ ਇਤਿਹਾਸਕ ਪੱਧਰ ’ਤੇ ਪਹੁੰਚ ਗਈਆਂ ਹਨ, ਜਿਸ ਕਾਰਨ ਆਮ ਜਨਤਾ ਲਈ ਇਕ ਡੰਗ ਦੀ ਰੋਟੀ ਜੁਟਾਉਣੀ ਵੀ ਮੁਸ਼ਕਲ ਹੋ ਗਈ ਹੈ। ਹਾਲਾਤ ਇੰਨੇ ਮਾੜੇ ਹਨ ਕਿ ਸਰਕਾਰ ਵਲੋਂ ਘੱਟ ਰੇਟਾਂ ’ਤੇ ਦਿਤਾ ਜਾਣ ਵਾਲਾ ਸਬਸਿਡੀ ਵਾਲਾ ਆਟਾ ਬਾਜ਼ਾਰਾਂ ਵਿਚੋਂ ਲਗਭਗ ਗ਼ਾਇਬ ਹੋ ਚੁੱਕਾ ਹੈ।

ਖੁੱਲ੍ਹੇ ਬਾਜ਼ਾਰ ਵਿਚ ਕਣਕ ਦੀ ਕੀਮਤ 4,500 ਤੋਂ 4,600 ਪਾਕਿਸਤਾਨੀ ਰੁਪਏ ਪ੍ਰਤੀ 40 ਕਿਲੋ ਤਕ ਪਹੁੰਚ ਗਈ ਹੈ। ਇਸ ਉਛਾਲ ਕਾਰਨ ਫਲੌਰ ਮਿੱਲ ਮਾਲਕਾਂ ਨੇ ਆਟੇ ਦੀਆਂ ਕੀਮਤਾਂ ਵਧਾ ਦਿਤੀਆਂ ਹਨ, ਜਿਸ ਨਾਲ ਆਟਾ ਹੁਣ ਲਗਭਗ 130 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ। ਹੁਣ 10 ਕਿਲੋ ਆਟੇ ਦੇ ਥੈਲੇ ਦੀ ਕੀਮਤ ਲਗਭਗ 1,300 ਰੁਪਏ ਹੋ ਗਈ ਹੈ, ਜੋ ਘੱਟ ਅਤੇ ਦਰਮਿਆਨੀ ਆਮਦਨ ਵਾਲੇ ਪਰਵਾਰਾਂ ਲਈ ਅਸਹਿ ਬੋਝ ਬਣ ਗਈ ਹੈ।

ਸਰਕਾਰ ਵਲੋਂ 10 ਕਿਲੋ ਦੇ ਥੈਲੇ ਲਈ 910 ਰੁਪਏ ਅਤੇ 20 ਕਿਲੋ ਲਈ 1,820 ਰੁਪਏ ਦੀ ਦਰ ਤੈਅ ਕੀਤੀ ਗਈ ਸੀ ਪਰ ਇਹ ਸਹੂਲਤ ਲਾਹੌਰ ਤੋਂ ਬਾਹਰ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਹੀ। ਦੱਖਣੀ ਪੰਜਾਬ ਦੇ ਲੋਕ ਨਿੱਜੀ ਸਪਲਾਇਰਾਂ ਤੋਂ ਮਹਿੰਗਾ ਬ੍ਰਾਂਡਿਡ ਆਟਾ ਖ਼ਰੀਦਣ ਲਈ ਮਜਬੂਰ ਹਨ, ਜੋ ਕਿ ਬਹੁਤ ਸਾਰੇ ਪਰਵਾਰਾਂ ਦੀ ਪਹੁੰਚ ਤੋਂ ਬਾਹਰ ਹੈ।     (ਏਜੰਸੀ)