ਪਾਕਿਸਤਾਨ ਨੇ ਅਫਗਾਨਿਸਤਾਨ ’ਚ ਕੀਤਾ ਹਵਾਈ ਹਮਲਾ, 8 ਲੋਕਾਂ ਦੀ ਮੌਤ, ਅਫ਼ਗਾਨਿਸਤਾਨ ਨੇ ਦਿਤੀ ਚੇਤਾਵਨੀ
ਅਫ਼ਗਾਨ ਬੁਲਾਰੇ ਨੇ ਆਮ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ, ਕਿਹਾ, ‘ਅਜਿਹੀਆਂ ਕਾਰਵਾਈਆਂ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ’
ਇਸਲਾਮਾਬਾਦ/ਕਾਬੁਲ: ਪਾਕਿਸਤਾਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਤਾਲਿਬਾਨ ਸ਼ਾਸਿਤ ਅਫਗਾਨਿਸਤਾਨ ’ਚ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਨਾਲ ਜੁੜੇ ਅਤਿਵਾਦੀਆਂ ’ਤੇ ਹਵਾਈ ਹਮਲੇ ਕੀਤੇ। ਅਫਗਾਨ ਤਾਲਿਬਾਨ ਨੇ ਕਾਬੁਲ ’ਚ ਪਾਕਿਸਤਾਨ ਦੇ ਦੂਤਘਰ ਦੇ ਮੁਖੀ ਨੂੰ ਬੁਲਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਵਲੋਂ ਕੀਤੇ ਗਏ ਹਵਾਈ ਹਮਲਿਆਂ ’ਚ ਤਿੰਨ ਬੱਚਿਆਂ ਸਮੇਤ ਘੱਟੋ-ਘੱਟ 8 ਨਾਗਰਿਕ ਮਾਰੇ ਗਏ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਕਿ ਟੀ.ਟੀ.ਪੀ. ਦੇ ਹਾਫਿਜ਼ ਗੁਲ ਬਹਾਦੁਰ ਸਮੂਹ ਨਾਲ ਜੁੜੇ ਵਿਦਰੋਹੀਆਂ ਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਗਿਆ ਜਦੋਂ ਸੰਗਠਨ ਨੇ ਸਨਿਚਰਵਾਰ ਨੂੰ ਇਕ ਫੌਜੀ ਚੌਕੀ ’ਤੇ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ, ਜਿਸ ਦੇ ਨਤੀਜੇ ਵਜੋਂ ਦੋ ਅਧਿਕਾਰੀਆਂ ਸਮੇਤ ਸੱਤ ਜਵਾਨ ਮਾਰੇ ਗਏ।
ਉਨ੍ਹਾਂ ਕਿਹਾ ਕਿ ਅੱਜ ਸਵੇਰੇ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਅੰਦਰ ਸਰਹੱਦੀ ਖੇਤਰਾਂ ’ਚ ਖੁਫੀਆ ਆਧਾਰ ’ਤੇ ਅਤਿਵਾਦ ਵਿਰੋਧੀ ਮੁਹਿੰਮ ਚਲਾਈ। ਅੱਜ ਦੇ ਆਪਰੇਸ਼ਨ ਦਾ ਮੁੱਖ ਨਿਸ਼ਾਨਾ ਹਾਫਿਜ਼ ਗੁਲ ਬਹਾਦੁਰ ਸਮੂਹ ਨਾਲ ਸਬੰਧਤ ਅਤਿਵਾਦੀ ਸਨ, ਜੋ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਨਾਲ ਮਿਲ ਕੇ ਪਾਕਿਸਤਾਨ ਦੇ ਅੰਦਰ ਕਈ ਅਤਿਵਾਦੀ ਹਮਲਿਆਂ ਲਈ ਜ਼ਿੰਮੇਵਾਰ ਹੈ, ਜਿਸ ਦੇ ਨਤੀਜੇ ਵਜੋਂ ਸੈਂਕੜੇ ਨਾਗਰਿਕ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਮਾਰੇ ਗਏ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਿਛਲੇ ਦੋ ਸਾਲਾਂ ਤੋਂ ਪਾਕਿਸਤਾਨ ਨੇ ਅਫਗਾਨਿਸਤਾਨ ਦੇ ਅੰਦਰ ਟੀਟੀਪੀ ਸਮੇਤ ਅਤਿਵਾਦੀ ਸੰਗਠਨਾਂ ਦੀ ਮੌਜੂਦਗੀ ਨੂੰ ਲੈ ਕੇ ਅੰਤਰਿਮ ਅਫਗਾਨ ਸਰਕਾਰ ਨੂੰ ਵਾਰ-ਵਾਰ ਅਪਣੀਆਂ ਗੰਭੀਰ ਚਿੰਤਾਵਾਂ ਤੋਂ ਜਾਣੂ ਕਰਵਾਇਆ ਹੈ, ਜੋ ਪਾਕਿਸਤਾਨ ਦੀ ਸੁਰੱਖਿਆ ਲਈ ਗੰਭੀਰ ਖਤਰਾ ਹਨ ਕਿਉਂਕਿ ਉਹ ਲਗਾਤਾਰ ਪਾਕਿਸਤਾਨੀ ਖੇਤਰ ਦੇ ਅੰਦਰ ਅਤਿਵਾਦੀ ਹਮਲੇ ਕਰਨ ਲਈ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਕਰਦੇ ਹਨ।
ਇਸ ਵਿਚ ਕਿਹਾ ਗਿਆ ਹੈ ਕਿ ਟੀਟੀਪੀ ਵਰਗੇ ਅਤਿਵਾਦੀ ਸਮੂਹ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਲਈ ਸਮੂਹਿਕ ਖਤਰਾ ਹਨ ਅਤੇ ਪਾਕਿਸਤਾਨ ਟੀਟੀਪੀ ਦੇ ਖਤਰੇ ਨਾਲ ਨਜਿੱਠਣ ਵਿਚ ਅਫਗਾਨ ਅਧਿਕਾਰੀਆਂ ਨੂੰ ਦਰਪੇਸ਼ ਚੁਨੌਤੀ ਤੋਂ ਜਾਣੂ ਹੈ।
ਪਾਕਿਸਤਾਨ ਨੇ ਅਤਿਵਾਦ ਨਾਲ ਨਜਿੱਠਣ ਲਈ ਸਾਂਝੇ ਹੱਲ ਲੱਭਣ ਅਤੇ ਕਿਸੇ ਵੀ ਅਤਿਵਾਦੀ ਸੰਗਠਨ ਨੂੰ ਅਫਗਾਨਿਸਤਾਨ ਨਾਲ ਦੁਵਲੇ ਸਬੰਧਾਂ ਨੂੰ ਵਿਗਾੜਨ ਤੋਂ ਰੋਕਣ ਲਈ ਕੰਮ ਜਾਰੀ ਰੱਖਣ ਦੇ ਅਪਣੇ ਫੈਸਲੇ ਦਾ ਵੀ ਐਲਾਨ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਅਫਗਾਨਿਸਤਾਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨੂੰ ਸੱਭ ਤੋਂ ਵੱਧ ਮਹੱਤਵ ਦਿੰਦਾ ਹੈ ਅਤੇ ਅਤਿਵਾਦੀ ਖਤਰੇ ਦਾ ਮੁਕਾਬਲਾ ਕਰਨ ਲਈ ਹਮੇਸ਼ਾ ਗੱਲਬਾਤ ਅਤੇ ਸਹਿਯੋਗ ਨੂੰ ਤਰਜੀਹ ਦਿੰਦਾ ਹੈ।
ਉਨ੍ਹਾਂ ਕਿਹਾ, ‘‘ਅਸੀਂ ਅਫਗਾਨ ਅਧਿਕਾਰੀਆਂ ਨੂੰ ਵਾਰ-ਵਾਰ ਅਪੀਲ ਕੀਤੀ ਹੈ ਕਿ ਉਹ ਇਹ ਯਕੀਨੀ ਬਣਾਉਣ ਲਈ ਠੋਸ ਅਤੇ ਪ੍ਰਭਾਵਸ਼ਾਲੀ ਕਾਰਵਾਈ ਕਰਨ ਕਿ ਅਫਗਾਨਿਸਤਾਨ ਦੀ ਧਰਤੀ ਨੂੰ ਪਾਕਿਸਤਾਨ ਵਿਰੁਧ ਅਤਿਵਾਦ ਲਈ ਸਟੇਜਿੰਗ ਗਰਾਊਂਡ ਵਜੋਂ ਨਾ ਵਰਤਿਆ ਜਾਵੇ। ਅਸੀਂ ਉਨ੍ਹਾਂ ਨੂੰ ਟੀ.ਟੀ.ਪੀ. ਨੂੰ ਸੁਰੱਖਿਅਤ ਪਨਾਹਗਾਹਾਂ ਦੇਣ ਤੋਂ ਇਨਕਾਰ ਕਰਨ ਅਤੇ ਇਸ ਦੀ ਅਗਵਾਈ ਪਾਕਿਸਤਾਨ ਨੂੰ ਸੌਂਪਣ ਦੀ ਵੀ ਅਪੀਲ ਕੀਤੀ ਹੈ।’’
ਇਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਦੇ ਲੋਕਾਂ ਦਾ ਬਹੁਤ ਸਤਿਕਾਰ ਕਰਦਾ ਹੈ ਪਰ ਅਫਗਾਨਿਸਤਾਨ ਵਿਚ ਸੱਤਾਧਾਰੀ ਕੁੱਝ ਤੱਤ ਸਰਗਰਮੀ ਨਾਲ ਟੀ.ਟੀ.ਪੀ. ਦੀ ਸਰਪ੍ਰਸਤੀ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪਾਕਿਸਤਾਨ ਵਿਰੁਧ ਪ੍ਰੌਕਸੀ ਵਜੋਂ ਵਰਤ ਰਹੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੇ ਲੋਕਾਂ ਦੇ ਨਾਲ ਖੜ੍ਹੇ ਇਕ ਭਰਾਤਰੀ ਦੇਸ਼ ਦੇ ਵਿਰੁਧ ਅਜਿਹੀ ਪਹੁੰਚ ਅਦੂਰਦ੍ਰਿਸ਼ਟੀ ਨੂੰ ਦਰਸਾਉਂਦੀ ਹੈ ਅਤੇ ਪਿਛਲੇ ਕਈ ਦਹਾਕਿਆਂ ਤੋਂ ਅਫਗਾਨਿਸਤਾਨ ਦੇ ਲੋਕਾਂ ਨੂੰ ਪਾਕਿਸਤਾਨ ਵਲੋਂ ਦਿਤੇ ਗਏ ਸਮਰਥਨ ਨੂੰ ਨਜ਼ਰਅੰਦਾਜ਼ ਕਰਦੀ ਹੈ।
ਉਨ੍ਹਾਂ ਕਿਹਾ, ‘‘ਅਸੀਂ ਸੱਤਾ ਧਾਰੀ ਇਨ੍ਹਾਂ ਤੱਤਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੇਕਸੂਰ ਪਾਕਿਸਤਾਨੀਆਂ ਦਾ ਖੂਨ ਵਹਾਉਣ ਵਾਲੇ ਖਵਾਰਿਜ ਅਤਿਵਾਦੀਆਂ ਦਾ ਸਾਥ ਦੇਣ ਦੀ ਨੀਤੀ ’ਤੇ ਮੁੜ ਵਿਚਾਰ ਕਰਨ ਅਤੇ ਪਾਕਿਸਤਾਨ ਦੇ ਲੋਕਾਂ ਨਾਲ ਖੜ੍ਹੇ ਹੋਣ ਦੀ ਸਪੱਸ਼ਟ ਚੋਣ ਕਰਨ।’’
ਹਵਾਈ ਹਮਲਿਆਂ ਤੋਂ ਬਾਅਦ ਅਫਗਾਨ ਪੱਖ ਵਲੋਂ ਮੋਰਟਾਰ ਦਾਗੇ ਜਾਣ ਤੋਂ ਬਾਅਦ ਦੋਹਾਂ ਧਿਰਾਂ ਦੇ ਫ਼ੌਜੀਆਂ ਵਿਚਾਲੇ ਸਰਹੱਦ ’ਤੇ ਗੋਲੀਬਾਰੀ ਦੀਆਂ ਖ਼ਬਰਾਂ ਵੀ ਆਈਆਂ ਸਨ, ਜਿਸ ਵਿਚ ਚਾਰ ਨਾਗਰਿਕ ਜ਼ਖਮੀ ਹੋ ਗਏ ਸਨ।
ਪਕਤਿਕਾ ਦੇ ਬਰਮਲ ਜ਼ਿਲ੍ਹੇ ਅਤੇ ਖੋਸਟ ਦੇ ਸਪੇਰਾ ਜ਼ਿਲ੍ਹੇ ’ਤੇ ਪਾਕਿਸਤਾਨੀ ਹਵਾਈ ਹਮਲਿਆਂ ਦੇ ਜਵਾਬ ’ਚ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਪਾਕਿਸਤਾਨ ਦੇ ਦੂਤਘਰ ਦੇ ਚਾਰਜ ਡੀ ਅਫੇਅਰਜ਼ ਓਬੈਦ ਰਹਿਮਾਨ ਨਿਜ਼ਾਮਾਨੀ ਨੂੰ ਤਲਬ ਕੀਤਾ ਅਤੇ ਉਨ੍ਹਾਂ ਨੂੰ ਇਕ ਵਿਰੋਧ ਚਿੱਠੀ ਸੌਂਪਿਆ।
ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਹਵਾਈ ਹਮਲਿਆਂ ਦੀ ਨਿੰਦਾ ਕਰਨ ਤੋਂ ਇਲਾਵਾ ਵਿਦੇਸ਼ ਮੰਤਰਾਲਾ ਪਾਕਿਸਤਾਨ ਨੂੰ ਸੂਚਿਤ ਕਰਦਾ ਹੈ ਕਿ ਇਸਲਾਮਿਕ ਅਮੀਰਾਤ ਆਫ ਅਫਗਾਨਿਸਤਾਨ ਨੇ ਦੁਨੀਆਂ ਦੀਆਂ ਮਹਾਂਸ਼ਕਤੀਆਂ ਵਿਰੁਧ ਆਜ਼ਾਦੀ ਲਈ ਲੰਮੇ ਸੰਘਰਸ਼ ਦਾ ਅਨੁਭਵ ਕੀਤਾ ਹੈ ਅਤੇ ਉਹ ਉਸ ਦੀ ਜ਼ਮੀਨ ’ਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ।
‘ਡਾਅਨ’ ਅਖਬਾਰ ਨੇ ਕਾਬੁਲ ਤੋਂ ਖਬਰ ਦਿਤੀ ਕਿ ਇਸ ਤੋਂ ਪਹਿਲਾਂ ਅਫਗਾਨ ਸ਼ਾਸਕਾਂ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਇਕ ਬਿਆਨ ਵਿਚ ਕਿਹਾ ਕਿ ਪਾਕਿਸਤਾਨੀ ਜਹਾਜ਼ਾਂ ਨੇ ਹਵਾਈ ਹਮਲੇ ਕੀਤੇ ਹਨ। ਮੁਜਾਹਿਦ ਨੇ ਕਿਹਾ ਕਿ ਤੜਕੇ ਕਰੀਬ 3 ਵਜੇ ਪਾਕਿਸਤਾਨੀ ਜਹਾਜ਼ਾਂ ਨੇ ਪਾਕਿਸਤਾਨ ਨਾਲ ਲਗਦੀ ਸਰਹੱਦ ਨੇੜੇ ਖੋਸਟ ਅਤੇ ਪਕਤਿਕਾ ਸੂਬਿਆਂ ’ਚ ਨਾਗਰਿਕਾਂ ਦੇ ਘਰਾਂ ’ਤੇ ਬੰਬਾਰੀ ਕੀਤੀ। ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨੀ ਜਹਾਜ਼ਾਂ ਨੇ ਪਕਤਿਕਾ ਦੇ ਬਰਮਲ ਜ਼ਿਲ੍ਹੇ ਦੇ ਲਾਮਨ ਇਲਾਕੇ ’ਤੇ ਬੰਬਾਰੀ ਕੀਤੀ ਸੀ।
ਆਮ ਲੋਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਪਕਤਿਕਾ ’ਚ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਦੀ ਮੌਤ ਹੋ ਗਈ ਅਤੇ ਇਕ ਮਕਾਨ ਢਹਿ ਗਿਆ ਜਦਕਿ ਖੋਸਟ ’ਚ ਦੋ ਔਰਤਾਂ ਦੀ ਮੌਤ ਹੋ ਗਈ, ਜਿੱਥੇ ਇਕ ਘਰ ਵੀ ਤਬਾਹ ਹੋ ਗਿਆ।
ਮੁਜਾਹਿਦ ਨੇ ਕਿਹਾ ਕਿ ਇਸਲਾਮਿਕ ਅਮੀਰਾਤ ਇਨ੍ਹਾਂ ਹਮਲਿਆਂ ਦੀ ਸਖ਼ਤ ਨਿੰਦਾ ਕਰਦਾ ਹੈ ਅਤੇ ਇਨ੍ਹਾਂ ਨੂੰ ਗੈਰ-ਗੰਭੀਰ ਕਾਰਵਾਈਆਂ ਅਤੇ ਅਫਗਾਨਿਸਤਾਨੀ ਖੇਤਰ ਦੀ ਉਲੰਘਣਾ ਦੱਸਦਾ ਹੈ।
ਬੁਲਾਰੇ ਨੇ ਪਾਕਿਸਤਾਨ ਨੂੰ ਕਿਹਾ ਕਿ ਉਹ ਅਪਣੀਆਂ ਸਮੱਸਿਆਵਾਂ ਅਤੇ ਹਿੰਸਕ ਘਟਨਾਵਾਂ ਨੂੰ ਕੰਟਰੋਲ ਕਰਨ ’ਚ ਅਸਫਲ ਰਹਿਣ ਲਈ ਅਫਗਾਨਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਬੰਦ ਕਰੇ। ਉਨ੍ਹਾਂ ਚਿਤਾਵਨੀ ਦਿਤੀ ਕਿ ਅਜਿਹੀਆਂ ਕਾਰਵਾਈਆਂ ਦੇ ਗੰਭੀਰ ਨਤੀਜੇ ਨਿਕਲ ਸਕਦੇ ਹਨ, ਜਿਨ੍ਹਾਂ ਦਾ ਪਾਕਿਸਤਾਨ ’ਤੇ ਕੰਟਰੋਲ ਨਹੀਂ ਹੋਵੇਗਾ। ਇਹ ਹਮਲੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵਲੋਂ ਉੱਤਰੀ ਵਜ਼ੀਰਿਸਤਾਨ ’ਚ ਸੁਰੱਖਿਆ ਬਲਾਂ ਦੀ ਚੌਕੀ ’ਤੇ ਅਤਿਵਾਦੀ ਹਮਲੇ ’ਚ ਦੋ ਅਧਿਕਾਰੀਆਂ ਸਮੇਤ ਸੱਤ ਫੌਜੀਆਂ ਦੇ ਮਾਰੇ ਜਾਣ ਤੋਂ ਬਾਅਦ ਜਵਾਬੀ ਕਾਰਵਾਈ ਕਰਨ ਦਾ ਸੰਕਲਪ ਲੈਣ ਦੇ ਇਕ ਦਿਨ ਬਾਅਦ ਹੋਏ ਹਨ।
ਦੋਹਾਂ ਅਧਿਕਾਰੀਆਂ ਦੇ ਅੰਤਿਮ ਸੰਸਕਾਰ ਦੀ ਨਮਾਜ਼ ਅਦਾ ਕਰਦੇ ਹੋਏ ਜ਼ਰਦਾਰੀ ਨੇ ਐਤਵਾਰ ਨੂੰ ਕਿਹਾ ਕਿ ਸ਼ਹੀਦਾਂ ਦਾ ਖੂਨ ਵਿਅਰਥ ਨਹੀਂ ਜਾਵੇਗਾ ਅਤੇ ਦੇਸ਼ ਮੌਤਾਂ ਦਾ ਬਦਲਾ ਲਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਸਰਹੱਦ ’ਤੇ ਜਾਂ ਉਸ ਦੀ ਜ਼ਮੀਨ ਦੇ ਅੰਦਰ ਕਿਸੇ ਵਲੋਂ ਹਮਲਾ ਕੀਤਾ ਜਾਂਦਾ ਹੈ ਤਾਂ ਪਾਕਿਸਤਾਨ ਜਵਾਬੀ ਕਾਰਵਾਈ ਕਰਨ ਤੋਂ ਨਹੀਂ ਝਿਜਕੇਗਾ।
ਹਾਫਿਜ਼ ਗੁਲ ਬਹਾਦਰ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਸੁਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਲ ਬਹਾਦੁਰ ਸਮੂਹ ਦੇ ਲੜਾਕੇ ਸਰਹੱਦ ਦੇ ਅਫਗਾਨਿਸਤਾਨ ਵਾਲੇ ਪਾਸੇ ਤੋਂ ਕੰਮ ਕਰਦੇ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਖੋਸਟ ਤੋਂ ਹਨ।
ਪਕਤਿਕਾ ਸੂਬਾ ਪਾਕਿਸਤਾਨ ਦੇ ਦਖਣੀ ਵਜ਼ੀਰਿਸਤਾਨ ਜ਼ਿਲ੍ਹੇ ਦੇ ਨੇੜੇ ਸਥਿਤ ਹੈ ਜਦਕਿ ਖੋਸਤ ਉੱਤਰੀ ਵਜ਼ੀਰਿਸਤਾਨ ਦੇ ਨੇੜੇ ਸਥਿਤ ਹੈ।
ਅਫਗਾਨਿਸਤਾਨ ਵਿਚ ਪਾਕਿਸਤਾਨ ਦੇ ਵਿਸ਼ੇਸ਼ ਪ੍ਰਤੀਨਿਧੀ ਰਾਜਦੂਤ ਆਸਿਫ ਦੁਰਾਨੀ ਨੇ ਸਨਿਚਰਵਾਰ ਨੂੰ ਕਿਹਾ ਕਿ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਦੇ ਲਗਭਗ 5,000 ਤੋਂ 6,000 ਅਤਿਵਾਦੀਆਂ ਨੇ ਗੁਆਂਢੀ ਦੇਸ਼ ਅਫਗਾਨਿਸਤਾਨ ਵਿਚ ਪਨਾਹ ਲਈ ਹੋਈ ਹੈ।
ਟੀਟੀਪੀ, ਜਿਸ ਦੇ ਅਫਗਾਨ ਤਾਲਿਬਾਨ ਨਾਲ ਵਿਚਾਰਧਾਰਕ ਸਬੰਧ ਹਨ ਅਤੇ ਜਿਸ ਨੂੰ ਪਾਕਿਸਤਾਨ ਤਾਲਿਬਾਨ ਵੀ ਕਿਹਾ ਜਾਂਦਾ ਹੈ, ਦੀ ਸਥਾਪਨਾ 2007 ’ਚ ਕਈ ਅਤਿਵਾਦੀ ਸੰਗਠਨਾਂ ਦੇ ਸਮੂਹ ਵਜੋਂ ਕੀਤੀ ਗਈ ਸੀ।
ਟੀਟੀਪੀ ਦਾ ਮੁੱਖ ਉਦੇਸ਼ ਪੂਰੇ ਪਾਕਿਸਤਾਨ ’ਚ ਇਸਲਾਮ ਦੇ ਅਪਣੇ ਸਖਤ ਬ੍ਰਾਂਡ ਨੂੰ ਲਾਗੂ ਕਰਨਾ ਹੈ। ਪਾਕਿਸਤਾਨ ਨੂੰ ਉਮੀਦ ਸੀ ਕਿ 2022 ’ਚ ਕਾਬੁਲ ’ਚ ਸੱਤਾ ’ਚ ਆਉਣ ਤੋਂ ਬਾਅਦ ਅਫਗਾਨ ਤਾਲਿਬਾਨ ਟੀਟੀਪੀ ਦੇ ਅਤਿਵਾਦੀਆਂ ਨੂੰ ਬਾਹਰ ਕੱਢ ਕੇ ਪਾਕਿਸਤਾਨ ਵਿਰੁਧ ਅਪਣੀ ਧਰਤੀ ਦੀ ਵਰਤੋਂ ਬੰਦ ਕਰ ਦੇਵੇਗਾ। ਹਾਲਾਂਕਿ ਇਸਲਾਮਾਬਾਦ ਦਾ ਕਹਿਣਾ ਹੈ ਕਿ ਕਾਬੁਲ ਨੇ ਟੀਟੀਪੀ ’ਤੇ ਲਗਾਮ ਲਗਾਉਣ ਤੋਂ ਇਨਕਾਰ ਕਰ ਦਿਤਾ ਹੈ।