ਇਜ਼ਰਾਇਲ ਅਤੇ ਇਰਾਨ ਵਿਚਕਾਰ ਗਹਿਗੱਚ ਲੜਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਜ਼ਰਾਇਲ ਨੇ ਇਰਾਨ ਸਥਿਤ ਸਾਊਥ ਪਾਰਸ ਗੈਸ ਫੀਲਡ ’ਤੇ ਹਮਲਾ ਕੀਤਾ

Intense conflict between Israel and Iran

ਦੁਬਈ: ਮੱਧ-ਪੂਰਬ ਵਿੱਚ ਜੰਗ ਦੇ ਤਾਜ਼ਾ ਪੜਾਅ ਵਿੱਚ ਇਰਾਨ ਨੇ ਸਾਊਦੀ ਅਰਬ, ਕਤਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਤੇਲ ਅਤੇ ਗੈਸ ਸੋਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਖੁੱਲ੍ਹੀ ਧਮਕੀ ਦਿੱਤੀ ਹੈ। ਇਰਾਨੀ ਰਾਜ ਟੈਲੀਵਿਜ਼ਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਇਜ਼ਰਾਇਲ ਵਲੋਂ ਉਸ ਦੇ ਸਾਊਥ ਪਾਰਸ ਗੈਸ ਫੀਲਡ 'ਤੇ ਹੋਏ ਹਮਲੇ ਦੇ ਜਵਾਬ ਵਿੱਚ ਉਹ ਖਾੜੀ ਦੇਸ਼ਾਂ ਦੇ ਰਿਫਾਈਨਰੀਆਂ ਅਤੇ ਪੈਟਰੋਕੈਮਿਕਲ ਪਲਾਂਟਾਂ 'ਤੇ ਵੱਡੇ ਹਮਲੇ ਕਰ ਸਕਦਾ ਹੈ।

ਇਰਾਨ ਨੇ ਖ਼ਾਸ ਤੌਰ 'ਤੇ ਸਾਊਦੀ ਅਰਬ ਦੇ ਸਮਰੈਫ ਰਿਫਾਈਨਰੀ ਅਤੇ ਜੁਬੈਲ ਪੈਟਰੋਕੈਮਿਕਲ ਕੰਪਲੈਕਸ, ਯੂ.ਏ.ਈ. ਦੇ ਅਲ ਹਸਨ ਗੈਸ ਫੀਲਡ ਅਤੇ ਕਤਰ ਦੇ ਰਿਫਾਈਨਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕੀਤੀ। ਇਸ ਤੋਂ ਪਹਿਲਾਂ ਇਰਾਨ ਨੇ ਦਾਅਵਾ ਕੀਤਾ ਸੀ ਕਿ ਉਸਦੇ ਸਾਊਥ ਪਾਰਸ ਗੈਸ ਫੀਲਡ ਦੇ ਕਈ ਪੜਾਅ 'ਤੇ ਹਮਲਾ ਹੋਇਆ ਹੈ ਜਿਸ ਕਾਰਨ ਅੱਗ ਲੱਗ ਗਈ।

ਇਸ ਹਮਲੇ ਦਾ ਦੋਸ਼ ਇਰਾਨ ਨੇ ਇਜ਼ਰਾਇਲ ਅਤੇ ਅਮਰੀਕਾ 'ਤੇ ਲਾਇਆ ਹੈ। ਇਰਾਨੀ ਟੀ.ਵੀ. ਨੇ ਕਿਹਾ ਕਿ ਅੱਗ ਨੂੰ ਰੋਕਣ ਲਈ ਫੀਲਡ ਦੇ ਕੁਝ ਹਿੱਸੇ ਬੰਦ ਕਰਨੇ ਪਏ। ਇਰਾਨ ਨੇ ਨਾਲ ਹੀ ਸਟ੍ਰੇਟ ਆਫ਼ ਹੋਰਮੁਜ਼ 'ਤੇ ਆਪਣੀ ਪਕੜ ਮਜ਼ਬੂਤ ਕੀਤੀ ਹੋਈ ਹੈ, ਜਿਸ ਰਾਹੀਂ ਦੁਨੀਆ ਦੇ ਲਗਭਗ 20% ਤੇਲ ਦੀ ਆਵਾਜਾਈ ਹੁੰਦੀ ਹੈ। ਇਸ ਕਾਰਨ ਵਿਸ਼ਵ ਪੱਧਰ 'ਤੇ ਊਰਜਾ ਸੰਕਟ ਦੀ ਚਿੰਤਾ ਵਧ ਰਹੀ ਹੈ। ਬੁਧਵਾਰ ਨੂੰ ਵੀ ਕੱਚੇ ਤੇਲ ਦੀ ਕੀਮਤ 100 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਰਹੀ।

ਅੰਤਰਰਾਸ਼ਟਰੀ ਐਟਮੀ ਊਰਜਾ ਏਜੰਸੀ (IAEA) ਦੇ ਮੁਖੀ ਰਾਫੇਲ ਗਰੋਸੀ ਨੇ ਅਪੀਲ ਕੀਤੀ ਕਿ, ‘‘ਜੰਗ ਦੌਰਾਨ ਵੱਧ ਤੋਂ ਵੱਧ ਸੰਜਮ ਵਰਤਿਆ ਜਾਵੇ ਤਾਂ ਜੋ ਕਿਸੇ ਪਰਮਾਣੂ ਹਾਦਸੇ ਦਾ ਖ਼ਤਰਾ ਨਾ ਬਣੇ।’’ ਇਸ ਸੰਘਰਸ਼ ਵਿੱਚ ਹੁਣ ਤੱਕ 1,300 ਤੋਂ ਵੱਧ ਲੋਕ ਇਰਾਨ ਵਿੱਚ ਮਾਰੇ ਗਏ, ਜਦਕਿ ਇਜ਼ਰਾਇਲ ਵਿੱਚ 14 ਲੋਕਾਂ ਦੀ ਮੌਤ ਹੋਈ ਹੈ। ਲੈਬਨਾਨ ਵਿੱਚ ਵੀ ਇਜ਼ਰਾਇਲੀ ਹਮਲਿਆਂ ਕਾਰਨ 10 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਖੇਤਰ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਰਿਆਦ ਵਿੱਚ ਹੋਣੀ ਹੈ, ਜਿੱਥੇ ਇਸ ਸੰਘਰਸ਼ ਅਤੇ ਊਰਜਾ ਸੰਕਟ 'ਤੇ ਵਿਚਾਰ ਕੀਤਾ ਜਾਵੇਗਾ।