ਦੁਨੀਆ ਤੋਂ ਰੁਖ਼ਸਤ ਹੋਈ ਸਾਬਕਾ ਫਰਸਟ ਲੇਡੀ ਬਾਰਬਰਾ ਬੁਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਜਾਰਜ ਐੱਚ ਡਬਲਿਊ ਬੁਸ਼ ਦੀ ਘਰਵਾਲੀ ਬਾਰਬਰਾ ਬੁਸ਼ ਨਹੀਂ ਰਹੀ

Barbara Bush

ਹਿਊਸਟਨ: ਅਮਰੀਕਾ ਦੀ ਸਾਬਕਾ ਫਰਸਟ ਲੇਡੀ ਅਤੇ ਜਾਰਜ ਐੱਚ ਡਬਲਿਊ ਬੁਸ਼ ਦੀ ਘਰਵਾਲੀ ਬਾਰਬਰਾ ਬੁਸ਼ ਨਹੀਂ ਰਹੀ। ਉਹ 92 ਸਾਲ ਦੀ ਉਮਰ ਭੋਗ ਕੇ ਦੁਨੀਆ ਤੋਂ ਰੁਖ਼ਸਤ ਹੋ ਗਈ। ਇਹ ਜਾਣਕਾਰੀ ਮੰਗਲਵਾਰ ਨੂੰ ਪਰਿਵਾਰ ਦੇ ਬੁਲਾਰੇ ਵੱਲੋਂ ਦਿੱਤੀ ਗਈ।

ਬਾਰਬਰਾ ਬੁਸ਼ ਉਨ੍ਹਾਂ ਦੋ ਫਰਸਟ ਲੇਡੀਜ਼ ਵਿੱਚੋਂ ਇੱਕ ਸੀ ਜਿਹੜੀਆਂ ਰਾਸ਼ਟਰਪਤੀਆਂ ਦੀ ਮਾਂ ਵੀ ਸਨ। ਦੂਜੀ ਫਰਸਟ ਲੇਡੀ ਸੀ ਐਬੀਗੇਲ ਐਡਮਜ਼, ਜੋ ਕਿ ਜੌਹਨ ਐਡਮਜ਼ ਦੀ ਪਤਨੀ ਤੇ ਜੌਹਨ ਕੁਇੰਸੀ ਐਡਮਜ਼ ਦੀ ਮਾਂ ਸੀ। ਮਿੱਠਬੋਲੜੇ ਢੰਗ ਨਾਲ ਗੱਲ ਕਰਨ ਦਾ ਲਹਿਜਾ ਤੇ ਨਿਮਰਤਾ ਕਾਰਨ ਹੀ ਬਾਰਬਰਾ ਆਪਣੇ ਸਮੇਂ ਵਿੱਚ ਆਪਣੇ ਪਤੀ ਨਾਲੋਂ ਵੀ ਵੱਧ ਹਰਮਨ ਪਿਆਰੀ ਸੀ। ਉਨ੍ਹਾਂ ਕਦੇ ਆਪਣੇ ਵਾਲਾਂ ਦੀ ਸਫ਼ੈਦੀ ਤੇ ਝੁਰੜੀਆਂ ਨੂੰ ਨਹੀਂ ਲੁਕੋਇਆ ਸੀ, ਸਗੋਂ  ਉਹਨਾਂ ਦੀ ਇਸ ਖ਼ਾਸੀਅਤ ਨੂੰ ਹੀ ਲੋਕਾਂ ਨੇ ਫੈਸ਼ਨ ਮੰਨ ਲਿਆ। ਚਿੱਟੇ ਮੋਤੀਆਂ ਦੇ ਗਲ ਵਿੱਚ ਪਾਏ ਜਾਣ ਵਾਲੇ ਚੋਕਰ ਉਨ੍ਹਾਂ ਦਾ ਟਰੇਡਮਾਰਕ ਸਨ।

ਉਨ੍ਹਾਂ ਜਾਰਜ ਐੱਚ ਡਬਲਿਊ ਬੁਸ਼ ਨਾਲ 1945 ਵਿੱਚ ਵਿਆਹ ਕਰਵਾਇਆ। ਉਨ੍ਹਾਂ ਦੇ ਛੇ ਬੱਚੇ ਸਨ ਤੇ ਉਨ੍ਹਾਂ ਦਾ ਵਿਆਹੁਤਾ ਜੀਵਨ ਅਮਰੀਕੀ ਇਤਿਹਾਸ ਵਿੱਚ ਕਿਸੇ ਵੀ ਰਾਸ਼ਟਰਪਤੀ ਜੋੜੇ ਨਾਲੋਂ ਵੱਧ ਸਮਾਂ ਚੱਲਿਆ।